
ਫ਼ਰਜ਼ੀ ਦਸਤਖ਼ਤਾਂ ਦੇ ਦੋਸ਼ ਹੇਠ ਚੋਣ ਕਮਿਸ਼ਨ ਨੇ ਰੱਦ ਕੀਤੀਆਂ ਸਨ 20 ਪਿੰਡਾਂ ਦੀਆਂ ਚੋਣਾਂ; ਛੇ ਪਿੰਡਾਂ ਵਿੱਚ ਅੱਜ ਵੀ ਨਹੀਂ ਹੋਈ ਵੋਟਿੰਗ
ਸ੍ਰੀ ਮੁਕਤਸਰ ਸਾਹਿਬ,(ਪੰਜਾਬੀ ਰਾਈਟਰ)- ਵਿਧਾਨ ਸਭਾ ਹਲਕਾ ਗਿੱਦੜਬਾਹਾ ਦੀਆਂ 20 ਪੰਚਾਇਤਾਂ ਦੀਆਂ ਰੱਦ ਹੋਈਆਂ ਚੋਣਾਂ ਵਿੱਚੋਂ 14 ਪਿੰਡਾਂ ਵਿੱਚ ਅੱਜ ਵੋਟਾਂ ਪਈਆਂ ਜਦਕਿ ਛੇ ਪਿੰਡਾਂ ਦੀਆਂ ਪੰਚਾਇਤਾਂ ਲਈ ਵੋਟਾਂ ਅੱਜ ਵੀ ਨਹੀਂ ਪਈਆਂ।
ਇਕ ਪਿੰਡ ਵਿੱਚ ਸਰਪੰਚ ਅਤੇ ਬਾਕੀਆਂ ’ਚ ਪੰਚਾਂ ਵਾਸਤੇ ਵੋਟਾਂ ਪਈਆਂ। ਦੱਸਣਯੋਗ ਹੈ ਕਿ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਸਨ ਪਰ ਗਿੱਦੜਬਾਹਾ ਹਲਕੇ ਦੇ 20 ਪਿੰਡਾਂ ਦੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਵਾਪਸ ਲੈਣ ਵਾਲੇ ਕਾਗਜ਼ਾਂ ਉੱਤੇ ਕਥਿਤ ਫ਼ਰਜ਼ੀ ਦਸਤਖ਼ਤ ਹੋਣ ਦੇ ਦੋਸ਼ਾਂ ਕਾਰਨ ਚੋਣ ਕਮਿਸ਼ਨ ਵੱਲੋਂ 11 ਸਤੰਬਰ ਨੂੰ ਇਨ੍ਹਾਂ ਪਿੰਡਾਂ ਦੀਆਂ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਸਨ। ਇਸ ਕਾਰਨ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਧਰਨੇ ਲਗਾਏ ਸਨ ਅਤੇ ਚੋਣ ਕਮਿਸ਼ਨ ਕੋਲ ਸ਼ਿਕਾਇਤਾਂ ਵੀ ਕੀਤੀਆਂ ਸਨ। ਬਾਅਦ ’ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 13 ਨਵੰਬਰ ਨੂੰ ਜਾਰੀ ਹੁਕਮਾਂ ਦੇ ਆਧਾਰ ’ਤੇ ਅੱਜ ਪੰਚਾਇਤ ਚੋਣਾਂ ਲਈ ਮੁੜ ਤੋਂ ਵੋਟਾਂ ਪਈਆਂ।
