
ਮਨਜੀਤ ਸਿੰਘ ਰਾਏ ਤੇ ਬਲਵੰਤ ਸਿੰਘ ਬਹਿਰਾਮਕੇ ਕਰਨਗੇ ਜਥੇ ਦੀ ਅਗਵਾਈ
* ਕਿਸਾਨ ਆਗੂਆਂ ਨੇ ਸ਼ੰਭੂ ਮੋਰਚੇ ’ਤੇ ਪ੍ਰੈੱਸ ਕਾਨਫਰੰਸ ਦੌਰਾਨ ਿਦੱਤੀ ਜਾਣਕਾਰੀ
ਸ਼ੰਭੂ ਬਾਰਡਰ/ ਪਾਤੜਾਂ,(ਪੰਜਾਬੀ ਰਾਈਟਰ)- ਸ਼ੰਭੂ ਤੇ ਢਾਬੀਗੁੱਜਰਾਂ (ਖਨੌਰੀ) ਬਾਰਡਰਾਂ ’ਤੇ ਗਿਆਰਾਂ ਮਹੀਨਿਆਂ ਤੋਂ ਜਾਰੀ ‘ਕਿਸਾਨ ਅੰਦੋਲਨ-2’ ਦੀ ਕੜੀ ਵਜੋਂ 101 ਕਿਸਾਨਾਂ ਦਾ ਚੌਥਾ ਜਥਾ 21 ਜਨਵਰੀ ਨੂੰ ਦਿੱਲੀ ਵੱਲ ਪੈਦਲ ਕੂਚ ਕਰੇਗਾ। ਜਥੇ ਦੀ ਅਗਵਾਈ ਮਨਜੀਤ ਸਿੰਘ ਰਾਏ ਅਤੇ ਬਲਵੰਤ ਸਿੰਘ ਬਹਿਰਾਮਕੇ ਵੱਲੋਂ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਆਪਣੇ ਅੰਦੋਲਨ ਦੀ ਧਾਰ ਹੋਰ ਤਿੱਖੀ ਕਰਦਿਆਂ ਇਹ ਚੌਥਾ ਜਥਾ ਦਿੱਲੀ ਰਵਾਨਾ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਕਿਸਾਨਾਂ ਨੇ ਸ਼ੰਭੂ ਬਾਰਡਰ ਤੋਂ 6, 8 ਅਤੇ 14 ਦਸੰਬਰ ਨੂੰ ਪੈਦਲ ਅਤੇ ਸ਼ਾਂਤਮਈ ਤਰੀਕੇ ਨਾਲ ਦਿੱਲੀ ਵੱਲ ਕੂਚ ਕੀਤਾ ਸੀ, ਪਰ ਹਰ ਵਾਰੀ ਉਨ੍ਹਾਂ ਨੂੰ ਹਰਿਆਣਾ ਪੁਲੀਸ ਵੱਲੋਂ ਬਾਰਡਰ ’ਤੇ ਕੀਤੀ ਗਈ ਜ਼ਬਰਦਸਤ ਬੈਰੀਕੇਡਿੰਗ ’ਤੇ ਹੀ ਰੋਕ ਲਿਆ ਜਾਂਦਾ ਰਿਹਾ। ਇਸ ਦੌਰਾਨ ਪੁਲੀਸ ਨੇ ਕਿਸਾਨਾਂ ਖਿਲਾਫ਼ ਅੱਥਰੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਸਮੇਤ ਪਾਣੀ ਦੀਆਂ ਬੁਛਾੜਾਂ ਦੀ ਵੀ ਵਰਤੋਂ ਕੀਤੀ। ਇਨ੍ਹਾਂ ਤਿੰਨਾਂ ਕੋਸ਼ਿਸ਼ਾਂ ਦੌਰਾਨ ਸੌ ਦੇ ਕਰੀਬ ਕਿਸਾਨ ਜ਼ਖ਼ਮੀ ਹੁੰਦੇ ਰਹੇ। ਉਪਰੰਤ ‘ਪੰਜਾਬ ਬੰਦ’ ਅਤੇ ‘ਕਿਸਾਨ ਮਹਾਪੰਚਾਇਤ’ ਸਮੇਤ ਦਿੱਤੇ ਗਏ ਕੁਝ ਹੋਰਨਾਂ ਸੱਦਿਆਂ ਕਰਕੇ ਜਥੇ ਭੇਜਣ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਸੀ। ਕਿਸਾਨ ਆਗੂਆਂ ਨੇ ਅੱਜ ਮੁੜ ਕਿਸਾਨਾਂ ਦਾ ਚੌਥਾ ਜਥਾ ਭੇਜਣ ਦਾ ਐਲਾਨ ਕਰਕੇ ਕੇਂਦਰ ਸਰਕਾਰ ਖਿਲਾਫ਼ ਜਾਰੀ ਜੰਗ ਨੂੰ ਹੋਰ ਤਿੱਖੀ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਸੁਰਜੀਤ ਸਿੰਘ ਫੂਲ ਸਮੇਤ ਹੋਰ ਕਿਸਾਨ ਆਗੂਆ ਨੇ ਅੱਜ ਸ਼ੰਭੂ ਮੋਰਚੇ ’ਚ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਦਿੱਲੀ ਕੂਚ ਲਈ ਚੌਥਾ ਜਥਾ ਭੇਜਣ ਦਾ ਫੈਸਲਾ ਕੀਤਾ। ਇਸ ਮੌਕੇ ਬਲਵੰਤ ਸਿੰਘ ਬਹਿਰਾਮਕੇ, ਬਲਕਾਰ ਸਿੰਘ ਬੈਂਸ, ਤੇਜਬੀਰ ਸਿੰਘ ਪੰਜੋਖਰਾ, ਜੰਗ ਸਿੰਘ ਭਟੇੜੀ, ਮਨਜੀਤ ਫੌਜੀ ਅਤੇ ਸੁਖਚੈਨ ਸਿੰਘ ਆਦਿ ਆਗੂ ਵੀ ਮੌਜੂਦ ਸਨ। ਆਗੂਆਂ ਨੇ ਕਿਹਾ ਕਿ ਅੰਤਰਰਾਜੀ ਬਾਰਡਰਾਂ ’ਤੇ ਗਿਆਰਾਂ ਮਹੀਨਿਆਂ ਤੋਂ ਜਾਰੀ ਧਰਨਿਆਂ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ 52 ਦਿਨਾਂ ਤੋਂ ਜਾਰੀ ਮਰਨ ਵਰਤ ਨੂੰ ਲੈ ਕੇ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਕਾਰਨ ਨਾ ਸਿਰਫ਼ ਕਿਸਾਨਾਂ ਤੇ ਮਜ਼ਦੂਰਾਂ ਬਲਕਿ ਦੇਸ਼ ਦੇ ਹੋਰਨਾਂ ਵਰਗਾਂ ’ਚ ਭਾਰੀ ਰੋਸ ਹੈ।
ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਸੰਨ੍ਹ ਮਾਮਲੇ ’ਚ ਧਾਰਾ 307 ਜੋੜਨ ਦੀ ਨਿਖੇਧੀ
ਕਿਸਾਨ ਆਗੂ ਸੁਰਜੀਤ ਸਿੰਘ ਫੂਲ ਨੇ 5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਮੌਕੇ ਬਠਿੰਡਾ ਤੋਂ ਸੜਕੀ ਰਸਤੇ ਫਿਰੋਜ਼ਪੁਰ ਜਾਂਦਿਆਂ ਰਾਹ ਵਿਚ ਪੀਐੱਮ ਦੇ ਕਾਫ਼ਲੇ ਨੂੰ ਕਿਸਾਨਾਂ ਵੱਲੋਂ ਰੋਕੇ ਨਾਲ ਜੁੜੇ ਕੇਸ ਵਿਚ ਧਾਰਾ 307 (ਇਰਾਦਾ ਕਤਲ) ਜੋੜੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਧਾਰਾ 307 ਕੇਂਦਰ ਸਰਕਾਰ ਦੇ ਦਬਾਅ ਹੇਠ ਆ ਕੇ ਸ਼ਾਮਲ ਕੀਤੀ ਹੈ।
ਮਰਨ ਵਰਤ ’ਤੇ ਬੈਠੇ ਕਿਸਾਨ ਨੂੰ ਮਿਰਗੀ ਦਾ ਦੌਰਾ ਪਿਆ
ਪਟਿਆਲਾ/ਪਾਤੜਾਂ ; ਕਿਸਾਨਾਂ ਦੀਆਂ ਮੰਗਾਂ ਮਨਵਾਉਣ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਹਮਾਇਤ ’ਚ ਢਾਬੀ ਗੁੱਜਰਾਂ ਬਾਰਡਰ ’ਤੇ ਕਿਸਾਨਾਂ ਦੇ 111 ਮੈਂਬਰੀ ਜਥੇ ਦਾ ਮਰਨ ਵਰਤ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਅੱਜ ਇਕ ਕਿਸਾਨ ਪ੍ਰਿਤਪਾਲ ਸਿੰਘ ਨੂੰ ਦੌਰਾ ਪੈਣ ਕਾਰਨ ਉਹ ਬੇਹੋਸ਼ ਹੋ ਗਿਆ ਜਿਸ ਕਾਰਨ ਕਿਸਾਨਾਂ ਸਮੇਤ ਡਾਕਟਰਾਂ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ। ਮਰਨ ਵਰਤ ਉਪਰ ਬੈਠੇ ਕਿਸਾਨਾਂ ਨੇ ਡਾਕਟਰਾਂ ਨੂੰ ਪਹਿਲਾਂ ਹੀ ਬੇਨਤੀ ਕੀਤੀ ਹੋਈ ਹੈ ਕਿ ਕਿਸੇ ਵੀ ਸੂਰਤ ’ਚ ਉਨ੍ਹਾਂ ਨੂੰ ਕੋਈ ਵੀ ਦਵਾਈ-ਬੂਟੀ ਨਾ ਦਿੱਤੀ ਜਾਵੇ। ਡਾਕਟਰਾਂ ਨੇ ਪ੍ਰਿਤਪਾਲ ਸਿੰਘ ਦੇ ਹੱਥਾਂ ਅਤੇ ਪੈਰਾਂ ਦੀਆਂ ਤਲੀਆਂ ਦੀ ਮਾਲਸ਼ ਮਗਰੋਂ ਉਸ ਨੂੰ ਹੋਸ਼ ’ਚ ਲਿਆਂਦਾ। ਡਾਕਟਰਾਂ ਨੇ ਕਿਹਾ ਕਿ ਦੌਰਾ ਪੈਣ ਕਾਰਨ ਕਿਸਾਨ ਨੂੰ ਦੰਦਲ ਪੈ ਗਈ ਸੀ ਤੇ ਉਸ ਦੇ ਮੂੰਹ ਵਿਚੋਂ ਝੱਗ ਵੀ ਨਿਕਲੀ ਸੀ। ਇਸੇ ਦੌਰਾਨ ਪੰਜਾਬ ਪੁਲੀਸ ਦੇ ਅਧਿਕਾਰੀਆਂ ਨੇ ਅੱਜ ਢਾਬੀ ਗੁੱਜਰਾਂ ਮੋਰਚੇ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਜਗਜੀਤ ਸਿੰਘ ਡੱਲੇਵਾਲ ਦਾ ਹਾਲ-ਚਾਲ ਪੁੱਛਿਆ ਅਤੇ ਕਾਕਾ ਸਿੰਘ ਕੋਟੜਾ ਤੇ ਹੋਰ ਕਿਸਾਨ ਆਗੂਆਂ ਨਾਲ ਵੀ ਗੱਲਬਾਤ ਕੀਤੀ।