ਅਤਿਵਾਦ ਦੇ ਸਾਜ਼ਿਸ਼ਘਾੜੇ ਤੇ ਪੀੜਤ ਇਕੱਠੇ ਨਹੀਂ ਬੈਠ ਸਕਦੇ: ਜੈਸ਼ੰਕਰ

ਅਤਿਵਾਦ ਦੇ ਸਾਜ਼ਿਸ਼ਘਾੜੇ ਤੇ ਪੀੜਤ ਇਕੱਠੇ ਨਹੀਂ ਬੈਠ ਸਕਦੇ: ਜੈਸ਼ੰਕਰ

ਬੇਨੌਲਿਮ (ਗੋਆ), 5 ਮਈ - ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅੱਜ ਐੱਸਸੀਓ ਕਾਨਕਲੇਵ ਤੋੋਂ ਇਕ ਪਾਸੇ ਆਪਣੇ ਪਾਕਿਸਤਾਨੀ ਹਮਰੁਤਬਾ ਬਿਲਾਵਲ ਭੁੱਟੋ ਜ਼ਰਦਾਰੀ ’ਤੇ ਜ਼ੋਰਦਾਰ ਹਮਲਾ ਕਰਦਿਆਂ ਕਿਹਾ ਕਿ ‘ਅਤਿਵਾਦ ਪੀੜਤ ਤੇ ਅਤਿਵਾਦ ਦੇ ਸਾਜ਼ਿਸ਼ਘਾੜੇੇ ਇਕੱਠੇ ਨਹੀਂ ਬੈਠ ਸਕਦੇ।’ ਉਨ੍ਹਾਂ ਕਿਹਾ ਕਿ ਐੱਸਸੀਓ ਮੀਟਿੰਗ ਵਿੱਚ ਅਤਿਵਾਦ ਦੀ ਇੰਡਸਟਰੀ ਦੇ ‘ਪ੍ਰਮੋਟਰ, ਹਮਾਇਤੀ ਤੇ ਤਰਜਮਾਨ’ ਵਜੋਂ ਇਸ ਅਲਾਮਤ ਨੂੰ ਲੈ ਕੇ ਪਾਕਿਸਤਾਨ ਦੀ ਪੁਜ਼ੀਸ਼ਨ ਜੱਗ ਜ਼ਾਹਿਰ ਹੋ ਗਈ ਹੈ। ਜੈਸ਼ੰਕਰ ਨੇ ਕਿਹਾ ਕਿ ਇਸ ਅਲਾਮਤ ਨਾਲ ਸਿੱਝਣ ਬਾਰੇ ਪਾਕਿਸਤਾਨ ਦੀ ਸਾਖ਼ ਉਨ੍ਹਾਂ ਦੇ ਵਿਦੇਸ਼ੀ ਕਰੰਸੀ ਦੇ ਭੰਡਾਰਾਂ ਨਾਲੋਂ ਵੀ ਤੇਜ਼ੀ ਨਾਲ ਡਿੱਗ ਰਹੀ ਹੈ। ਜੈਸ਼ੰਕਰ ਨੇ ਇਹ ਟਿੱਪਣੀਆਂ ਭੁੱਟੋ ਜ਼ਰਦਾਰੀ ਦੇ ਉਸ ਦਾਅਵੇ ਦੀ ਪ੍ਰਤੀਕਿਰਿਆ ਵਿੱਚ ਕੀਤੀ ਹੈ, ਜਿਸ ਵਿੱਚ ਪਾਕਿ ਵਿਦੇਸ਼ ਮੰਤਰੀ ਨੇ ਭਾਰਤ ਦੇ ਅਸਿੱਧੇ ਹਵਾਲੇ ਨਾਲ ਕਿਹਾ ਸੀ ਕਿ ਕੂਟਨੀਤਕ ਪੱਧਰ ’ਤੇ ਲਾਹਾ ਲੈਣ ਲਈ ਅਤਿਵਾਦ ਨੂੰ ਹਥਿਆਰ ਵਜੋਂ ਨਾ ਵਰਤਿਆ ਜਾਵੇ। ਉਂਜ ਇਸ ਤੋਂ ਪਹਿਲਾਂ ਜੈਸ਼ੰਕਰ ਨੇ ਐੱਸਸੀਓ ਦੇ ਆਪਣੇ ਹਮਰੁਤਬਾਵਾਂ ਨੂੰ ਸੰਬੋਧਨ ਕਰਦਿਆਂ ਸਰਹੱਦ ਪਾਰੋਂ ਅਤਿਵਾਦ ਸਣੇ ਅਤਿਵਾਦ ਦੇ ਹਰੇਕ ਰੂਪ ’ਤੇ ਰੋਕ ਲਾਉਣ ਦਾ ਸੱਦਾ ਦਿੱਤਾ ਸੀ। ਅਤਿਵਾਦ ਦੇ ਟਾਕਰੇ ਲਈ ਭਾਰਤ ਤੇ ਪਾਕਿਸਤਾਨ ਵਿਚਾਲੇ ਕੋਈ ਗੱਲਬਾਤ ਹੋਣ ਦੀ ਸੰਭਾਵਨਾ ਬਾਰੇ ਪੁੱਛਣ ’ਤੇ ਵਿਦੇਸ਼ ਮੰਤਰੀ ਨੇ ਕਿਹਾ, ‘‘ਅਤਿਵਾਦ ਦੀ ਮਾਰ ਝੱਲਣ ਵਾਲੇ ਅਤਿਵਾਦ ਦੇ ਸਾਜ਼ਿਸ਼ਘਾੜਿਆਂ ਨਾਲ ਬੈਠ ਕੇ ਅਤਿਵਾਦ ਬਾਰੇ ਚਰਚਾ ਨਹੀਂ ਕਰ ਸਕਦੇ।’’ ਜੈਸ਼ੰਕਰ ਨੇ ਜ਼ੋਰ ਦੇ ਕੇ ਆਖਿਆ ਕਿ ਜੰਮੂ ਕਸ਼ਮੀਰ ਭਾਰਤ ਦਾ ‘ਅਟੁੱਟ’ ਹਿੱਸਾ ‘ਸੀ, ਹੈ ਤੇ ਰਹੇਗਾ’। ਵਿਦੇਸ਼ ਮੰਤਰੀ ਨੇ ਕਿਹਾ ਕਿ ਭੁੱਟੋ ਜ਼ਰਦਾਰੀ ਐੱਸਸੀਓ ਮੈਂਬਰ ਮੁਲਕ ਦੇ ਵਿਦੇਸ਼ ਮੰਤਰੀ ਵਜੋਂ ਭਾਰਤ ਆਏ ਹਨ ਤੇ ਇਹ ਬਹੁਪੱਖੀ ਕੂਟਨੀਤੀ ਦਾ ਹਿੱਸਾ ਹੈ। ਇਹਨੂੰ ਇਸ ਤੋਂ ਵੱਧ ਹੋਰ ਨਾ ਦੇਖਿਆ ਜਾਵੇ।’’ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਬਾਰੇ ਜੈਸ਼ੰਕਰ ਨੇ ਕਿਹਾ ਕਿ ਇਹ ਪਹਿਲਾਂ ਹੀ ਸਾਫ਼ ਕਰ ਦਿੱਤਾ ਗਿਆ ਹੈ ਕਿ ਕੁਨੈਕਟੀਵਿਟੀ ਤਰੱਕੀ ਲਈ ਚੰਗੀ ਹੈ, ਪਰ ਇਹ ਮੁਲਕਾਂ ਦੀ ਪ੍ਰਦੇਸ਼ਕ ਅਖੰਡਤਾ ਤੇ ਪ੍ਰਭੂਸੱਤਾ ਦੀ ਅਵੱਗਿਆ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਭੁੱਟੋ ਜ਼ਰਦਾਰੀ ਦੀ ਟਹਿਲ ਸੇਵਾ ਐੱਸਸੀਓ ਮੈਂਬਰ ਮੁਲਕ ਦੇ ਵਿਦੇਸ਼ ਮੰਤਰੀ ਵਜੋਂ ਕੀਤੀ ਗਈ ਹੈ।