
ਏਐੱਸਆਈ ਗੰਭੀਰ ਜ਼ਖ਼ਮੀ, ਹੋਰਨਾਂ ਪੁਲੀਸ ਮੁਲਾਜ਼ਮਾਂ ਨੇ ਭੱਜ ਕੇ ਜਾਨ ਬਚਾਈ
ਸ੍ਰੀ ਗੋਇੰਦਵਾਲ ਸਾਹਿਬ,(ਪੰਜਾਬੀ ਰਾਈਟਰ)- ਥਾਣਾ ਗੋਇੰਦਵਾਲ ਸਾਹਿਬ ਅਧੀਨ ਆਉਂਦੇ ਪਿੰਡ ਕੋਟ ਮੁਹੰਮਦ ਖਾਂ ਵਿੱਚ ਦੋ ਧਿਰਾਂ ਦਰਮਿਆਨ ਹੋਏ ਝਗੜੇ ਦੀ ਸ਼ਿਕਾਇਤ ਦੇ ਨਿਪਟਾਰੇ ਲਈ ਗਏ ਸਬ ਇੰਸਪੈਕਟਰ ਚਰਨਜੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਘਟਨਾ ਦੌਰਾਨ ਏਐਸਆਈ ਜਸਬੀਰ ਸਿੰਘ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਜਦੋਂਕਿ ਬਾਕੀ ਪੁਲੀਸ ਮੁਲਾਜ਼ਮਾਂ ਨੇ ਭੱਜ ਕੇ ਜਾਨ ਬਚਾਈ।
ਜਾਣਕਾਰੀ ਅਨੁਸਾਰ ਪਿੰਡ ਕੋਟ ਮੁਹੰਮਦ ਖਾਂ ਵਿੱਚ ਦੋ ਧਿਰਾਂ ਦਰਮਿਆਨ ਹੋਏ ਝਗੜੇ ਨੂੰ ਸੁਲਝਾਉਣ ਲਈ ਕਥਿਤ ਸਿਆਸੀ ਦਬਾਅ ਦੇ ਚੱਲਦਿਆਂ ਸਬ ਇੰਸਪੈਕਟਰ ਚਰਨਜੀਤ ਸਿੰਘ ਦੋਵਾਂ ਧਿਰਾ ਨੂੰ ਸ਼ਾਂਤ ਕਰਨ ਲਈ ਗਿਆ ਸੀ। ਇਸ ਦੌਰਾਨ ਇੱਕ ਧਿਰ ਵੱਲੋਂ ਤਹਿਸ਼ ਵਿੱਚ ਆ ਕੇ ਸਬ ਇੰਸਪੈਕਟਰ ਚਰਨਜੀਤ ਸਿੰਘ ਦੇ ਗੋਲੀ ਮਾਰ ਦਿੱਤੀ ਗਈ ਜਿਸ ਦੌਰਾਨ ਏਐਸਆਈ ਜਸਬੀਰ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋਇਆ ਹੈ। ਬਾਕੀ ਪੁਲੀਸ ਪਾਰਟੀ ਨੇ ਭੱਜ ਕੇ ਜਾਨ ਬਚਾਈ ਹੈ। ਇਸ ਸਬੰਧੀ ਦੇਰ ਰਾਤ ਕਿਸੇ ਵੀ ਜ਼ਿੰਮੇਵਾਰ ਪੁਲੀਸ ਅਧਿਕਾਰੀ ਨੇ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ। ਐੱਸਪੀ(ਡੀ) ਅਜੈਰਾਜ ਸਿੰਘ ਨੇ ਇਸ ਗੰਭੀਰ ਮੁੱਦੇ ’ਤੇ ਗੱਲਬਾਤ ਕਰਨ ਤੋਂ ਨਾਂਹ ਕਰਦਿਆਂ ਡੀਐੱਸਪੀ ਅਤੁਲ ਸੋਨੀ ਨਾਲ ਗੱਲ ਕਰਨ ਲਈ ਕਿਹਾ ਹੈ।