
ਬੀਕੇਯੂ ਏਕਤਾ (ਉਗਰਾਹਾਂ) ਦਾ ਪੱਕਾ ਮੋਰਚਾ ਤੀਜੇ ਦਿਨ ’ਚ ਦਾਖ਼ਲ
ਰਾਮਪੁਰਾ ਫੂਲ,(ਪੰਜਾਬੀ ਰਾਈਟਰ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਪਿੰਡ ਜਿਉਂਦ ਵਿੱਚ ਚੱਲ ਰਿਹਾ ਸੰਘਰਸ਼ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਇਸ ਸਮੇਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਜਿਉਂਦ ਦੇ ਮੁਜਾਰੇ ਕਿਸਾਨਾਂ ਦੇ ਹੱਕ ਵਿੱਚ ਬੀਕੇਯੂ ਏਕਤਾ (ਉਗਰਾਹਾਂ) ਵੱਲੋਂ ਪਿੰਡ ਵਿੱਚ ਦਿਨ-ਰਾਤ ਦਾ ਪੱਕਾ ਮੋਰਚਾ ਲਾਇਆ ਹੋਇਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕਬਜ਼ਾ-ਨਿਸ਼ਾਨਦੇਹੀ ਰੋਕਣ ਲਈ 20 ਜਨਵਰੀ ਨੂੰ ਬਦਿਆਲਾ ਰੋਡ ’ਤੇ ਉਸ ਸਮੇਂ ਮੌਜੂਦ ਸਿਰਫ਼ 12 ਸ਼ਾਂਤਮਈ ਕਿਸਾਨਾਂ ’ਤੇ 300 ਪੁਲੀਸ ਮੁਲਾਜ਼ਮਾਂ ਨੇ ਡਾਂਗਾਂ ਵਰ੍ਹਾਈਆਂ ਸਨ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਨੂੰ ਪੁਲੀਸ ਨਾਲ ਕਿਸਾਨਾਂ ਦਾ ਟਕਰਾਅ ਬਣਾ ਕੇ ਝੂਠਾ ਕੇਸ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਤੱਥਾਂ ਦੇ ਮੱਦੇਨਜ਼ਰ ਹੀ ਜਥੇਬੰਦੀ ਵੱਲੋਂ ਕਬਜ਼ਾ-ਨਿਸ਼ਾਨਦੇਹੀ ਰੋਕਣ ਲਈ ਜਿਉਂਦ ਦੀਆਂ ਸਾਰੀਆਂ ਲਿੰਕ ਸੜਕਾਂ ਉੱਤੇ ਕਿਸਾਨਾਂ ਦੇ ਪੱਕੇ ਪਹਿਰੇ ਤੋਂ ਇਲਾਵਾ ਪਿੰਡ ਵਿੱਚ ਭਾਰੀ ਗਿਣਤੀ ਔਰਤਾਂ ਤੇ ਨੌਜਵਾਨਾਂ ਸਣੇ ਸੈਂਕੜੇ ਕਿਸਾਨਾਂ-ਮਜ਼ਦੂਰਾਂ ਦਾ ਮੋਰਚਾ ਦਿਨ-ਰਾਤ ਜਾਰੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਐੱਸਕੇਐੱਮ ਵੱਲੋਂ ਕੇਂਦਰੀ ਖੇਤੀ ਮੰਡੀਕਰਨ ਨੀਤੀ ਖਰੜਾ ਰੱਦ ਕਰਨ ਸਣੇ ਗਾਰੰਟੀਸ਼ੁਦਾ ਐੱਮਐੱਸਪੀ ਸਣੇ ਲਟਕਦੀਆਂ ਹੋਰ ਕਿਸਾਨੀ ਮੰਗਾਂ ਲਈ 26 ਜਨਵਰੀ ਨੂੰ ਦੇਸ਼ ਭਰ ਵਿੱਚ ਕੀਤੇ ਜਾ ਰਹੇ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਣ ਲਈ ਵੀ ਲਾਮਬੰਦੀ ਕੀਤੀ ਜਾ ਰਹੀ ਹੈ। ਥਾਣਾ ਸਦਰ ਰਾਮਪੁਰਾ ਦੇ ਮੁਖੀ ਜੋਗਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਹੋਈ ਘਟਨਾ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਦੋ ਕੇਸ ਦਰਜ ਕੀਤੇ ਗਏ ਹਨ।