ਧੀਆਂ ਨਾਲ ਛੇੜਖਾਨੀ ਦਾ ਉਲਾਂਭਾ ਦੇਣ ਆਏ ਪਿਓ ਦਾ ਕਤਲ, ਚਾਚਾ ਜ਼ਖ਼ਮੀ

ਧੀਆਂ ਨਾਲ ਛੇੜਖਾਨੀ ਦਾ ਉਲਾਂਭਾ ਦੇਣ ਆਏ ਪਿਓ ਦਾ ਕਤਲ, ਚਾਚਾ ਜ਼ਖ਼ਮੀ

ਲੜਕੀਆਂ ਨੂੰ ਕਾਫ਼ੀ ਸਮੇਂ ਪ੍ਰੇਸ਼ਾਨ ਕਰਦਾ ਆ ਰਿਹਾ ਸੀ ਗੁਆਂਢ ਵਿੱਚ ਰਹਿੰਦਾ ਨੌਜਵਾਨ; ਪੁਲੀਸ ਘਟਨਾ ਸਥਾਨ ’ਤੇ ਪੁੱਜੀ * ਘਟਨਾ ਨੂੰ ਅੰਜਾਮ ਦੇਣ ਮਗਰੋਂ ਨੌਜਵਾਨ ਫਰਾਰ

ਸ੍ਰੀ ਮੁਕਤਸਰ ਸਾਹਿਬ/ਦੋਦਾ,(ਪੰਜਾਬੀ ਰਾਈਟਰ)- ਇੱਥੋਂ ਨੇੜਲੇ ਪਿੰਡ ਭੁੱਲਰ ਵਿੱਚ ਬੀਤੀ ਦੇਰ ਸ਼ਾਮ ਨੂੰ ਗੋਲੀ ਵੱਜਣ ਕਾਰਨ ਇਕ ਵਿਅਕਤੀ ਦੀ ਮੌਤ ਤੇ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਜ਼ਿਕਰਯੋਗ ਹੈ ਕਿ ਪਿੰਡ ਦਾ ਹੀ ਇੱਕ ਨੌਜਵਾਨ ਆਪਣੇ ਗੁਆਂਢ ’ਚ ਰਹਿੰਦੀਆਂ ਲੜਕੀਆਂ ਨੂੰ ਕਾਫ਼ੀ ਸਮੇਂ ਤੋਂ ਪ੍ਰੇਸ਼ਾਨ ਕਰਦਾ ਆ ਰਿਹਾ ਸੀ। ਲੜਕੀਆਂ ਦਾ ਪਿਤਾ ਜਦੋਂ ਆਪਣੇ ਭਰਾ ਨਾਲ ਮੁੰਡੇ ਦੇ ਘਰ ਉਸ ਨੂੰ ਅਜਿਹਾ ਕਰਨ ਤੋਂ ਰੋਕਣ ਗਿਆ ਤਾਂ ਮੁੰਡੇ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਤੇ ਉਸ ਨਾਲ ਆਏ ਵਿਅਕਤੀ ਨੂੰ ਜ਼ਖ਼ਮੀ ਕਰ ਦਿੱਤਾ। ਮ੍ਰਿਤਕ ਦੀ ਪਛਾਣ ਬੂਟਾ ਸਿੰਘ (50) ਵਜੋਂ ਤੇ ਜ਼ਖ਼ਮੀ ਦੀ ਪਛਾਣ ਮਨਦੀਪ ਸਿੰਘ ਵਜੋਂ ਹੋਈ ਹੈ। ਮਨਦੀਪ ਨੂੰ ਪਹਿਲਾਂ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੋਂ ਡਾਕਟਰਾਂ ਨੇ ਉਸ ਨੂੰ ਫ਼ਰੀਦਕੋਟ ਮੈਡੀਕਲ ਕਾਲਜ ਵਿੱਚ ਰੈਫਰ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਪਿੰਡ ਭੁੱਲਰ ਦਾ ਬਲਵਲ ਸਿੰਘ ਕਾਫ਼ੀ ਸਮੇਂ ਤੋਂ ਬੂਟਾ ਸਿੰਘ ਦੀਆਂ ਧੀਆਂ ਨੂੰ ਪ੍ਰੇਸ਼ਾਨ ਕਰਦਾ ਆ ਰਿਹਾ ਸੀ। ਉਹ ਹੁਣ ਲੜਕੀਆਂ ਦੇ ਮੋਬਾਈਲ ਫੋਨ ’ਤੇ ਇਤਰਾਜ਼ਯੋਗ ਮੈਸੇਜ ਕਰਦਾ ਸੀ। ਇਸ ਤੋਂ ਦੁਖੀ ਹੋ ਕੇ ਬੂਟਾ ਸਿੰਘ ਨੇ ਆਪਣੀ ਇੱਕ ਧੀ ਦਾ ਪਹਿਲਾਂ ਵਿਆਹ ਵੀ ਕਰ ਦਿੱਤਾ ਸੀ ਪਰ ਹੁਣ ਉਹ ਦੂਜੀਆਂ ਲੜਕੀਆਂ ਨੂੰ ਪ੍ਰੇਸ਼ਾਨ ਕਰਨ ਲੱਗ ਪਿਆ ਸੀ। ਇਸ ਦਾ ਪਤਾ ਜਦੋਂ ਲੜਕੀਆਂ ਦੇ ਚਾਚਾ ਮਨਦੀਪ ਸਿੰਘ ਤੇ ਪਿਤਾ ਬੂੁਟਾ ਸਿੰਘ ਨੂੰ ਲੱਗਿਆ ਤਾਂ ਉਹ ਉਲਾਂਭਾ ਦੇਣ ਵਾਸਤੇ ਬਲਵਲ ਸਿੰਘ ਦੇ ਘਰ ਗਏ। ਬਲਵਲ ਨੇ ਆਪਣੇ ਪਿਤਾ ਜਸਕਰਨ ਸਿੰਘ ਦੀ ਬੰਦੂਕ ਨਾਲ ਬੂਟਾ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਇਸ ਮਗਰੋਂ ਮਨਦੀਪ ਸਿੰਘ ਨੂੰ ਵੀ ਗੋਲੀ ਮਾਰ ਦਿੱਤੀ।