ਐੱਸਡੀਐੱਮ ਗਿੱਦੜਬਾਹਾ ਜਸਪਾਲ ਸਿੰਘ ਬਰਾੜ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਅੱਜ ਵੋਟਾਂ ਪਈਆਂ। ਇਸ ਵਾਸਤੇ ਪੁਖਤਾ ਪ੍ਰਬੰਧ ਕੀਤੇ ਗਏ ਸਨ ਅਤੇ 26 ਬੂਥ ਬਣਾਏ ਗਏ ਸਨ। ਐੱਸਡੀਐੱਮ ਨੇ ਦੱਸਿਆ ਕਿ ਹਾਲਾਂਕਿ, ਚੋਣ ਕਮਿਸ਼ਨ ਨੇ 20 ਪਿੰਡਾਂ ਦੀ ਸੂਚੀ ਜਾਰੀ ਕੀਤੀ ਸੀ ਪਰ ਲੁਹਾਰਾ, ਕੋਠੇ ਹਜ਼ੂਰੇ ਵਾਲੇ, ਕੋਠੇ ਢਾਬਾਂ ਵਾਲੇ, ਕੋਠੇ ਕੇਸਰ ਸਿੰਘ ਵਾਲੇ, ਸਮਾਘ ਅਤੇ ਮਧੀਰ ਨੂੰ ਅਜੇ ਇਸ ਸੂਚੀ ਵਿੱਚੋਂ ਬਾਹਰ ਰੱਖਿਆ ਗਿਆ ਹੈ। ਡੀਐੱਸਪੀ ਅਵਤਾਰ ਸਿੰਘ ਨੇ ਦੱਸਿਆ ਕਿ ਵੋਟਾਂ ਸ਼ਾਂਤੀਪੂਰਨ ਤਰੀਕੇ ਨਾਲ ਪਈਆਂ।
ਬਜ਼ੁਰਗ ਨੰਦ ਸਿੰਘ ਦਾ ਸਨਮਾਨ ਕਰਦੇ ਹੋਏ ਡੀਐੱਸਪੀ ਗਿੱਦੜਬਾਹਾ।
ਗਿੱਦੜਬਾਹਾ : ਹਲਕਾ ਗਿੱਦੜਬਾਹਾ ਦੇ ਕਈ ਪਿੰਡਾਂ ਵਿੱਚ ਅੱਜ ਪੰਚਾਇਤ ਮੈਂਬਰਾਂ ਲਈ ਵੋਟਾਂ ਪਈਆਂ। ਪਿੰਡ ਦੌਲਾ ਵਿੱਚ ਸਰਪੰਚੀ ਲਈ ਵੋਟਾਂ ਪਾਈਆਂ। ਇਨ੍ਹਾਂ ਵੋਟਾਂ ਲਈ ਲੋਕਾਂ, ਖ਼ਾਸ ਕਰ ਕੇ ਨੌਜਵਾਨਾਂ ਦੇ ਨਾਲ-ਨਾਲ ਬਜ਼ੁਰਗਾਂ ਵਿੱਚ ਵੀ ਉਤਸ਼ਾਹ ਦੇਖਣ ਨੂੰ ਮਿਲਿਆ। ਪਿੰਡ ਦੌਲਾ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰਨ ਪੁੱਜੇ 100 ਸਾਲਾ ਨੰਦ ਸਿੰਘ ਨੇ ਕਿਹਾ, ‘‘ਸਾਨੂੰ ਆਜ਼ਾਦੀ ਬਹੁਤ ਔਖੀ ਮਿਲੀ ਹੈ ਅਤੇ ਇਸ ਲਈ ਸਾਨੂੰ ਕਈ ਕੁਰਬਾਨੀਆਂ ਦੇਣੀਆਂ ਪਈਆਂ ਹਨ, ਜਿਸ ਵਿੱਚ ਵੱਡਾ ਯੋਗਦਾਨ ਪੰਜਾਬੀਆਂ ਦਾ ਹੈ।’’ ਉਨ੍ਹਾਂ ਕਿਹਾ, ‘‘ਸਾਨੂੰ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ। ਇਸ ਨਾਲ ਅਸੀਂ ਆਪਣੇ ਮਨਪਸੰਦ ਉਮੀਦਵਾਰ ਨੂੰ ਚੁਣ ਕੇ ਆਪਣਾ ਨੁਮਾਇੰਦਾ ਬਣਾ ਸਕਦੇ ਹਾਂ।’’ ਇਸ ਮੌਕੇ ਡੀਐੱਸਪੀ ਗਿੱਦੜਬਾਹਾ ਅਵਤਾਰ ਸਿੰਘ ਰਾਜਪਾਲ ਨੇ ਬਜ਼ੁਰਗ ਨੰਦ ਸਿੰਘ ਦਾ ਸਨਮਾਨ ਕੀਤਾ। ਇਸ ਮੌਕੇ ਬਜ਼ੁਰਗ ਨੰਦ ਸਿੰਘ ਨੇ ਆਜ਼ਾਦੀ ਸਮੇਂ ਦੀਆਂ ਆਪਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ।