
ਲਹਿਰਾਗਾਗਾ,(ਪੰਜਾਬੀ ਰਾਈਟਰ)- ਇੱਥੋਂ ਨੇੜਲੇ ਪਿੰਡ ਢੀਂਡਸਾ ਦੇ ਕਿਸਾਨ ਬੂਟਾ ਸਿੰਘ ਨੇ ਆਰਥਿਕ ਤੰਗੀ ਕਾਰਨ ਆਪਣੇ ਘਰ ’ਚ ਕੋਈ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਬੂਟਾ ਸਿੰਘ ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਸੀ। ਉਸ ਨੇ ਅੱਜ ਆਪਣੇ ਘਰ ’ਚ ਕੀਟਨਾਸ਼ਕ ਦਵਾਈ ਨਿਗਲ ਲਈ। ਇਸ ਬਾਰੇ ਪਤਾ ਲੱਗਣ ’ਤੇ ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ ਤੇ ਪੁਲੀਸ ਨੂੰ ਵੀ ਸੂਚਨਾ ਦਿੱਤੀ ਗਈ ਹੈ। ਮ੍ਰਿਤਕ ਦੇ ਪਰਿਵਾਰ ਵਿੱਚ ਪਤਨੀ, ਪੁੱਤਰ ਅਤੇ ਧੀ ਹੈ। ਬੀਕੇਯੂ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਮੀਤ ਪ੍ਰਧਾਨ ਬਹਾਲ ਸਿੰਘ ਢੀਂਡਸਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਪਰਿਵਾਰ ਨੂੰ ਪੰਜ ਲੱਖ ਦੀ ਆਰਥਿਕ ਸਹਾਇਤਾ ਦਿੱਤੀ ਜਾਵੇ।