ਬੂਟਾ ਸਿੰਘ ਦੀ ਪਤਨੀ ਦਲਜੀਤ ਕੌਰ ਨੇ ਦੱਸਿਆ ਕਿ ਉਸ ਦੀਆਂ ਪੰਜ ਧੀਆਂ ਹਨ ਤੇ ਇੱਕ ਪੁੱਤਰ ਹੈ। ਬਲਵਲ ਸਿੰਘ ਉਸ ਦੀਆਂ ਧੀਆਂ ਨੂੰ ਪ੍ਰੇਸ਼ਾਨ ਕਰਦਾ ਰਹਿੰਦਾ ਸੀ।

ਦੱਸਣਯੋਗ ਹੈ ਕਿ ਬੂਟਾ ਸਿੰਘ ਤੇ ਬਲਵਲ ਸਿੰਘ ਦੇ ਦੋਵੇਂ ਪਰਿਵਾਰ ਮਜ਼ਦੂਰੀ ਕਰਦੇ ਹਨ। ਪੁਲੀਸ ਪਾਰਟੀ ਸਣੇ ਘਟਨਾ ਸਥਾਨ ’ਤੇ ਪੁੱਜੇ ਡੀਐੱਸਪੀ ਰਮਨਦੀਪ ਸਿੰਘ ਨੇ ਦੱਸਿਆ ਕਿ ਬਲਵਲ ਨੇ ਆਪਣੇ ਪਿਤਾ ਦੀ ਬੰਦੂਕ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਘਟਨਾ ਮਗਰੋਂ ਫ਼ਰਾਰ ਹੋ ਗਿਆ ਹੈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।