‘ਮਨ ਕੀ ਬਾਤ’ ਦੀ 100ਵੀਂ ਕੜੀ ਦਾ ਸੰਯੁਕਤ ਰਾਸ਼ਟਰ ਹੈੱਡਕੁਆਰਟਰ ’ਚ ਹੋਵੇਗਾ ਸਿੱਧਾ ਪ੍ਰਸਾਰਨ

‘ਮਨ ਕੀ ਬਾਤ’ ਦੀ 100ਵੀਂ ਕੜੀ ਦਾ ਸੰਯੁਕਤ ਰਾਸ਼ਟਰ ਹੈੱਡਕੁਆਰਟਰ ’ਚ ਹੋਵੇਗਾ ਸਿੱਧਾ ਪ੍ਰਸਾਰਨ

ਨਿਊਯਾਰਕ, 30 ਅਪਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੀ 100ਵੀਂ ਕੜੀ ਦਾ ਇੱਥੇ ਸੰਯੁਕਤ ਰਾਸ਼ਟਰ ਹੈੱਡਕੁਆਰਟਰ ’ਚ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਮਿਸ਼ਨ ਨੇ ਟਵੀਟ ਕੀਤਾ, ‘‘ਇਤਿਹਾਸਕ ਪਲਾਂ ਲਈ ਤਿਆਰ ਹੋ ਜਾਓ। ਪ੍ਰਧਾਨ ਮੰਤਰੀ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦੀ 100ਵੀਂ ਕੜੀ ਦਾ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਦੇ ਟਰੱਸਟੀਸ਼ਿਪ ਕਾਊਂਸਲ ਚੈਂਬਰ ’ਚ 30 ਅਪਰੈਲ ਨੂੰ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ।’’
‘ਮਨ ਕੀ ਬਾਤ’ ਪ੍ਰੋਗਰਾਮ 3 ਅਕਤੂਬਰ 2014 ਨੂੰ ਸ਼ੁਰੂ ਹੋਇਆ ਸੀ ਅਤੇ ਇਹ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਪ੍ਰਸਾਰਿਤ ਹੁੰਦਾ ਹੈ। ਕੁੱਲ 30 ਮਿੰਟ ਦੇ ਇਸ ਪ੍ਰੋਗਰਾਮ ਦੀ 100ਵੀਂ ਕੜੀ 30 ਅਪਰੈਲ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 11 ਵਜੇ ਅਤੇ ਨਿਊਯਾਰਕ ਵਿੱਚ ਸ਼ਨਿਚਰਵਾਰ ਦੇਰ ਰਾਤ 1.30 ਵਜੇ ਪ੍ਰਸਾਰਿਤ ਹੋਵੇਗੀ। ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿੱਚ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਨ ਇਤਿਹਾਸਕ ਤੇ ਬੇਮਿਸਾਲ ਹੋਵੇਗਾ। 
‘ਮਨ ਕੀ ਬਾਤ’ ਸਬੰਧੀ ਸੰਮੇਲਨ ’ਚ ਮਹਿਲਾ ਨੂੰ ਹੋਈ ਜਣੇਪੇ ਦੀ ਪੀੜ
ਇੱਥੇ ‘ਮਨ ਕੀ ਬਾਤ’ ਪ੍ਰੋਗਰਾਮ ਦੀ 100ਵੀਂ ਕੜੀ ਸਬੰਧੀ ਕੌਮੀ ਸੰਮੇਲਨ ਵਿੱਚ ਜਣੇਪਾ ਪੀੜ ਹੋਣ ਤੋਂ ਬਾਅਦ ਹਸਪਤਾਲ ਲਿਜਾਣ ’ਤੇ ਇਕ ਔਰਤ ਨੇ ਬੱਚੇ ਨੂੰ ਜਨਮ ਦਿੱਤਾ। ਇਹ ਮਹਿਲਾ ਸਵੈ ਸੇਵੀ ਸਮੂਹ ਦੀ ਮੈਂਬਰ ਸੀ ਜਿਸ ਦੀ ਪਛਾਣ ਪੂਨਮ (24) ਵਜੋਂ ਹੋਈ ਹੈ। ਉਹ ਬੁੱਧਵਾਰ ਨੂੰ ਵਿਗਿਆਨ ਭਵਨ ਵਿੱਚ ਹੋਏ ਸੰਮੇਲਨ ’ਚ ਵਿਸ਼ੇਸ਼ ਮਹਿਮਾਨ ਵਜੋਂ ਸੱਦੇ ਲੋਕਾਂ ’ਚ ਸ਼ਾਮਲ ਸੀ। -ਪੀਟੀਆਈ