ਗੁਰੂ ਤੇਗ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਧਾਰਮਿਕ ਸਮਾਗਮ

ਗੁਰੂ ਤੇਗ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਧਾਰਮਿਕ ਸਮਾਗਮ

ਫ਼ਤਹਿਗੜ੍ਹ ਸਾਹਿਬ,(ਪੰਜਾਬੀ ਰਾਈਟਰ)- ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਰਾਗੀ ਭਾਈ ਦਿਲਾਵਰ ਸਿੰਘ ਦੇ ਰਾਗੀ ਜਥੇ ਵੱਲੋਂ ਰਸਭਿੰਨਾ ਕੀਰਤਨ ਕੀਤਾ ਗਿਆ। ਸਮਾਪਤੀ ਦੀ ਅਰਦਾਸ ਗੁਰਦੁਆਰਾ ਗ੍ਰੰਥੀ ਭਾਈ ਨਿਰਮਲ ਸਿੰਘ ਨੇ ਕੀਤੀ, ਉਪਰੰਤ ਗੁਰਦੁਆਰਾ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਅਤੇ ਗੁਰੂ ਸਾਹਿਬ ਦੇ ਜੀਵਨ ਬਾਰੇ ਚਾਨਣਾ ਪਾਉਂਦਿਆ ਕਿਹਾ ਕਿ ਉਨ੍ਹਾਂ ਮਨੁੱਖਤਾ ਦੀ ਰਖਿਆ ਲਈ ਹੱਕ-ਸੱਚ ’ਤੇ ਪਹਿਰਾ ਦਿੰਦੇ ਹੋਏ ਅਧਰਮ ਅਤੇ ਅਨਿਆਂ ਦੇ ਖਾਤਮੇ ਲਈ ਆਪਾ ਵਾਰ ਦਿੱਤਾ। ਮਾਨਵੀ ਹੱਕਾਂ ਅਤੇ ਵਿਸ਼ਵਾਸ ਦੀ ਸੁਤੰਤਰਤਾ ਲਈ ਗੁਰੂ ਜੀ ਦੀ ਸ਼ਹਾਦਤ ਸਮੁੱਚੇ ਸੰਸਾਰ ਲਈ ਰਾਹ ਦਸੇਰਾ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਜਗਦੀਪ ਸਿੰਘ ਚੀਮਾ, ਸਾਬਕਾ ਜੂਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਿਆ ਅਤੇ ਮੈਨੇਜਰ ਗੁਰਦੀਪ ਸਿੰਘ ਕੰਗ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਕਿਹਾ ਕਿ ਜ਼ੁਲਮ ਦੀ ਹਨੇਰੀ ਨੂੰ ਠੱਲ੍ਹ ਪਾਉਣ ਲਈ ਅਤੇ ਮਜ਼ਲੂਮਾਂ ਦੀ ਰੱਖਿਆ ਲਈ ਗੁਰੂ ਜੀ ਦੀ ਕੁਰਬਾਨੀ ਵਿਸ਼ੇਸ਼ ਅਰਥ ਰੱਖਦੀ ਹੈ। ਉਨ੍ਹਾਂ ਦੀ ਗੌਰਵਮਈ ਸ਼ਹਾਦਤ ਕੇਵਲ ਸਿੱਖ ਕੌਮ ਨੂੰ ਹੀ ਨਹੀਂ, ਬਲਕਿ ਸਮੁੱਚੀ ਲੋਕਾਈ ਨੂੰ ਹਮੇਸ਼ਾ ਹੱਕ-ਸੱਚ ਅਤੇ ਧਰਮ ਲਈ ਜੂਝਣ ਵਾਸਤੇ ਬਲ ਬਖ਼ਸ਼ਦੀ ਰਹੇਗੀ। ਸਮਾਗਮ ਵਿੱਚ ਐਡੀਸ਼ਨਲ ਮੈਨੇਜਰ ਬਲਵਿੰਦਰ ਸਿੰਘ ਭਮਾਰਸੀ, ਸੁਪਰਵਾਈਜ਼ਰ ਜੋਗਾ ਸਿੰਘ, ਜਗਮੀਤ ਸਿੰਘ ਜੱਗਾ, ਰਿਕਾਰਡ ਕੀਪਰ ਹਰਮਨਜੀਤ ਸਿੰਘ, ਗੁਰਇਕਬਾਲ ਸਿੰਘ ਮਾਨ, ਗਗਨਦੀਪ ਸਿੰਘ, ਹਰਜੀਤ ਸਿੰਘ, ਅਕਾਸ਼ਦੀਪ ਸਿੰਘ, ਅਕਾਉਂਟੈਟ ਬਲਜੀਤ ਸਿੰਘ, ਨਰਵੀਰ ਸਿੰਘ, ਰਾਜਿੰਦਰ ਸਿੰਘ, ਡਾ.ਪ੍ਰਿਤਪਾਲ ਸਿੰਘ, ਬਿਕਰਮਜੀਤ ਸਿੰਘ ਬਾਜਵਾ, ਸਰੂਪ ਸਿੰਘ ਅਤੇ ਭਾਈ ਗੁਰਜੰਟ ਸਿੰਘ ਆਦਿ ਸ਼ਾਮਲ ਸਨ।

ਖਰੜ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਮਨਾਇਆ
ਖਰੜ : ਇਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਖਰੜ ਵਿੱਚ ਸਮੂਹ ਸੰਗਤਾਂ ਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ, ਜਿਸ ਵਿੱਚ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਗੁਰੂ ਘਰ ਦੇ ਕੀਰਤਨੀ ਭਾਈ ਗੁਰਸੇਵਕ ਸਿੰਘ ਜੀ ਦੇ ਜਥੇ ਵੱਲੋਂ ਕੀਰਤਨ ਕੀਤਾ ਗਿਆ। ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਗੁਰਵਿੰਦਰ ਸਿੰਘ ਜੀ ਵੱਲੋਂ ਗੁਰਮਤਿ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਅੱਖਾਂ ਦਾ ਫਰੀ ਕੈਂਪ, ਮੈਡੀਕਲ ਕੈਂਪ, ਆਯੂਰਵੈਦਿਕ ਕੈਂਪ ਲਗਾਏ ਗਏ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਹੀ ਜਥਿਆਂ ਦਾ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸੰਗਤਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ।