ਸਿੱਖ ਜਥੇਬੰਦੀਆਂ ਵੱਲੋਂ ਹਿਮਾਚਲ ਦੀ ਹੱਦ ਵੱਲ ਮਾਰਚ

ਸਿੱਖ ਜਥੇਬੰਦੀਆਂ ਵੱਲੋਂ ਹਿਮਾਚਲ ਦੀ ਹੱਦ ਵੱਲ ਮਾਰਚ

ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਹੱਦ ਤੋਂ ਪੰਜ ਕਿਲੋਮੀਟਰ ਪਹਿਲਾਂ ਰੋਕਿਆ; ਆਗੂਆਂ ਵੱਲੋਂ ਰਾਸ਼ਟਰਪਤੀ ਦੇ ਨਾਂ ਸੌਂਪਿਆ ਮੰਗ ਪੱਤਰ

ਹੁਸ਼ਿਆਰਪੁਰ,(ਪੰਜਾਬੀ ਰਾਈਟਰ)- ਹਿਮਾਚਲ ਪ੍ਰਦੇਸ਼ ਵਿੱਚ ਸਿੱਖ ਨੌਜਵਾਨਾਂ ਦੇ ਵਾਹਨਾਂ ਤੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਤੇ ਖ਼ਾਲਸਾਈ ਝੰਡੇ ਉਤਾਰਨ ਅਤੇ ਪੁਲੀਸ ਵੱਲੋਂ ਇਨ੍ਹਾਂ ਵਾਹਨਾਂ ਦੇ ਚਲਾਨ ਕੱਟੇ ਜਾਣ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ (ਅ) ਤੇ ਹੋਰ ਸਿੱਖ ਜਥੇਬੰਦੀਆਂ ਨੇ ਅੱਜ ਇੱਥੇ ਸ੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ ਤੋਂ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਹੇਠ ਰੋਸ ਮਾਰਚ ਕੀਤਾ। ਮਾਰਚ ਵਿੱਚ ਆਵਾਜ਼-ਏ-ਕੌਮ, ਸਿੱਖ ਨੌਜਵਾਨ ਫਰੰਟ, ਸ੍ਰੀ ਗੁਰੂ ਰਵਿਦਾਸ ਫੋਰਸ ਪੰਜਾਬ, ਯੰਗ ਖਾਲਸਾ ਗਰੁੱਪ, ਨਿਹੰਗ ਸਿੰਘ ਦਲ ਪੰਥ, ਮਿਸਲ ਪੰਜ ਆਬ, ਦਸ਼ਮੇਸ਼ ਯੂਥ ਸੇਵਾਵਾਂ ਕਲੱਬ ਆਦਿ ਸਿੱਖ ਜਥੇਬੰਦੀਆਂ ਦੇ ਕਾਰਕੁਨ ਸ਼ਾਮਲ ਸਨ। ਇਸ ਦੌਰਾਨ ਜਥੇਬੰਦੀਆਂ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਨਾਂ ਤਹਿਸੀਲਦਾਰ ਲਾਰੈਂਸ ਸਿੰਗਲਾ ਨੂੰ ਮੰਗ ਪੱਤਰ ਵੀ ਦਿੱਤਾ।

ਐੱਸਪੀ ਮਨੋਜ ਕੁਮਾਰ ਦੀ ਅਗਵਾਈ ਹੇਠ ਪੁਲੀਸ ਨੇ ਇਸ ਮਾਰਚ ਨੂੰ ਗੁਰਦੁਆਰਾ ਰੇਲਵੇ ਮੰਡੀ ਨਜ਼ਦੀਕ ਹੀ ਰੋਕ ਲਿਆ। ਇਸ ਦੌਰਾਨ ਦੋਵਾਂ ਧਿਰਾਂ ਦਰਮਿਆਨ ਹੋਈ ਕਰੀਬ ਦੋ ਘੰਟੇ ਦੀ ਬਹਿਸ ਉਪਰੰਤ ਪੁਲੀਸ ਨੇ ਹਿਮਾਚਲ ਹੱਦ ਤੋਂ ਕਰੀਬ ਪੰਜ ਕਿਲੋਮੀਟਰ ਪਹਿਲਾਂ ਆਦਮਵਾਲ ਤੱਕ ਰੋਸ ਮਾਰਚ ਕਰਨ ਦੀ ਆਗਿਆ ਦੇ ਦਿੱਤੀ। ਪ੍ਰਦਰਸ਼ਨ ਦੀ ਅਗਵਾਈ ਗੁਰਨਾਮ ਸਿੰਘ ਸਿੰਗੜੀਵਾਲਾ, ਨੋਬਲਜੀਤ ਸਿੰਘ, ਕਰਨੈਲ ਸਿੰਘ ਲਵਲੀ, ਮਾਸਟਰ ਕੁਲਦੀਪ ਸਿੰਘ ਮਸੀਤੀ, ਰਣਵੀਰ ਸਿੰਘ ਬੈਂਸਤਾਨੀ, ਸੰਦੀਪ ਸਿੰਘ ਖਾਲਸਾ ਅਤੇ ਹਰਵਿੰਦਰ ਸਿੰਘ ਹੀਰਾ ਨੇ ਕੀਤੀ।

ਆਦਮਵਾਲ ਵਿਖੇ ਸੰਬੋਧਨ ਕਰਦਿਆਂ ਸਿੱਖ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਸਿੱਖ ਕੌਮ ਅਪਮਾਨ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ’ਤੇ ਜ਼ਿੰਮੇਵਾਰ ਵਿਅਕਤੀਆਂ ਦੀ ਪੁਸ਼ਤਪਨਾਹੀ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਥਾਨਕ ਕਾਂਗਰਸ ਅਤੇ ਭਾਜਪਾ ਵੱਲੋਂ ਸਿੱਖ ਕੌਮ ਦਾ ਅਕਸ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।