ਮੈਂ ਸਿਰਫ਼ ਆਪਣੇ ਦਿਲ ਦੀ ਸੁਣਦੀ ਹਾਂ-ਆਲੀਆ ਭੱਟ

ਮੈਂ ਸਿਰਫ਼ ਆਪਣੇ ਦਿਲ ਦੀ ਸੁਣਦੀ ਹਾਂ-ਆਲੀਆ ਭੱਟ

ਸਾਲ 2013 ਵਿਚ ਪ੍ਰਸਾਰਿਤ ਸ਼ੋਅ-'ਕਾਫੀ ਵਿਦ ਕਰਨ' ਵਿਚ ਆਲੀਆ ਭੱਟ ਨੇ ਵਰੁਣ ਧਵਨ ਅਤੇ ਸਿਧਾਰਥ ਮਲਹੋਤਰਾ ਨਾਲ ਬਤੌਰ ਮਹਿਮਾਨ ਕਲਾਕਾਰ ਹਿੱਸਾ ਲਿਆ ਸੀ। ਉਸ ਸ਼ੋਅ ਵਿਚ ਕਰਨ ਨੇ ਆਲੀਆ ਤੋਂ ਜਦੋਂ ਪੁੱਛਿਆ ਕਿ ਭਾਰਤ ਦੇ ਰਾਸ਼ਟਰਪਤੀ ਕੌਣ ਹਨ? ਤਾਂ ਜਵਾਬ ਵਿਚ ਆਲੀਆ ਨੇ ਕਿਹਾ, 'ਪ੍ਰਿਥਵੀਰਾਜ ਚੌਹਾਨ'। ਉਦੋਂ ਤੋਂ ਆਲੀਆ ਬਾਰੇ ਤਰ੍ਹਾਂ-ਤਰ੍ਹਾਂ ਦੇ ਚੁਟਕਲੇ ਬਣਨ ਲੱਗੇ ਅਤੇ ਉਨ੍ਹਾਂ ਨੂੰ ਬੇਹੱਦ ਘੱਟ ਆਮ ਜਾਣਕਾਰੀ ਵਾਲੀ ਅਦਾਕਾਰਾ ਮੰਨ ਲਿਆ ਗਿਆ।' ਪਰ ਬਤੌਰ ਅਦਾਕਾਰਾ ਆਲੀਆ ਨੇ ਕਦੀ ਵੀ ਕਿਸੇ ਨੂੰ ਖ਼ੁਦ 'ਤੇ ਉਂਗਲੀ ਚੁੱਕਣ ਦਾ ਮੌਕਾ ਨਹੀਂ ਦਿੱਤਾ। ਉਹ ਇਕ ਤੋਂ ਵਧ ਕੇ ਇਕ ਫ਼ਿਲਮਾਂ ਚੁਣਦੀ ਗਈ ਅਤੇ 10 ਸਾਲ ਦੇ ਕਰੀਅਰ ਵਿਚ ਉਸ ਨੇ ਕਈ ਸਫਲ ਫ਼ਿਲਮਾਂ ਦਿੱਤੀਆਂ। 15 ਮਾਰਚ, 1993 ਨੂੰ ਮੁੰਬਈ ਵਿਚ ਪੈਦਾ ਹੋਈ ਆਲੀਆ ਭੱਟ ਸਿਰਫ 9 ਸਾਲ ਦੀ ਉਮਰ ਵਿਚ ਫਾਰੁਖ ਸ਼ੇਖ ਦੇ ਟੀ.ਵੀ. ਸ਼ੋਅ 'ਜੀਨਾ ਇਸੀ ਕਾ ਨਾਮ ਹੈ' ਦੇ 32ਵੇਂ ਐਪੀਸੋਡ ਵਿਚ ਮਹਿਮਾਨ ਆਲੀਆ ਦੇ ਪਿਤਾ ਮਹੇਸ਼ ਭੱਟ ਸਨ। ਆਲੀਆ ਉਸ ਸ਼ੋਅ ਵਿਚ ਪਹੁੰਚੀ ਸੀ। ਉਥੇ ਆਲੀਆ ਨੇ ਪਹਿਲੀ ਵਾਰ ਕਿਹਾ ਸੀ ਕਿ ਉਹ ਨਾਇਕਾ ਬਣਨਾ ਚਾਹੁੰਦੀ ਹੈ।
