ਲੋਕ ਸਭਾ ਚੋਣਾਂ: ਪੰਜਾਬ ਵਿੱਚ ਪੋਲਿੰਗ 3.16 ਫ਼ੀਸਦ ਘਟੀ

ਲੋਕ ਸਭਾ ਚੋਣਾਂ: ਪੰਜਾਬ ਵਿੱਚ ਪੋਲਿੰਗ 3.16 ਫ਼ੀਸਦ ਘਟੀ

ਚੰਡੀਗੜ੍ਹ,-ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ’ਤੇ ਸ਼ਨਿਚਰਵਾਰ ਨੂੰ ਪੋਲਿੰਗ ਅਮਨ-ਅਮਾਨ ਨਾਲ ਮੁਕੰਮਲ ਹੋ ਗਈ। ਇਸ ਦੇ ਨਾਲ ਹੀ ਚੋਣ ਮੈਦਾਨ ਵਿੱਚ ਨਿੱਤਰੇ 328 ਉਮੀਦਵਾਰਾਂ ਦੀ ਕਿਸਮਤ ਈਵੀਐੱਮਜ਼ ਵਿੱਚ ਬੰਦ ਹੋ ਚੁੱਕੀ ਹੈ, ਜਿਨ੍ਹਾਂ ਦਾ ਫ਼ੈਸਲਾ 4 ਜੂਨ ਨੂੰ ਹੋਵੇਗਾ। ਪੰਜਾਬ ਵਿੱਚ ਐਤਕੀਂ ਪਿਛਲੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ’ਚ 3.16 ਫ਼ੀਸਦ ਪੋਲਿੰਗ ਘੱਟ ਹੋਈ ਹੈ। ਸੂਬੇ ਦੇ ਚੋਣ ਕਮਿਸ਼ਨ ਮੁਤਾਬਕ ਇਸ ਵਾਰ 62.80 ਫ਼ੀਸਦ ਵੋਟਿੰਗ ਹੋਈ ਹੈ ਜਦਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ 65.96 ਫ਼ੀਸਦ ਲੋਕਾਂ ਨੇ ਆਪਣੀ ਜਮਹੂਰੀ ਹੱਕ ਦੀ ਵਰਤੋਂ ਕੀਤੀ ਸੀ। ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਵਿੱਚ ਸਭ ਤੋਂ ਵੱਧ 69.36 ਫ਼ੀਸਦ ਵੋਟਾਂ ਪਈਆਂ ਹਨ ਜਦਕਿ ਅੰਮ੍ਰਿਤਸਰ ਦੇ ਲੋਕਾਂ ਨੇ ਉਤਸ਼ਾਹ ਨਹੀਂ ਦਿਖਾਇਆ ਜਿਸ ਕਾਰਨ ਉਥੇ ਸਭ ਤੋਂ ਘੱਟ 56.06 ਫ਼ੀਸਦ ਮਤਦਾਨ ਹੋਇਆ ਹੈ।