ਰੰਗ ਸੁਨਹਿਰੀ: ਪੰਜਾਬ ’ਚ ਕਣਕ ਦੀ ਬੰਪਰ ਫ਼ਸਲ ਤੋਂ ਕਿਸਾਨ ਖ਼ੁਸ਼

ਰੰਗ ਸੁਨਹਿਰੀ: ਪੰਜਾਬ ’ਚ ਕਣਕ ਦੀ ਬੰਪਰ ਫ਼ਸਲ ਤੋਂ ਕਿਸਾਨ ਖ਼ੁਸ਼

ਕਣਕ ਦਾ ਝਾੜ ਵਧਿਆ; ਕੇਂਦਰ ਨੇ ਖ਼ਰੀਦ ਸੀਜ਼ਨ 15 ਮਈ ਤੱਕ ਕੀਤਾ

ਚੰਡੀਗੜ੍ਹ,(ਪੰਜਾਬੀ ਰਾਈਟਰ)- ਐਤਕੀਂ ਪੰਜਾਬ ’ਚ ਕਣਕ ਦੀ ਬੰਪਰ ਫ਼ਸਲ ਹੋਣ ਦਾ ਅਨੁਮਾਨ ਹੈ, ਜਿਸ ਤੋਂ ਕਿਸਾਨ ਕਾਫ਼ੀ ਆਸਵੰਦ ਹਨ ਅਤੇ ਖ਼ੁਸ਼ ਵੀ ਹਨ। ਇਸ ਵਾਰ ਕਣਕ ਦਾ ਸੀਜ਼ਨ ਸਭ ਤੋਂ ਛੋਟਾ ਰਹਿਣ ਦੀ ਸੰਭਾਵਨਾ ਹੈ। ਆਮ ਤੌਰ ’ਤੇ ਪੰਜਾਬ ਵਿੱਚ ਕਣਕ ਦੀ ਖ਼ਰੀਦ ਦਾ ਕੰਮ 15 ਮਈ ਤੱਕ ਮੁਕੰਮਲ ਹੁੰਦਾ ਹੈ, ਜਦਕਿ ਇਸ ਵਾਰ 5 ਮਈ ਤੋਂ ਪਹਿਲਾਂ ਹੀ ਸੀਜ਼ਨ ਖ਼ਤਮ ਹੋ ਸਕਦਾ ਹੈ। ਕੇਂਦਰ ਨੇ ਕਣਕ ਦਾ ਸੀਜ਼ਨ 31 ਮਈ ਤੋਂ ਘਟਾ ਕੇ 15 ਮਈ ਤੱਕ ਦਾ ਕਰ ਦਿੱਤਾ ਹੈ।

ਵੇਰਵਿਆਂ ਅਨੁਸਾਰ ਅੱਜ ਇੱਕੋ ਦਿਨ ’ਚ ਪੰਜਾਬ ਦੇ ਖ਼ਰੀਦ ਕੇਂਦਰਾਂ ਵਿੱਚ 2.32 ਲੱਖ ਟਨ ਫ਼ਸਲ ਪੁੱਜੀ ਹੈ। ਇਸ ਤਰ੍ਹਾਂ ਹੁਣ ਤੱਕ 4.59 ਲੱਖ ਟਨ ਦੀ ਆਮਦ ਹੋ ਚੁੱਕੀ ਹੈ। ਮੰਡੀਆਂ ’ਚ ਪੁੱਜ ਰਹੀ ਫ਼ਸਲ ਦੇ ਮੁੱਢਲੇ ਰੁਝਾਨ ਸਾਹਮਣੇ ਆਏ ਹਨ ਕਿ ਐਤਕੀਂ ਫ਼ਸਲ ਦਾ ਝਾੜ ਚਾਰ ਕੁਇੰਟਲ ਪ੍ਰਤੀ ਏਕੜ ਤੱਕ ਵਧ ਆ ਰਿਹਾ ਹੈ। ਆੜ੍ਹਤੀਆਂ ਨੇ ਦੱਸਿਆ ਹੈ ਕਿ ਪਿਛਲੇ ਸਾਲ ਦੇ 21-22 ਕੁਇੰਟਲ ਪ੍ਰਤੀ ਏਕੜ ਦੇ ਝਾੜ ਦੇ ਮੁਕਾਬਲੇ ਇਸ ਵਾਰ 25-26 ਕੁਇੰਟਲ ਪ੍ਰਤੀ ਏਕੜ ਝਾੜ ਨਿਕਲ ਰਿਹਾ ਹੈ। ਇਸ ਝਾੜ ਨੂੰ ਲੈ ਕੇ ਕਿਸਾਨਾਂ ਦੇ ਚਿਹਰਿਆਂ ’ਤੇ ਖ਼ੁਸ਼ੀ ਆਈ ਹੈ।

ਕਿਸਾਨਾਂ ਨੂੰ ਆਉਂਦੇ ਦਿਨਾਂ ’ਚ ਮੌਸਮ ਖਰਾਬ ਹੋਣ ਦਾ ਡਰ ਸਤਾ ਰਿਹਾ ਹੈ। ਮੌਸਮ ਵਿਭਾਗ ਨੇ 17 ਅਪਰੈਲ ਤੋਂ ਬਾਅਦ ਮੌਸਮ ਦਾ ਮਿਜ਼ਾਜ ਬਦਲਣ ਦੀ ਪੇਸ਼ੀਨਗੋਈ ਕੀਤੀ ਹੈ। ਵਿਸਾਖੀ ਮਗਰੋਂ ਹੁਣ ਵਾਢੀ ਦਾ ਕੰਮ ਜ਼ੋਰ ਫੜ ਗਿਆ ਹੈ। ਮੌਸਮ ਵਿਭਾਗ ਨੇ 16-17 ਅਪਰੈਲ ਨੂੰ ਤਾਪਮਾਨ ਇਕਦਮ ਪੰਜ ਤੋਂ ਛੇ ਡਿਗਰੀ ਸੈਲਸੀਅਸ ਵਧਣ ਦਾ ਅਨੁਮਾਨ ਲਾਇਆ ਹੈ। ਆਉਂਦੇ ਇੱਕ ਹਫ਼ਤੇ ਵਿੱਚ ਮੰਡੀਆਂ ’ਚ ਫ਼ਸਲ ਦੀ ਆਮਦ ਇਕਦਮ ਸਿਖਰ ਵੱਲ ਜਾਵੇਗੀ। ਅਨਾਜ ਮੰਡੀ ਖੰਨਾ ਦੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਫ਼ਸਲ ਦੀ ਆਮਦ ਦੇ ਸ਼ੁਰੂਆਤੀ ਰੁਝਾਨ ਫ਼ਸਲ ਬੰਪਰ ਰਹਿਣ ਵੱਲ ਇਸ਼ਾਰਾ ਕਰ ਰਹੇ ਹਨ।

ਰਾਜਪੁਰਾ ਮੰਡੀ ਦੇ ਕਮਿਸ਼ਨ ਏਜੰਟ ਮਹਿੰਦਰ ਕ੍ਰਿਸ਼ਨ ਚੰਦ ਅਰੋੜਾ ਨੇ ਦੱਸਿਆ ਕਿ ਫ਼ਸਲ ਦੀ ਘੱਟੋ ਘੱਟ ਸ਼ੁਰੂਆਤੀ ਆਮਦ ਵਿੱਚ ਝਾੜ 3-4 ਕੁਇੰਟਲ ਪ੍ਰਤੀ ਏਕੜ ਵੱਧ ਜਾਪਦਾ ਹੈ। ਖੇਤੀਬਾੜੀ ਵਿਭਾਗ ਦੇ ਸੀਨੀਅਰ ਅਧਿਕਾਰੀ ਆਖਦੇ ਹਨ ਕਿ ਕਣਕ ਦੀ ਵਾਢੀ ਹਾਲ ਹੀ ਵਿੱਚ ਤੇਜ਼ ਹੋਈ ਹੈ ਅਤੇ ਝਾੜ ਜਾਣਨ ਲਈ ਮੁੱਢਲੇ ਸਰਵੇਖਣ ਚੱਲ ਰਹੇ ਹਨ। ਪੈਦਾਵਾਰ ਪੂਰੀ ਆਉਣ ਮਗਰੋਂ ਹੀ ਅਸਲ ਝਾੜ ਦਾ ਪਤਾ ਲੱਗ ਸਕੇਗਾ।

ਵੇਰਵਿਆਂ ਅਨੁਸਾਰ ਪਹਿਲੀ ਅਪਰੈਲ ਤੋਂ ਸ਼ੁਰੂ ਹੋਈ ਖ਼ਰੀਦ ਨੂੰ ਲੈ ਕੇ ਹੁਣ ਤੱਕ ਮੰਡੀਆਂ ਵਿੱਚ 4.59 ਲੱਖ ਟਨ ਕਣਕ ਆਈ ਹੈ, ਜਿਸ ’ਚੋਂ 2.32 ਲੱਖ ਟਨ ਅੱਜ ਹੀ ਪਹੁੰਚੀ ਹੈ। ਆਉਂਦੇ ਦਿਨਾਂ ’ਚ ਪ੍ਰਤੀ ਦਿਨ 8 ਤੋਂ 10 ਲੱਖ ਟਨ ਦੀ ਆਮਦ ਰਹਿਣ ਦੀ ਸੰਭਾਵਨਾ ਹੈ।

ਕਣਕ ਦੀ ਖ਼ਰੀਦ : ਇੱਕ ਨਜ਼ਰ

ਕਣਕ ਦੀ ਕੁੱਲ ਆਮਦ : 4.59 ਲੱਖ ਟਨ

ਕਣਕ ਦੀ ਕੁੱਲ ਖ਼ਰੀਦ : 3.41 ਲੱਖ ਟਨ

ਕਣਕ ਦੀ ਕੁੱਲ ਲਿਫ਼ਟਿੰਗ : 68000 ਟਨ

ਪ੍ਰਾਈਵੇਟ ਖ਼ਰੀਦ : 65000 ਟਨ