ਜੈਕਾਰਿਆਂ ਦੀ ਗੂੰਜ ਨਾਲ ਸਮਾਪਤ ਹੋਏ ਦਸਮੇਸ਼ ਵਿਆਹ ਪੁਰਬ ਸਮਾਗਮ

ਜੈਕਾਰਿਆਂ ਦੀ ਗੂੰਜ ਨਾਲ ਸਮਾਪਤ ਹੋਏ ਦਸਮੇਸ਼ ਵਿਆਹ ਪੁਰਬ ਸਮਾਗਮ

ਹਿਮਾਚਲ ਦੇ ਗੁਰੂ ਕਾ ਲਾਹੌਰ ਸਥਿਤ ਗੁਰਦੁਆਰਾ ਅਨੰਦਕਾਰਜ ਵਿੱਚ ਵੱਡੀ ਗਿਣਤੀ ਸੰਗਤ ਨਤਮਸਤਕ

ਸ੍ਰੀ ਆਨੰਦਪੁਰ ਸਾਹਿਬ,(ਪੰਜਾਬੀ ਰਾਈਟਰ)- ਗੁਰੂ ਕਾ ਲਾਹੌਰ ’ਚ ਸੰਗਤ ਵੱਲੋਂ ਮਨਾਏ ਜਾ ਰਹੇ ਦਸਮੇਸ਼ ਵਿਆਹ ਪੁਰਬ ਦੇ ਦੋ ਰੋਜ਼ਾ ਸਮਾਗਮ ਅੱਜ ਜੈਕਾਰਿਆਂ ਦੀ ਗੂੰਜ ਨਾਲ ਸਮਾਪਤ ਹੋ ਗਏ। ਇਸ ਮੌਕੇ ਗੁਰਦੁਆਰਾ ਅਨੰਦਕਾਰਜ ਸਾਹਿਬ ਗੁਰੂ ਕਾ ਲਾਹੌਰ ਵਿੱਚ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਸਜਾਏ ਦੀਵਾਨ ਵਿੱਚ ਵੱਖ-ਵੱਖ ਰਾਗੀ ਅਤੇ ਢਾਡੀ ਜਥਿਆਂ ਨੇ ਹਾਜ਼ਰੀ ਭਰੀ। ਸਮਾਗਮਾਂ ਦੀ ਸਮਾਪਤੀ ਕਿਲਾ ਅਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਸੁੱਚਾ ਸਿੰਘ ਵੱਲੋਂ ਅਰਦਾਸ ਕਰ ਕੇ ਕੀਤੀ ਗਈ। ਇਸ ਮੌਕੇ ਉਨ੍ਹਾਂ ਸੰਗਤ ਨੂੰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦੇ ਵਿਆਹ ਪੁਰਬ ਦੀ ਮੁਬਾਰਕਬਾਦ ਦਿੱਤੀ ਅਤੇ ਲੋਕਾਂ ਨੂੰ ਗੁਰੂ ਚਰਨਾਂ ਨਾਲ ਜੁੜਨ ਦੀ ਅਪੀਲ ਕੀਤੀ। ਇਸ ਦੌਰਾਨ ਕਿਲ੍ਹਾ ਅਨੰਦਗੜ੍ਹ ਸਾਹਿਬ ਵੱਲੋਂ ਵੱਖ-ਵੱਖ ਪ੍ਰਕਾਰ ਦੀਆਂ ਦੇਸੀ ਘਿਓ ਦੀਆਂ ਮਠਿਆਈਆਂ ਦੇ ਲੰਗਰ ਲਾਏ ਗਏ। ਇਸ ਮੌਕੇ ਇਲਾਕੇ ਦੇ ਪਿੰਡਾਂ ਦੇ ਲੋਕਾਂ ਵੱਲੋਂ ਵੀ ਸੰਗਤ ਲਈ ਲੰਗਰ ਲਾਏ ਗਏ।

ਪ੍ਰਸ਼ਾਸਨ ਦੇ ਪ੍ਰਬੰਧਾਂ ਤੋਂ ਸੰਗਤ ਵਿੱਚ ਰੋਸ

ਗੁਰੂ ਕਾ ਲਾਹੌਰ ’ਚ ਦਸਮੇਸ਼ ਵਿਆਹ ਪੁਰਬ ਸਮਾਗਮ ਲਈ ਸੰਗਤ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਪਰ ਸਥਾਨਕ ਪ੍ਰਸ਼ਾਸਨ ਇੱਥੇ ਢੁਕਵੇਂ ਪ੍ਰਬੰਧ ਕਰਨ ਵਿੱਚ ਨਾਕਾਮਯਾਬ ਰਿਹਾ। ਗੁਰੂ ਕਾ ਲਾਹੌਰ ਜ਼ਿਲ੍ਹਾ ਬਿਲਾਸਪੁਰ ਹਿਮਾਚਲ ਪ੍ਰਦੇਸ਼ ਵਿੱਚ ਪੈਂਦਾ ਹੈ। ਲੋਕਾਂ ਵੱਲੋਂ ਲਾਏ ਲੰਗਰ ’ਤੇ ਹੀ ਪਾਣੀ ਆਦਿ ਦਾ ਪ੍ਰਬੰਧ ਕੀਤਾ ਗਿਆ ਸੀ। ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਘਾਟ ਖ਼ਿਲਾਫ਼ ਇੱਥੇ ਪਹੁੰਚਣ ਵਾਲੀ ਸੰਗਤ ਵਿੱਚ ਜ਼ਿਲ੍ਹਾ ਬਿਲਾਸਪੁਰ ਪ੍ਰਸ਼ਾਸਨ ਵਿਰੁੱਧ ਰੋਸ ਦੇਖਣ ਨੂੰ ਮਿਲਿਆ। ਲੋਕਾਂ ਨੇ ਕਿਹਾ ਕਿ ਇੱਥੋਂ ਦੀਆਂ ਸੜਕਾਂ ਦੀ ਮੁੜ ਉਸਾਰੀ ਤਾਂ ਦੂਰ ਦੀ ਗੱਲ ਪ੍ਰਸ਼ਾਸਨ ਨੇ ਟੁੱਟੀਆਂ ਸੜਕਾਂ ’ਤੇ ਪੈਚਵਰਕ ਵੀ ਨਹੀਂ ਕਰਵਾਇਆ। ਇਸ ਸਥਾਨ ’ਤੇ ਪਾਣੀ ਦੀ ਘਾਟ ਹੋਣ ਕਾਰਨ ਸੰਗਤ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇੱਥੇ ਆਵਾਜਾਈ ਦੇ ਪੁਖ਼ਤਾ ਇੰਤਜ਼ਾਮ ਨਾ ਹੋਣ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗ ਗਈਆਂ।