ਆਲੀਆ ਭੱਟ ਨੇ 1999 ਦੀ ਫ਼ਿਲਮ 'ਸੰਘਰਸ਼' ਵਿਚ ਬਤੌਰ ਬਾਲ ਕਲਾਕਾਰ, ਪ੍ਰੀਟੀ ਜ਼ਿੰਟਾ ਦੇ ਬਚਪਨ ਦੀ ਭੂਮਿਕਾ ਕੀਤੀ ਸੀ। ਇਹ ਉਸ ਦੇ ਪਿਤਾ ਮਹੇਸ਼ ਭੱਟ ਦੇ ਪ੍ਰੋਡਕਸ਼ਨ ਹਾਊਸ ਦੀ ਫ਼ਿਲਮ ਸੀ। ਜਿਵੇਂ ਕਿ ਆਲੀਆ ਭੱਟ ਨੇ 'ਜੀਨਾ ਇਸੀ ਕਾ ਨਾਮ ਹੈ', ਸ਼ੋਅ ਵਿਚ ਕਿਹਾ ਸੀ ਕਿ ਉਹ ਨਾਇਕਾ ਬਣਨਾ ਚਾਹੁੰਦੀ ਹੈ, ਆਪਣੇ ਉਸੇ ਸੁਪਨੇ ਨੂੰ ਅੰਜਾਮ ਤੱਕ ਪੁਹੰਚਾਉਣ ਲਈ ਉਸ ਨੇ 12ਵੀਂ ਵਿਚ ਆਉਂਦੇ-ਆਉਂਦੇ ਪੜ੍ਹਾਈ ਛੱਡ ਦਿੱਤੀ ਅਤੇ ਫ਼ਿਲਮਾਂ ਵਿਚ ਕੰਮ ਕਰਨ ਦੀ ਕੋਸ਼ਿਸ਼ ਵਿਚ ਲਗ ਗਈ। ਆਲੀਆ ਭੱਟ ਨੂੰ ਭਾਵੇਂ ਭਾਈ-ਭਤੀਜਾਵਾਦ ਦੇ ਨਾਂਅ 'ਤੇ ਟ੍ਰੋਲ ਕੀਤਾ ਜਾਂਦਾ ਰਿਹਾ ਹੈ ਪਰ 19 ਸਾਲ ਦੀ ਉਮਰ ਵਿਚ ਉਸ ਨੂੰ ਪਹਿਲੀ ਫ਼ਿਲਮ 'ਸਟੂਡੈਂਟ ਆਫ਼ ਦ ਈਅਰ' ਆਡੀਸ਼ਨ ਜ਼ਰੀਏ ਹੀ ਮਿਲੀ ਸੀ। ਇਸ ਫ਼ਿਲਮ ਲਈ ਜਦੋਂ ਕਰਨ ਜੌਹਰ ਆਡੀਸ਼ਨ ਲੈ ਰਹੇ ਸਨ, ਆਲੀਆ ਸਕੂਲ ਵਰਦੀ ਵਿਚ ਹੀ ਆਡੀਸ਼ਨ ਦੇਣ ਪਹੁੰਚ ਗਈ ਅਤੇ ਇਸ ਤਰ੍ਹਾਂ ਉਹ ਕਰਨ ਦੀ ਸਟੂਡੈਂਟ ਬਣ ਗਈ।
ਕਰੀਅਰ ਦੀ ਰਫ਼ਤਾਰ 'ਤੇ ਰਹਿੰਦੇ ਹੋਏ ਜਦੋਂ ਆਲੀਆ ਨੇ ਰਣਬੀਰ ਕਪੂਰ ਨਾਲ ਵਿਆਹ ਕਰਨ ਦਾ ਫ਼ੈਸਲਾ ਲਿਆ ਤਾਂ ਹਰ ਕਿਸੇ ਨੂੰ ਉਸ ਦੇ ਇਸ ਫ਼ੈਸਲੇ 'ਤੇ ਕਾਫੀ ਹੈਰਾਨੀ ਹੋਈ ਸੀ। ਦੋਵਾਂ ਨੂੰ ਪਹਿਲੀ ਵਾਰ ਫ਼ਿਲਮ 'ਐ ਦਿਲ ਹੈ ਮੁਸ਼ਕਿਲ' ਵਿਚ ਇਕੱਠਿਆਂ ਕੰਮ ਕਰਨ ਦਾ ਮੌਕਾ ਮਿਲਿਆ। ਰਣਬੀਰ ਫ਼ਿਲਮ ਦੀ ਮੁੱਖ ਭੂਮਿਕਾ ਵਿਚ ਸੀ ਜਦ ਕਿ ਆਲੀਆ ਨੇ ਬ੍ਰੇਕਅਪ ਗੀਤ ਵਿਚ ਕੈਮਿਓ ਕੀਤਾ ਸੀ।
ਦੋਵਾਂ ਵਿਚਾਲੇ ਅਸਲ ਪਿਆਰ 'ਬ੍ਰਹਮਅਸਤਰ' ਦੇ ਸੈੱਟ ਤੋਂ ਸ਼ੁਰੂ ਹੋਇਆ। 2019 ਵਿਚ ਫ਼ਿਲਮਫੇਅਰ ਐਵਾਰਡ ਵਿਚ ਦੋਵਾਂ ਨੇ ਕਬੂਲਿਆ ਕਿ ਉਹ ਇਕ ਦੂਜੇ ਨੂੰ ਪਿਆਰ ਕਰਦੇ ਹਨ। ਜਦੋਂ ਆਲੀਆ ਨੂੰ ਫ਼ਿਲਮ 'ਰਾਜੀ' ਲਈ ਬੈਸਟ ਐਕਟਰੈੱਸ ਦਾ ਐਵਾਰਡ ਮਿਲਿਆ ਤਾਂ ਉਸ ਨੇ ਸਟੇਜ 'ਤੇ ਹੀ ਰਣਬੀਰ ਨੂੰ 'ਆਈ ਲਵ ਯੂ' ਕਹਿ ਦਿੱਤਾ ਸੀ। ਆਲੀਆ ਭੱਟ ਨੇ ਜਦੋਂ ਕਰੀਅਰ ਦੇ ਸਿਖਰ 'ਤੇ ਰਹਿੰਦੇ ਹੋਏ ਪਹਿਲਾਂ ਵਿਆਹ ਕੀਤਾ ਅਤੇ ਫਿਰ ਮਾਂ ਬਣੀ, ਉਦੋਂ ਉਸ ਦੇ ਇਸ ਫ਼ੈਸਲੇ ਤੋਂ ਹਰ ਕੋਈ ਹੈਰਾਨ ਰਹਿ ਗਿਆ ਸੀ। ਖ਼ਾਸ ਕਰਕੇ ਆਲੀਆ ਦੇ ਪ੍ਰਸੰਸਕ ਕਾਫ਼ੀ ਜ਼ਿਆਦਾ ਨਿਰਾਸ਼ ਹੋਏ ਸਨ। ਉਨ੍ਹਾਂ ਨੂੰ ਲੱਗਿਆ ਸੀ ਕਿ ਉਹ ਹੁਣ ਸ਼ਾਇਦ ਕਪੂਰ ਪਰਿਵਾਰ ਦੀ ਇਸ ਨੂੰਹ ਨੂੰ ਫ਼ਿਲਮਾਂ ਵਿਚ ਨਹੀਂ ਦੇਖ ਸਕਣਗੇ। ਪਰ ਛੇਤੀ ਹੀ ਆਲੀਆ ਨੇ ਪ੍ਰਸੰਸਕਾਂ ਦੀ ਮਾਯੂਸੀ ਨੂੰ ਦੂਰ ਕਰਦੇ ਹੋਏ ਕਿਹਾ ਕਿ ਕੰਮ ਮੇਰੇ ਦਿਲੋ ਦਿਮਾਗ਼ ਅਤੇ ਆਤਮਾ ਨੂੰ ਜ਼ਿੰਦਾ ਰੱਖਦਾ ਹੈ।
ਆਲੀਆ ਕਹਿੰਦੀ ਹੈ ਕਿ ਮੈਂ ਕਦੀ ਕਿਸੇ ਦੀ ਨਹੀਂ ਸੁਣਦੀ, ਮੈਂ ਸਿਰਫ਼ ਆਪਣੇ ਦਿਲ ਦੀ ਸੁਣਦੀ ਹਾਂ ਅਤੇ ਮੇਰਾ ਦਿਲ ਮੈਨੂੰ ਕਹਿ ਰਿਹਾ ਹੈ ਕਿ ਮੈਂ 100 ਸਾਲ ਤੱਕ ਫ਼ਿਲਮਾਂ ਕਰਦੀ ਰਹਾਂਗੀ।