ਇੰਸਟਾਗ੍ਰਾਮ ’ਤੇ ਸਾਕ ਲੱਭਿਆ ਪਰ ਪੈਲੇਸ ’ਚ ਨਾ ਲੱਭੀ ਲਾੜੀ

ਇੰਸਟਾਗ੍ਰਾਮ ’ਤੇ ਸਾਕ ਲੱਭਿਆ ਪਰ ਪੈਲੇਸ ’ਚ ਨਾ ਲੱਭੀ ਲਾੜੀ

ਲਾੜਾ ਅਤੇ ਬਰਾਤ ਬੇਰੰਗ ਪਰਤੇ; ਲੜਕੀ ਨੇ ਪੈਸੇ ਹੜੱਪੇ

ਮੋਗਾ,(ਪੰਜਾਬੀ ਰਾਈਟਰ)- ਇੱਥੇ ਅੱਜ ਜਲੰਧਰ ਤੋਂ ਇੱਕ ਲਾੜਾ ਬਰਾਤ ਲੈ ਕੇ ਪਹੁੰਚ ਗਿਆ ਪਰ ਇੱਥੇ ਉਸ ਨੂੰ ਨਾ ਦੱਸਿਆ ਹੋਇਆ ਪੈਲੇਸ ਮਿਲਿਆ ਅਤੇ ਨਾ ਹੀ ਲਾੜੀ ਜਾਂ ਉਸ ਦੇ ਪਰਿਵਾਰ ਦਾ ਕੋਈ ਥਹੁ-ਪਤਾ ਲੱਗਿਆ। ਬਰਾਤੀ ਸੜਕ ’ਚ ਹੀ ਬੈਠੇ ਰਹੇ। ਇਸ ਮਗਰੋਂ ਉਨ੍ਹਾਂ ਪੀਸੀਆਰ ’ਤੇ ਇਤਲਾਹ ਦਿੱਤੀ। ਉਨ੍ਹਾਂ ਕੋਲ ਪੁੱਜੀ ਪੁਲੀਸ ਨੇ ਜਦੋਂ ਉਸ ਮੋਬਾਈਲ ਨੰਬਰ ’ਤੇ ਸੰਪਰਕ ਕੀਤਾ ਜਿਸ ’ਤੇ ਲਾੜੀ ਨਾਲ ਗੱਲਬਾਤ ਹੁੰਦੀ ਸੀ ਤਾਂ ਉਹ ਨੰਬਰ ਬੰਦ ਆਇਆ। ਇਸ ਮਗਰੋਂ ਬਰਾਤ ਵਾਪਸ ਚਲੀ ਗਈ।

ਇਸ ਮੌਕੇ ਨਕੋਦਰ ਸਬ-ਡਿਵੀਜ਼ਨ ਅਧੀਨ ਪੈਂਦੇ ਪਿੰਡ ਮੜਿਆਲਾ ਦੇ ਦੀਪਕ ਨੇ ਦੱਸਿਆ ਕਿ ਉਹ ਅਰਬ ਦੇਸ਼ ਵਿੱਚ ਕੰਮ ਕਰਦਾ ਸੀ। ਇਸ ਦੌਰਾਨ ਉਸ ਦੀ ਮਨਪ੍ਰੀਤ ਕੌਰ ਨਾਮ ਦੀ ਲੜਕੀ ਨਾਲ ਇੰਸਟਾਗ੍ਰਾਮ ’ਤੇ ਦੋਸਤੀ ਹੋ ਗਈ। ਇਹ ਗੱਲਬਾਤ ਕਰੀਬ ਤਿੰਨ ਸਾਲਾਂ ਹੁੰਦੀ ਰਹੀ। ਉਸ ਨੇ ਪੁਲੀਸ ਨੂੰ ਦੱਸਿਆ ਕਿ ਉਸ ਲੜਕੀ ਨੇ ਉਸ ਕੋਲੋਂ 50 ਤੋਂ 60 ਹਜ਼ਾਰ ਰੁਪਏ ਵੀ ਹੜੱਪ ਲਏ ਹਨ। ਪੀੜਤ ਨੇ ਦੋਸ਼ ਲਾਇਆ ਕਿ ਲੜਕੀ ਨੇ ਪਹਿਲਾਂ ਦੋ ਦਸੰਬਰ ਨੂੰ ਵਿਆਹ ਦੀ ਤਰੀਕ ਦਿੱਤੀ, ਬਾਅਦ ਵਿੱਚ ਉਸ ਨੇ ਪਿਤਾ ਦੀ ਸਿਹਤ ਠੀਕ ਨਾ ਹੋਣ ਦੀ ਗੱਲ ਆਖ ਕੇ ਛੇ ਦਸੰਬਰ ਨੂੰ ਗੀਤਾ ਭਵਨ ਚੌਕ ਨੇੜੇ ਰੋਜ਼ ਗਾਰਡਨ ਪੈਲੇਸ ’ਚ ਬਰਾਤ ਲਿਆਉਣ ਲਈ ਆਖਿਆ ਸੀ। ਉਹ ਬਰਾਤ ਲੈ ਕੇ ਉੱਥੇ ਪੁੱਜ ਗਏ। ਇੱਥੇ ਆ ਕੇ ਪਤਾ ਲੱਗਿਆ ਕਿ ਇੱਥੇ ਰੋਜ਼ ਗਾਰਡਨ ਨਾਮ ਦਾ ਕੋਈ ਪੈਲੇਸ ਹੈ ਹੀ ਨਹੀਂ। ਉਨ੍ਹਾਂ ਨੇ ਕਈ ਘੰਟੇ ਉਡੀਕ ਕੀਤੀ ਪਰ ਲਾੜੀ ਜਾਂ ਉਸ ਦੇ ਪਰਿਵਾਰ ਦਾ ਕੋਈ ਮੈਂਬਰ ਨਹੀਂ ਆਇਆ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।