ਭਤੀਜਿਆਂ ਵੱਲੋਂ ਤੰਗ ਕਰਨ ’ਤੇ ਕਿਸਾਨ ਵੱਲੋਂ ਖੁਦਕੁਸ਼ੀ

ਭਤੀਜਿਆਂ ਵੱਲੋਂ ਤੰਗ ਕਰਨ ’ਤੇ ਕਿਸਾਨ ਵੱਲੋਂ ਖੁਦਕੁਸ਼ੀ

ਛੇ ਖਿਲਾਫ ਮਾਮਲਾ ਦਰਜ

ਲਾਲੜੂ,(ਪੰਜਾਬੀ ਰਾਈਟਰ)- ਲਾਲੜੂ ਥਾਣੇ ਅਧੀਨ ਆਉਂਦੇ ਪਿੰਡ ਟਿਵਾਣਾ ਵਿਚ ਇਕ 62 ਸਾਲਾ ਕਿਸਾਨ ਨੇ ਭਤੀਜਿਆਂ ਤੇ ਹੋਰਾਂ ਵੱਲੋਂ ਪ੍ਰੇਸ਼ਾਨ ਕਰਨ ’ਤੇ ਜ਼ਹਿਰ ਨਿਗਲ ਲਿਆ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ।

ਜ਼ਿਕਰਯੋਗ ਹੈ ਕਿ ਕਿਸਾਨ ਨਿਰਮਲ ਸਿੰਘ ਪੁੱਤਰ ਜਸਰਾਮ ਨੇ ਮੌਤ ਤੋਂ ਪਹਿਲਾਂ ਇਕ ਵੀਡੀਓ ਰਿਕਾਰਡ ਕਰਕੇ ਆਪਣੇ ਦੋ ਭਤੀਜਿਆਂ ਅਤੇ ਕੁਝ ਮਹਿਲਾਵਾਂ ’ਤੇ ਉਸ ਨੂੰ ਜ਼ਲੀਲ ਕਰਨ, ਪੈਸਿਆਂ ਦੀ ਮੰਗ ਕਰਨ ਅਤੇ ਆਪਣੀ ਹੀ ਫਸਲ ਕੱਟਣ ਤੋਂ ਰੋਕਣ ਦੇ ਦੋਸ਼ ਲਾਏ।

ਜਾਣਕਾਰੀ ਮੁਤਾਬਕ ਨਿਰਮਲ ਸਿੰਘ ਵਾਸੀ ਟਿਵਾਣਾ ਨੇ ਜ਼ਹਿਰੀਲੀ ਵਸਤੂ ਦਾ ਸੇਵਨ ਕਰ ਲਿਆ। ਪਰਿਵਾਰ ਵੱਲੋਂ ਤੁਰੰਤ ਅੰਬਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਹੋਣ ’ਤੇ ਉਸ ਨੂੰ ਚੰਡੀਗੜ੍ਹ ਦੇ ਸੈਕਟਰ 32 ਸਥਿਤ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ , ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।

ਕਿਸਾਨ ਨੇ ਮੌਤ ਤੋਂ ਪਹਿਲਾਂ ਰਿਕਾਰਡ ਕੀਤੀ ਵੀਡੀਓ ਵਿੱਚ ਦੱਸਿਆ ਕਿ ਉਸ ਦੇ ਵੱਡੇ ਭਰਾ ਦੇ ਲੜਕੇ ਲਖਵਿੰਦਰ ਸਿੰਘ, ਹਰਜਿੰਦਰ ਸਿੰਘ ਅਤੇ ਚਾਰ ਅਣਪਛਾਤੀਆਂ ਮਹਿਲਾਵਾਂ ਨੇ ਨਾ ਸਿਰਫ਼ ਉਸ ਨੂੰ ਤਣਾਅ ਦਿੱਤਾ, ਸਗੋਂ ਉਸ ਦੀ ਖੁਦ ਦੀ ਜ਼ਮੀਨ ’ਤੇ ਖੜ੍ਹੀ ਫਸਲ ਵੀ ਨਹੀਂ ਕੱਟਣ ਦਿੱਤੀ ਜਿਸ ਕਾਰਨ ਉਹ ਲੰਮੇ ਸਮੇਂ ਤੋਂ ਆਰਥਿਕ ਤੰਗੀ ਦਾ ਸ਼ਿਕਾਰ ਚੱਲ ਰਿਹਾ ਸੀ।

ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਸਬ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਨਿਰਮਲ ਸਿੰਘ ਦੇ ਪੁੱਤਰ ਜਸਵਿੰਦਰ ਸਿੰਘ ਦੇ ਬਿਆਨ ’ਤੇ ਲਖਵਿੰਦਰ ਸਿੰਘ, ਹਰਜਿੰਦਰ ਸਿੰਘ ਅਤੇ ਚਾਰ ਹੋਰਾਂ ਖ਼ਿਲਾਫ ਮਰਨ ਲਈ ਮਜਬੂਰ ਕੀਤੇ ਜਾਣ ਦੇ ਦੋਸ਼ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ ਪੋਸਟ ਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਪੁਲੀਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਮੁਲਜ਼ਮ ਆਪਣੇ ਘਰਾਂ ਨੂੰ ਤਾਲੇ ਲਾ ਕੇ ਫਰਾਰ ਹੋ ਗਏ ਹਨ।