ਭਵਿੱਖ ’ਚ ਤਿਆਰ ਰਹਿਣ ਲਈ ਕਦਮ ਚੁੱਕ ਰਹੀ ਹਵਾਈ ