ਜੀ-7: ਮੋਦੀ ਵੱਲੋਂ ਖੇਤਰੀ ਅਖੰਡਤਾ ਤੇ ਪ੍ਰਭੂਸੱਤਾ ਦੇ ਸਤਿਕਾਰ ਦਾ ਸੱਦਾ

ਜੀ-7: ਮੋਦੀ ਵੱਲੋਂ ਖੇਤਰੀ ਅਖੰਡਤਾ ਤੇ ਪ੍ਰਭੂਸੱਤਾ ਦੇ ਸਤਿਕਾਰ ਦਾ ਸੱਦਾ

ਹੀਰੋਸ਼ੀਮਾ, 22 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਪਾਨ ਦੇ ਹੀਰੋਸ਼ੀਮਾ ਸ਼ਹਿਰ ਵਿਚ ਹੋ ਰਹੇ ਜੀ-7 ਸਿਖ਼ਰ ਸੰਮੇਲਨ ਦੇ ਇਕ ਸੈਸ਼ਨ ਵਿਚ ਕਿਹਾ ਕਿ ਉਹ ਯੂਕਰੇਨ ਵਿਚ ਵਰਤਮਾਨ ਹਾਲਾਤ ਨੂੰ ਰਾਜਨੀਤੀ ਜਾਂ ਅਰਥਚਾਰੇ ਦਾ ਨਹੀਂ, ਬਲਕਿ ਮਨੁੱਖਤਾ ਜਾਂ ਮਨੁੱਖੀ ਕਦਰਾਂ-ਕੀਮਤਾਂ ਦਾ ਮੁੱਦਾ ਮੰਨਦੇ ਹਨ। ਉਨ੍ਹਾਂ ਸਾਰੇ ਦੇਸ਼ਾਂ ਨੂੰ ਕੌਮਾਂਤਰੀ ਕਾਨੂੰਨਾਂ, ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੇ ਸਤਿਕਾਰ ਦਾ ਸੱਦਾ ਦਿੱਤਾ। ਮੋਦੀ ਨੇ ਜੀ-7 ਬੈਠਕ ਦੇ ਇਕ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਸਥਿਤੀਆਂ ਨੂੰ ਬਦਲਣ ਦੇ ਇਕਪਾਸੜ ਯਤਨਾਂ ਖ਼ਿਲਾਫ਼ ਸਾਰਿਆਂ ਨੂੰ ਮਿਲ ਕੇ ਆਵਾਜ਼ ਉਠਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਰੇ ਦੇਸ਼ਾਂ ਨੂੰ ਸੰਯੁਕਤ ਰਾਸ਼ਟਰ ਚਾਰਟਰ, ਕੌਮਾਂਤਰੀ ਕਾਨੂੰਨਾਂ ਤੇ ਇਕ-ਦੂਜੇ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਵਾਦ ਤੇ ਕੂਟਨੀਤੀ ਹੀ ਇਸ ਸੰਘਰਸ਼ ਦੇ ਹੱਲ ਦਾ ਇਕੋ-ਇਕ ਰਾਹ ਹੈ। ਪ੍ਰਧਾਨ ਮੰਤਰੀ ਦੀਆਂ ਇਹ ਟਿੱਪਣੀਆਂ ਯੂਕਰੇਨ ’ਤੇ ਰੂਸ ਦੇ ਹਮਲੇ ਅਤੇ ਪੂਰਬੀ ਲੱਦਾਖ ਵਿਚ ਚੀਨ ਦੇ ਨਾਲ ਚੱਲ ਰਹੇ ਸਰਹੱਦੀ ਵਿਵਾਦ ਦੇ ਸੰਦਰਭ ਵਿਚ ਆਈਆਂ ਹਨ। ਮੋਦੀ ਨੇ ਆਪਣੇ ਸੰਬੋਧਨ ਵਿਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨਾਲ ਸ਼ਨਿਚਰਵਾਰ ਨੂੰ ਹੋਈ ਵਾਰਤਾ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਟਕਰਾਅ ਦੇ ਹੱਲ ਲਈ ਜੋ ਵੀ ਸੰਭਵ ਹੋਵੇਗਾ, ਭਾਰਤ ਕਰੇਗਾ। ਪ੍ਰਧਾਨ ਮੰਤਰੀ ਦੀ ਇਹ ਟਿੱਪਣੀ ਜ਼ੈਲੇਂਸਕੀ ਦੇ ਜੀ-7 ਸਮੂਹ ਦੀ ਬੈਠਕ ਨੂੰ ਸੰਬੋਧਨ ਕਰਨ ਤੋਂ ਬਾਅਦ ਆਈ ਹੈ। ਇਸ ਵਿਚ ਯੂਕਰੇਨ ਦੇ ਰਾਸ਼ਟਰਪਤੀ ਨੇ ਰੂਸੀ ਹਮਲੇ ਖ਼ਿਲਾਫ਼ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿਚ ਦੁਨੀਆ ਦੇ ਦੇਸ਼ਾਂ ਤੋਂ ਸਮਰਥਨ ਮੰਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਭਗਵਾਨ ਬੁੱਧ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਤੇ   ਜਪਾਨ ਵਿਚ ਹਜ਼ਾਰਾਂ ਸਾਲਾਂ ਤੋਂ ਬੁੱਧ ਨੂੰ ਮੰਨਿਆ ਜਾਂਦਾ ਹੈ ਤੇ ਆਧੁਨਿਕ ਯੁੱਗ ਵਿਚ ਅਜਿਹੀ ਕੋਈ ਸਮੱਸਿਆ ਨਹੀਂ ਹੈ, ਜਿਸ ਦਾ ਹੱਲ ਅਸੀਂ ਬੁੱਧ ਦੀਆਂ ਸਿੱਖਿਆਵਾਂ ਵਿਚ ਨਾ ਖੋਜ ਸਕੀਏ। ਉਨ੍ਹਾਂ ਕਿਹਾ ਕਿ ਭਾਰਤ ਦਾ ਹਮੇਸ਼ਾ ਇਹੀ ਪੱਖ ਰਿਹਾ ਹੈ ਕਿ ਕਿਸੇ ਵੀ ਤਣਾਅ, ਵਿਵਾਦ ਦਾ ਹੱਲ ਸ਼ਾਂਤੀਪੂਰਨ ਤਰੀਕੇ ਨਾਲ, ਗੱਲਬਾਤ ਜ਼ਰੀਏ ਕੱਢਿਆ ਜਾਣਾ ਚਾਹੀਦਾ ਹੈ ਤੇ ਜੇਕਰ ਕਾਨੂੰਨ ਨਾਲ ਕੋਈ ਹੱਲ ਨਿਕਲਦਾ ਹੈ, ਤਾਂ ਉਸ ਨੂੰ ਮੰਨਿਆ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸੇ ਭਾਵਨਾ ਨਾਲ ਭਾਰਤ ਨੇ ਬੰਗਲਾਦੇਸ਼ ਨਾਲ ਆਪਣੇ ਸਰਹੱਦੀ ਵਿਵਾਦ ਦਾ ਹੱਲ ਕੀਤਾ ਸੀ। -