
ਸ੍ਰੀ ਆਨੰਦਪੁਰ ਸਾਹਿਬ,(ਪੰਜਾਬੀ ਰਾਈਟਰ)- ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖ਼ਾਹ ਲਾਏ ਜਾਣ ਮਗਰੋਂ ਅੱਜ ਸੁਖਬੀਰ ਬਾਦਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੇਵਾ ਕਰਨ ਲਈ ਪੁੱਜੇ। ਇਸ ਮੌਕੇ ਹਰਸਿਮਰਤ ਬਾਦਲ, ਪੁੱਤਰ ਅਨੰਤਵੀਰ ਸਿੰਘ ਬਾਦਲ ਤੇ ਦੋਵੇਂ ਬੇਟੀਆਂ ਵੀ ਮੌਜੂਦ ਸਨ। ਸੁਖਬੀਰ ਬਾਦਲ ਵੱਲੋਂ ਸਵੇਰੇ 9 ਤੋਂ 10 ਵਜੇ ਤੱਕ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਬਾਹਰ ਮੁੱਖ ਦਵਾਰ ’ਤੇ ਸੇਵਾਦਾਰ ਵਜੋਂ ਸੇਵਾ ਕੀਤੀ ਗਈ। ਇਸ ਉਪਰੰਤ ਉਨ੍ਹਾਂ ਵੱਲੋਂ ਅਕਾਲੀ ਲੀਡਰਸ਼ਿਪ ਨਾਲ ਬੈਠ ਕੇ ਇੱਕ ਘੰਟੇ ਲਈ ਗੁਰਬਾਣੀ ਕੀਰਤਨ ਸਰਵਣ ਕੀਤਾ ਗਿਆ। ਇਸ ਉਪਰੰਤ ਸੁਖਬੀਰ ਬਾਦਲ, ਉਨ੍ਹਾਂ ਦੇ ਪਰਿਵਾਰ ਅਤੇ ਸਮੁੱਚੀ ਅਕਾਲੀ ਲੀਡਰਸ਼ਿਪ ਨੇ ਲੰਗਰ ਹਾਲ ਵਿੱਚ ਇੱਕ ਘੰਟਾ ਜੂਠੇ ਬਰਤਨਾਂ ਦੀ ਸੇਵਾ ਕੀਤੀ।
ਦੂਜੇ ਪਾਸੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਗੁਲਜ਼ਾਰ ਸਿੰਘ ਰਣੀਕੇ, ਸੁੱਚਾ ਸਿੰਘ ਲੰਗਾਹ, ਹੀਰਾ ਸਿੰਘ ਗਾਬੜੀਆ ਤੇ ਦਰਬਾਰਾ ਸਿੰਘ ਗੁਰੂ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਪਖਾਨਿਆਂ ਦੀ ਸਫ਼ਾਈ ਕੀਤੀ ਗਈ। ਇਸ ਮੌਕੇ ਪੁਲੀਸ ਵੱਲੋਂ ਤਕਰੀਬਨ 400 ਮੁਲਾਜ਼ਮ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਆਸ-ਪਾਸ ਲਾਏ ਗਏ ਸਨ ਜਦਕਿ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੇ 100 ਦੇ ਕਰੀਬ ਜਵਾਨ ਵੀ ਪਹਿਰੇ ’ਤੇ ਤਾਇਨਾਤ ਸਨ। ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ, ਅਰਸ਼ਦੀਪ ਕਲੇਰ, ਐੱਨ ਕੇ ਸ਼ਰਮਾ ਤੇ ਸਰਬਜੀਤ ਸਿੰਘ ਝਿੰਜਰ ਨੇ ਬੀਤੇ ਦਿਨੀਂ ਸੁਖਬੀਰ ਬਾਦਲ ’ਤੇ ਹੋਏ ਹਮਲੇ ਨੂੰ ਵੱਡੀ ਸਾਜਿਸ਼ ਕਰਾਰ ਦਿੰਦਿਆਂ ਕਿਹਾ ਕਿ ਪੁਲੀਸ, ਖੁਫ਼ੀਆਤੰਤਰ ਅਤੇ ਸਰਕਾਰ ਦੀ ਨਾਲਾਇਕੀ ਕਾਰਨ ਇਹ ਹਮਲਾ ਹੋਇਆ ਹੈ। ਸੁਖਬੀਰ ਬਾਦਲ ’ਤੇ ਹੋਏ ਹਮਲੇ ਤੋਂ ਬਾਅਦ ਉਨ੍ਹਾਂ ਨੂੰ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਮਿਲਣ ਪੁੱਜੇ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਸਾਬਕਾ ਮੰਤਰੀ ਤੀਕਸ਼ਣ ਸੂਦ ਨੇ ਕਿਹਾ ਕਿ ਇਸ ਹਮਲੇ ਦੀ ਉਹ ਨਿਖੇਧੀ ਕਰਦੇ ਹਨ।
ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਾਈ ਗਈ ਸੇਵਾ ਅਨੁਸਾਰ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੇਵਾ ਨਿਭਾਉਣ ਲਈ ਨਹੀਂ ਪੁੱਜੇ। ਉਨ੍ਹਾਂ ਦੇ ਕਰੀਬੀ ਸਾਥੀ ਤੇ ਸਾਬਕਾ ਫੈੱਡਰੇਸ਼ਨ ਆਗੂ ਭੁਪਿੰਦਰ ਸਿੰਘ ਬਜਰੂੜ ਨੇ ਦੱਸਿਆ ਕਿ ਸ੍ਰੀ ਢੀਂਡਸਾ ਸਿਹਤ ਠੀਕ ਨਾ ਹੋਣ ਕਾਰਨ ਜਿੱਥੇ ਅੱਜ ਵੀ ਸੇਵਾ ਨਹੀਂ ਨਿਭਾਅ ਸਕੇ, ਉੱਥੇ ਉਹ 6 ਦਸੰਬਰ ਨੂੰ ਵੀ ਸ੍ਰੀ ਆਨੰਦਪੁਰ ਸਾਹਿਬ ਨਹੀਂ ਆ ਸਕਣਗੇ। ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਨਾਸਾਜ਼ ਹੋਣ ਕਾਰਨ ਉਨ੍ਹਾਂ ਦਾ ਖੂਨ ਦਾ ਦਬਾਅ ਤੇ ਸ਼ੂਗਰ ਦਾ ਪੱਧਰ ਠੀਕ ਨਹੀਂ ਹੈ। ਇਸ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਦੱਸ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 7 ਦਸੰਬਰ ਨੂੰ ਸ੍ਰੀ ਢੀਂਡਸਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹਾਜ਼ਰ ਹੋਣਗੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੱਗੀ ਸੇਵਾ ਨਿਭਾਉਣਗੇ।
ਕੇਜਰੀਵਾਲ ਵੱਲੋਂ ਦਿੱਤੀ ਸਕ੍ਰਿਪਟ ਪੜ੍ਹ ਰਹੇ ਨੇ ਆਈਜੀ ਭੁੱਲਰ: ਮਜੀਠੀਆ
ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਨਰਾਇਣ ਸਿੰਘ ਚੌੜਾ ਨਾਲ ਐੱਸਪੀ ਰੈਂਕ ਦੇ ਵਿਅਕਤੀ ਦਾ ਹੱਥ ਮਿਲਾਉਣਾ ਵੱਡੇ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਚੌੜਾ ਦੇ ਸਬੰਧ ਆਈਐੱਸਆਈ ਨਾਲ ਹਨ ਤੇ ਜਦੋਂ ਐੱਸਪੀ ਹਰਪਾਲ ਰੰਧਾਵਾ ਸੁਰੱਖਿਆ ਡਿਊਟੀ ’ਤੇ ਤਾਇਨਾਤ ਹੋ ਕੇ ਕਿਸੇ ਅਪਰਾਧੀ ਨਾਲ ਹੱਥ ਮਿਲਾਉਂਦਾ ਹੋਵੇ ਤਾਂ ਉਹ ਕਿਸੇ ਵੱਡੀ ਸਾਜ਼ਿਸ਼ ਵੱਲ ਇਸ਼ਾਰਾ ਕਰਦਾ ਹੈ। ਉਨ੍ਹਾਂ ਕਿਹਾ ਕਿ ਆਈਜੀ ਭੁੱਲਰ ਨੂੰ ਪੜ੍ਹਨ ਲਈ ਸਕ੍ਰਿਪਟ ਦੇ ਦਿੱਤੀ ਗਈ, ਪਰ ਗੁਰੂ ਘਰ ਵਿੱਚ ਗੁਰੂ ਦੀ ਕਲਾ ਵਰਤਦੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਉਹ ਇੱਕ ਹੋਰ ਵੀਡੀਓ ਸਾਹਮਣੇ ਲਿਆਉਣਗੇ ਜਿਸ ਵਿੱਚ ਇੱਕ ਹੋਰ ਪੁਲੀਸ ਅਧਿਕਾਰੀ ਨੂੰ ਨਰਾਇਣ ਚੌੜਾ ਦੇ ਨਾਲ ਹੱਥ ਮਿਲਾਉਂਦਿਆਂ ਤੇ ਨਾਲ ਘੁੰਮਦਿਆਂ ਦੇਖਿਆ ਜਾ ਸਕਦਾ ਹੈ। ਉਨ੍ਹਾਂ ਮਜੀਠਾ ਹਲਕੇ ਵਿੱਚ ਇੱਕ ਪੁਲੀਸ ਸਟੇਸ਼ਨ ’ਚ ਹੋਏ ਧਮਾਕੇ ਬਾਰੇ ਸਵਾਲ ਕਰਦਿਆਂ ਕਿਹਾ ਕਿ ਸੂਬੇ ਅੰਦਰ ਹਾਲਾਤ ਚਿੰਤਾਜਨਕ ਹਨ।
