ਇੰਫਾਲ, 6 ਮਈ - ਹਿੰਸਾ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਮਨੀਪੁਰ ਵਿਚ ਸਥਿਤੀ ਅੱਜ ਸ਼ਾਂਤ ਪਰ ਤਣਾਅਪੂਰਨ ਰਹੀ। ਇਸੇ ਦੌਰਾਨ ਕੇਂਦਰ ਸਰਕਾਰ ਨੇ ਰਾਜ ਵਿਚ ਸਥਿਤੀ ਉਤੇ ਕਾਬੂ ਪਾਉਣ ਲਈ ਧਾਰਾ 355 ਲਾਗੂ ਕਰ ਦਿੱਤੀ ਹੈ। ਧਾਰਾ 355 ਸੰਵਿਧਾਨ ’ਚ ਦਰਜ ਉਨ੍ਹਾਂ ਐਮਰਜੈਂਸੀ ਤਜਵੀਜ਼ਾਂ ਦਾ ਹਿੱਸਾ ਹੈ ਜੋ ਇਕ ਸੂਬੇ ਨੂੰ ਅੰਦਰੂਨੀ ਤੇ ਬਾਹਰੀ ਗੜਬੜੀ ਤੋਂ ਬਚਾਉਣ ਲਈ ਕੇਂਦਰ ਸਰਕਾਰ ਨੂੰ ਲੋੜੀਂਦੇ ਕਦਮ ਚੁੱਕਣ ਦੀ ਤਾਕਤ ਦਿੰਦੀ ਹੈ। ਮਨੀਪੁਰ ਪੁਲੀਸ ਦੇ ਡਾਇਰੈਕਟਰ ਜਨਰਲ ਪੀ. ਡੁੰਗਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਥਿਤੀ ਦਾ ਜਾਇਜ਼ਾ ਲੈਣ ਮਗਰੋਂ ਪੂਰੇ ਸੂਬੇ ਵਿਚ ਧਾਰਾ 355 ਲਾਗੂ ਕਰ ਦਿੱਤੀ ਗਈ ਹੈ। ਪੁਲੀਸ ਮੁਖੀ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਬਿਸ਼ਣੂਪੁਰ ਜ਼ਿਲ੍ਹੇ ਦੇ ਪੁਲੀਸ ਥਾਣੇ ਵਿਚੋਂ ਹਥਿਆਰ ਲੁੱਟ ਲਏ ਹਨ। ਪੁਲੀਸ ਅਧਿਕਾਰੀ ਨੇ ਹਥਿਆਰ ਲੁੱਟਣ ਵਾਲੇ ਵਿਅਕਤੀਆਂ ਨੂੰ ਕਿਹਾ ਹੈ ਕਿ ਉਹ ਇਨ੍ਹਾਂ ਨੂੰ ਵਾਪਸ ਕਰ ਦੇਣ, ਨਹੀਂ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡੀਜੀਪੀ ਨੇ ਕਿਹਾ ਕਿ ‘ਮਨੀਪੁਰ ਵਿਚ ਸਥਿਤੀ ਇਕ ਜਾਂ ਦੋ ਦਿਨ ਵਿਚ ਕਾਬੂ ਹੇਠ ਹੋਵੇਗੀ।’ ਜ਼ਿਕਰਯੋਗ ਹੈ ਸੂਬੇ ਵਿਚ ਆਦਿਵਾਸੀ ਵਰਗਾਂ ਤੇ ਬਹੁਗਿਣਤੀ ‘ਮੈਤੇਈ’ ਭਾਈਚਾਰੇ ਵਿਚਾਲੇ ਰਾਖ਼ਵਾਂਕਰਨ (ਐੱਸਟੀ ਦਰਜਾ) ’ਤੇ ਹਿੰਸਾ ਭੜਕੀ ਹੋਈ ਹੈ ਤੇ ਪਿਛਲੇ 48 ਘੰਟਿਆਂ ਵਿਚ ਖ਼ੂਨੀ ਟਕਰਾਅ ਹੋਇਆ ਹੈ। ਹਿੰਸਾ ਉਤੇ ਕਾਬੂ ਪਾਉਣ ਲਈ ਗੁਆਂਢੀ ਰਾਜਾਂ ਤੋਂ ਹੋਰ ਬਲਾਂ ਨੂੰ ਬੁਲਾਇਆ ਗਿਆ ਹੈ। ਮਨੀਪੁਰ ਸਰਕਾਰ ਨੇ ਹਿੰਸਾ ਉਤੇ ਕਾਬੂ ਪਾਉਣ ਲਈ ‘ਦੇਖਦੇ ਹੀ ਗੋਲੀ ਮਾਰਨ’ ਦੇ ਹੁਕਮ ਵੀ ਜਾਰੀ ਕੀਤੇ ਹਨ। ਦੱਸਣਯੋਗ ਹੈ ਕਿ ‘ਮੈਤੇਈ’ ਲੋਕ ਆਪਣੇ ਭਾਈਚਾਰੇ ਲਈ ਐੱਸਟੀ (ਅਨੁਸੂਚਿਤ ਜਨਜਾਤੀ) ਦਰਜਾ ਮੰਗ ਰਹੇ ਹਨ। ਇਹੀ ਮੁੱਦਾ ਬੁੱਧਵਾਰ ‘ਮੈਤੇਈ’ ਅਤੇ ਕਬਾਇਲੀ ਵਰਗਾਂ ਨਾਗਾ ਤੇ ਕੁਕੀ ਵਿਚਾਲੇ ਟਕਰਾਅ ਦਾ ਕਾਰਨ ਬਣਿਆ ਹੈ। ਹਿੰਸਕ ਭੀੜ ਨੇ ਵੀਰਵਾਰ ਥਨਲਾਨ ਦੇ ਆਦਿਵਾਸੀ ਵਰਗ ਨਾਲ ਸਬੰਧਤ ਵਿਧਾਇਕ ਵੰਜਾਗਿਨ ਵਾਲਟੇ ਉਤੇ ਵੀ ਹਮਲਾ ਕਰ ਦਿੱਤਾ ਤੇ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਉਨ੍ਹਾਂ ਦਾ ਫ਼ਿਲਹਾਲ ਇਲਾਜ ਚੱਲ ਰਿਹਾ ਹੈ। ਮਨੀਪੁਰ ਦੀ ਕੁੱਲ ਆਬਾਦੀ ਵਿਚ ਮੈਤੇਈ ਭਾਈਚਾਰੇ ਦੀ ਹਿੱਸੇਦਾਰੀ ਕਰੀਬ 53 ਪ੍ਰਤੀਸ਼ਤ ਹੈ ਤੇ ਇਹ ਲੋਕ ਜ਼ਿਆਦਾਤਰ ਇੰਫਾਲ ਘਾਟੀ ਵਿਚ ਰਹਿੰਦੇ ਹਨ। ਜਦਕਿ ਨਾਗਾ ਤੇ ਕੁਕੀ ਆਦਿਵਾਸੀ ਜੋ ਕਿ ਮਨੀਪੁਰ ਦੇ ਮੂਲਵਾਸੀ ਵੀ ਹਨ, ਜ਼ਿਆਦਾਤਰ ਇੰਫਾਲ ਘਾਟੀ ਦੇ ਆਲੇ-ਦੁਆਲੇ ਪਹਾੜੀ ਜ਼ਿਲ੍ਹਿਆਂ ਵਿਚ ਰਹਿੰਦੇ ਹਨ। ਅਤਿਵਾਦੀ ਗਰੁੱਪਾਂ ਤੇ ਸੁਰੱਖਿਆ ਬਲਾਂ ਵਿਚਾਲੇ ਅੱਜ ਇੰਫਾਲ ਵਾਦੀ ਦੁਆਲੇ ਸਥਿਤ ਪਹਾੜੀ ਜ਼ਿਲ੍ਹਿਆਂ ’ਚ ਰੁਕ-ਰੁਕ ਕੇ ਗੋਲੀਬਾਰੀ ਹੁੰਦੀ ਰਹੀ। ਚੂਰਾਚਾਂਦਪੁਰ ਜ਼ਿਲ੍ਹੇ ਦੇ ਕਾਂਗਵਈ, ਵਿਸ਼ਣੂਪੁਰ ਜ਼ਿਲ੍ਹੇ ਦੇ ਪਹਾੜੀ ਇਲਾਕੇ ਤੇ ਇੰਫਾਲ ਪੂਰਬੀ ਜ਼ਿਲ੍ਹੇ ਦੇ ਦੋਲਾਈਥਾਬੀ ਤੇ ਪੁਖਾਓ ਵਿਚ ਹਿੰਸਾ ਕਰਨ ਵਾਲੇ ਅਤਿਵਾਦੀ ਗਰੁੱਪਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਰੁਕ-ਰੁਕ ਕੇ ਮੁਕਾਬਲਾ ਹੋਣ ਦੀ ਸੂਚਨਾ ਹੈ। ਇਸੇ ਦੌਰਾਨ ਮਨੀਪੁਰ ਨੂੰ ਜਾਣ ਵਾਲੀਆਂ ਸਾਰੀਆਂ ਰੇਲਗੱਡੀਆਂ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੀਆਂ ਗਈਆਂ ਹਨ। ਇਕ ਰੱਖਿਆ ਅਧਿਕਾਰੀ ਨੇ ਦੱਸਿਆ ਕਿ ਮਨੀਪੁਰ ਵਿਚ ਸੈਨਾ ਤੇ ਅਸਾਮ ਰਾਈਫ਼ਲਜ਼ ਦੇ 10 ਹਜ਼ਾਰ ਤੋਂ ਵੱਧ ਜਵਾਨ ਤਾਇਨਾਤ ਕੀਤੇ ਗਏ ਹਨ, ਜਦਕਿ ਨਾਗਾਲੈਂਡ ਤੋਂ ਸੜਕੀ ਰਸਤੇ ਹੋਰ ਸੈਨਿਕਾਂ ਨੂੰ ਸੱਦਿਆ ਜਾ ਰਿਹਾ ਹੈ। ਹਵਾਈ ਸੈਨਾ ਦੇ ਸੀ17 ਗਲੋਬਮਾਸਟਰ ਤੇ ਏਐੱਨ32 ਜਹਾਜ਼ ਵੀ ਅਸਾਮ ਦੇ ਤੇਜਪੁਰ ਤੇ ਗੁਹਾਟੀ ਤੋਂ ਹੋਰ ਜਵਾਨਾਂ ਨੂੰ ਲੈ ਕੇ ਹਿੰਸਾਗ੍ਰਸਤ ਖੇਤਰਾਂ ਵਿਚ ਪਹੁੰਚ ਰਹੇ ਹਨ। ਅਧਿਕਾਰੀਆਂ ਮੁਤਾਬਕ ਸੈਨਾ ਦੀ ਸਿੱਖ ਰੈਜੀਮੈਂਟ ਹਾਲੇ ਇੰਫਾਲ ਪੱਛਮੀ ਜ਼ਿਲ੍ਹੇ ਦੇ ਲਾਂਗੋਲ ਵਿਚ ਬਚਾਅ ਮੁਹਿੰਮ ਚਲਾ ਰਹੀ ਹੈ, ਜਿੱਥੋਂ 500 ਤੋਂ ਵੱਧ ਲੋਕਾਂ ਨੂੰ ਲੀਮਾਖੋਂਗ ਸੈਨਾ ਕੈਂਪ ਵਿਚ ਸੁਰੱਖਿਅਤ ਆਸਰਾ ਦਿੱਤਾ ਗਿਆ ਹੈ। ਰੱਖਿਆ ਵਿਭਾਗ ਦੇ ਇਕ ਅਧਿਕਾਰੀ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਪੰਜ ਮਈ ਦੀ ਸਵੇਰ ਤੋਂ ਹੀ ਨਾਗਰਿਕਾਂ ਨੂੰ ਸੁਰੱਖਿਅਤ ਥਾਵਾਂ ਉਤੇ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਮਨੀਪੁਰ ਵਿਚ ਬਹੁਗਿਣਤੀ ‘ਮੈਤੇਈ’ ਨਸਲ ਦੇ ਲੋਕ ਉਨ੍ਹਾਂ ਨੂੰ ਅਨੁਸੂਚਿਤ ਜਨਜਾਤੀਆਂ (ਐੱਸਟੀ) ਦਾ ਦਰਜਾ ਦਿੱਤੇ ਜਾਣ ਦੀ ਮੰਗ ਕਰ ਰਹੇ ਹਨ। ਜਦਕਿ ਉਨ੍ਹਾਂ ਦੀ ਮੰਗ ਖ਼ਿਲਾਫ਼ ‘ਆਲ ਇੰਡੀਆ ਟਰਾਈਬਲ ਸਟੂਡੈਂਟਸ ਯੂਨੀਅਨ ਮਨੀਪੁਰ’ ਵੱਲੋਂ ਬੁੱਧਵਾਰ ਚੂਰਾਚਾਂਦਪੁਰ ਜ਼ਿਲ੍ਹੇ ਦੇ ਤੋਰਬੰਗ ਖੇਤਰ ਵਿਚ ‘ਆਦਿਵਾਸੀ ਇਕਜੁੱਟਤਾ ਮਾਰਚ’ ਦਾ ਸੱਦਾ ਦਿੱਤਾ ਗਿਆ ਸੀ। ਇਸ ਮਾਰਚ ਦੌਰਾਨ ਹੀ ਹਿੰਸਾ ਭੜਕ ਗਈ ਸੀ। ਜ਼ਿਕਰਯੋਗ ਹੈ ਕਿ ਮਨੀਪੁਰ ਹਾਈ ਕੋਰਟ ਨੇ ਪਿਛਲੇ ਮਹੀਨੇ ਰਾਜ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ ਉਹ ਮੈਤੇਈ ਭਾਈਚਾਰੇ ਨੂੰ ‘ਐੱਸਟੀ’ ਵਰਗ ਵਿਚ ਸ਼ਾਮਲ ਕਰਨ ਬਾਰੇ ਕੇਂਦਰ ਸਰਕਾਰ ਨੂੰ 4 ਹਫ਼ਤਿਆਂ ਵਿਚ ਸਿਫ਼ਾਰਿਸ਼ ਕਰੇ। ਹਾਈ ਕੋਰਟ ਦੇ ਇਸ ਹੁਕਮ ਉਤੇ ਰੋਸ ਜ਼ਾਹਿਰ ਕਰਨ ਲਈ ਨਾਗਾ ਤੇ ਕੁਕੀ ਸਣੇ ਹੋਰਨਾਂ ਅਦਿਵਾਸੀ ਭਾਈਚਾਰਿਆਂ ਵੱਲੋਂ ਰੋਸ ਮਾਰਚ ਦਾ ਸੱਦਾ ਦਿੱਤਾ ਗਿਆ ਸੀ। ਪੁਲੀਸ ਮੁਤਾਬਤ ਤੋਰਬੰਗ ਦੇ ਮਾਰਚ ਦੌਰਾਨ ਹਥਿਆਰ ਲੈ ਕੇ ਆਏ ਕੁਝ ਲੋਕਾਂ ਨੇ ਕਥਿਤ ਤੌਰ ਉਤੇ ਮੈਤੇਈ ਭਾਈਚਾਰੇ ਦੇ ਮੈਂਬਰਾਂ ਉਤੇ ਹਮਲਾ ਕਰ ਦਿੱਤਾ। ਮੈਤੇਈ ਭਾਈਚਾਰੇ ਦੇ ਲੋਕਾਂ ਨੇ ਜਵਾਬੀ ਹਮਲੇ ਕੀਤੇ, ਜਿਸ ਤੋਂ ਬਾਅਦ ਪੂਰੇ ਰਾਜ ਵਿਚ ਹਿੰਸਾ ਫੈਲ ਗਈ। ਸੂਤਰਾਂ ਮੁਤਾਬਕ ਮਨੀਪੁਰ ਵਿਚ ਹੋਈ ਹਿੰਸਾ ’ਚ ਵੱਡੀ ਗਿਣਤੀ ਲੋਕ ਮਾਰੇ ਗਏ ਹਨ ਤੇ ਸੈਂਕੜੇ ਜ਼ਖ਼ਮੀ ਵੀ ਹਨ। ਹਾਲਾਂਕਿ ਪੁਲੀਸ ਇਸ ਦੀ ਪੁਸ਼ਟੀ ਨਹੀਂ ਕਰ ਰਹੀ। ਹਿੰਸਾ ਕਾਰਨ 9 ਹਜ਼ਾਰ ਤੋਂ ਵੱਧ ਲੋਕ ਆਪਣੇ ਘਰਾਂ ਤੋਂ ਉੱਜੜ ਗਏ ਹਨ। ਪ੍ਰਭਾਵਿਤ ਲੋਕ ਸੁਰੱਖਿਆ ਬਲਾਂ ਦੇ ਕੈਂਪਾਂ ਵਿਚ ਸ਼ਰਨ ਲੈ ਰਹੇ ਹਨ।
.jpg)
.jpg)
.jpg)
.jpg)




















.jpg)






























.jpg)


























.jpg)

.jpg)



















