
ਹਲਕਾ ਪਟੇਲ ਨਗਰ, ਕਰੋਲ ਬਾਗ ਤੇ ਮੋਤੀ ਨਗਰ ਵਿੱਚ ਰੋਡ ਸ਼ੋਅ; ‘ਆਪ’ ਨਫ਼ਰਤ ਦੀ ਥਾਂ ਕੰਮ ਦੀ ਰਾਜਨੀਤੀ ਕਰਦੀ ਹੈ: ਮਾਨ
ਚੰਡੀਗੜ੍ਹ,(ਪੰਜਾਬੀ ਰਾਈਟਰ)- ਦਿੱਲੀ ਵਿੱਚ ਪੰਜ ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਕਈ ਕੈਬਨਿਟ ਮੰਤਰੀਆਂ, ਵਿਧਾਇਕਾਂ ਤੇ ਹੋਰ ਸੀਨੀਅਰ ਆਗੂਆਂ ਨੇ ਦਿੱਲੀ ਵਿੱਚ ਡੇਰੇ ਲਾ ਲਏ ਹਨ। ਅੱਜ ਭਗਵੰਤ ਸਿੰਘ ਮਾਨ ਨੇ ਦਿੱਲੀ ਵਿੱਚ ‘ਆਪ’ ਉਮੀਦਵਾਰਾਂ ਦੇ ਹੱਕ ਵਿੱਚ ਵਿਧਾਨ ਸਭਾ ਹਲਕਾ ਪਟੇਲ ਨਗਰ, ਕਰੋਲ ਬਾਗ਼ ਤੇ ਮੋਤੀ ਨਗਰ ਵਿੱਚ ਰੋਡ ਸ਼ੋਅ ਕੀਤੇ। ਇਸ ਦੇ ਨਾਲ ਹੀ ਸ਼ਾਮ ਸਮੇਂ ਵਿਧਾਨ ਸਭਾ ਹਲਕਾ ਤਿਲਕ ਨਗਰ ਵਿੱਚ ਜਨ ਸਭਾ ਵਿੱਚ ਹਿੱਸਾ ਲਿਆ।
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਲੀ ਦੇ ਲੋਕਾਂ ਨੂੰ ‘ਆਪ’ ਦੇ ਉਮੀਦਵਾਰਾਂ ਨੂੰ ਵੋਟ ਪਾ ਕੇ ਕਾਮਯਾਬ ਕਰਨ ਦੀ ਅਪੀਲ ਕੀਤੀ। ਸ੍ਰੀ ਮਾਨ ਨੇ ਵੱਖ-ਵੱਖ ਥਾਵਾਂ ’ਤੇ ਸੰਬੋਧਨ ਕਰਦਿਆਂ ਕਿਹਾ ਕਿ ‘ਆਪ’ ਨਫ਼ਤਰ ਦੀ ਥਾਂ ਕੰਮ ਦੀ ਰਾਜਨੀਤੀ ਕਰਦੀ ਹੈ। ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇਮਾਨਦਾਰ ਰਾਜਨੀਤੀ ਰਾਹੀਂ ਦੇਸ਼ ਦੀ ਸੇਵਾ ਕਰਨ ਲਈ ਬਤੌਰ ਇਨਕਮ ਟੈਕਸ ਕਮਿਸ਼ਨਰ ਦੀ ਨੌਕਰੀ ਛੱਡ ਦਿੱਤੀ। ਉਨ੍ਹਾਂ ਦੀ ਇਮਾਨਦਾਰੀ ਰਵਾਇਤੀ ਪਾਰਟੀਆਂ ਲਈ ਖ਼ਤਰਾ ਹੈ ਜੋ ਲੋਕਾਂ ਦੀ ਭਲਾਈ ਨਾਲੋਂ ਆਪਣੀ ਸ਼ਕਤੀ ਨੂੰ ਤਰਜੀਹ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ‘ਆਪ’ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਜੋ ਵਾਅਦੇ ਕੀਤੇ ਸਨ, ਉਹ ਪੂਰੇ ਕਰ ਕੇ ਦਿਖਾਏ ਹਨ। ਅੱਜ ਪੰਜਾਬ ਦੇ 90 ਫ਼ੀਸਦ ਘਰਾਂ ਦੇ ਬਿਜਲੀ ਦੇ ਬਿਲ ਜ਼ੀਰੋ ਆ ਰਹੇ ਹਨ। ਮੁਹੱਲਾ ਕਲੀਨਿਕਾਂ ਰਾਹੀਂ ਲੋਕਾਂ ਨੂੰ ਮੁਫ਼ਤ ਇਲਾਜ ਮਿਲ ਰਿਹਾ ਹੈ ਅਤੇ ਸਰਕਾਰੀ ਸਕੂਲਾਂ ਦੀ ਹਾਲਤ ਬਦਲ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ‘ਆਪ’ ਸਰਕਾਰ ਨੇ ਐੱਸਐੱਸਐੱਫ (ਸੜਕ ਸੁਰੱਖਿਆ ਫੋਰਸ) ਨਾਮਕ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ।
ਉਸ ਨੇ ਇਕ ਸਾਲ ਵਿੱਚ 1,500 ਤੋਂ ਵੱਧ ਜਾਨਾਂ ਬਚਾਈਆਂ ਹਨ। ਸ੍ਰੀ ਮਾਨ ਨੇ ਵਿਰੋਧੀ ਪਾਰਟੀਆਂ ’ਤੇ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਜ਼ੀਰੋ ਸੀਟਾਂ ਦਾ ਆਪਣਾ ਰਿਕਾਰਡ ਬਰਕਰਾਰ ਰੱਖੇਗੀ। ਭਾਜਪਾ ਝੂਠ ਫੈਲਾਅ ਰਹੀ ਹੈ, ਪਰ ਲੋਕ ਸੱਚ ਜਾਣਦੇ ਹਨ। ਉਨ੍ਹਾਂ ਕਿਹਾ ਕਿ ਪੰਜ ਫਰਵਰੀ ਨੂੰ ਇਮਾਨਦਾਰ ਅਤੇ ਦਿੱਲੀ ਦੇ ਵਿਕਾਸ ਲਈ ਸਿਰਫ਼ ‘ਆਪ’ ਦਾ ਸਾਥ ਦਿੱਤਾ ਜਾਵੇ।