ਅਕਾਲ ਤਖ਼ਤ ’ਤੇ ਦੋ ਹਫ਼ਤਿਆਂ ਮਗਰੋਂ ਪੁੱਜੇਗੀ ਅਸਤੀਫ਼ਿਆਂ ਸਬੰਧੀ ਰਿਪੋਰਟ
ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਹੋਰਨਾਂ ਵੱਲੋਂ ਦਿੱਤੇ ਅਸਤੀਫ਼ਿਆਂ ਸਬੰਧੀ ਰਿਪੋਰਟ ਪਾਰਟੀ ਵੱਲੋਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਲੱਗੀ ਤਨਖ਼ਾਹ ਦੀ ਸਮਾਪਤੀ ਮਗਰੋਂ ਅਕਾਲ ਤਖ਼ਤ ਵਿਖੇ ਸੌਂਪੀ ਜਾਵੇਗੀ। ਜ਼ਿਕਰਯੋਗ ਹੈ ਕਿ ਅਕਾਲ ਤਖ਼ਤ ਤੋਂ ਸ਼੍ੋਮਣੀ ਅਕਾਲੀ ਦਲ ਦੇ ਆਗੂਆਂ ਖ਼ਿਲਾਫ਼ ਲਾਈ ਤਨਖਾਹ ਦੌਰਾਨ ਪਾਰਟੀ ਦੀ ਵਰਕਿੰਗ ਕਮੇਟੀ ਨੂੰ ਆਦੇਸ਼ ਦਿੱਤਾ ਗਿਆ ਸੀ ਕਿ ਉਹ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਸਣੇ ਹੋਰ ਆਗੂਆਂ ਵੱਲੋਂ ਦਿੱਤੇ ਅਸਤੀਫ਼ੇ ਪ੍ਰਵਾਨ ਕਰੇ ਅਤੇ ਇਸ ਸਬੰਧੀ ਰਿਪੋਰਟ ਤਿੰਨ ਦਿਨਾਂ ਵਿੱਚ ਅਕਾਲ ਤਖ਼ਤ ਵਿਖੇ ਭੇਜੇ, ਇਹ ਸਮਾਂ ਅੱਜ ਖ਼ਤਮ ਹੋ ਗਿਆ। ਇਸ ਸਬੰਧੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਵੱਲੋਂ ਸਿੰਘ ਸਾਹਿਬਾਨ ਨੂੰ ਅਪੀਲ ਕੀਤੀ ਗਈ ਸੀ ਕਿ ਇਸ ਮਾਮਲੇ ਵਿੱਚ ਰਿਪੋਰਟ ਤਨਖ਼ਾਹ ਮੁਕੰਮਲ ਹੋਣ ਤੋਂ ਬਾਅਦ ਪੇਸ਼ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਿੰਘ ਸਾਹਿਬਾਨ ਵੱਲੋਂ ਇਸ ਮਾਮਲੇ ਵਿੱਚ ਛੋਟ ਦਿੱਤੀ ਗਈ ਸੀ ਅਤੇ ਹੁਣ ਪਾਰਟੀ ਵੱਲੋਂ ਤਨਖ਼ਾਹ ਮੁਕੰਮਲ ਹੋਣ ਤੋਂ ਬਾਅਦ ਇਹ ਰਿਪੋਰਟ ਅਕਾਲ ਤਖ਼ਤ ਵਿਖੇ ਭੇਜੀ ਜਾਵੇਗੀ। ਇਸ ਦੌਰਾਨ ਅਕਾਲੀ ਦਲ ਨੇ ਸੁਖਬੀਰ ’ਤੇ ਹੋਏ ਹਮਲੇ ’ਤੇ ਚਰਚਾ ਲਈ ਕੋਰ ਕਮੇਟੀ ਦੀ ਹੰਗਾਮੀ ਮੀਟਿੰਗ ਭਲਕੇ 6 ਦਸੰਬਰ ਨੂੰ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ’ਚ ਸੱਦੀ ਹੈ।
ਹਮਲੇ ਦੀ ਜਾਂਚ ਐੱਨਆਈਏ ਤੋਂ ਕਰਵਾਈ ਜਾਵੇ: ਸਰਨਾ
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸੁਖਬੀਰ ਬਾਦਲ ’ਤੇ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਹਮਲੇ ਪਿੱਛੇ ਵੱਡੀ ਸਾਜ਼ਿਸ਼ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਐੱਨਆਈਏ ਤੋਂ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਸਿੱਖ ਕੌਮ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ।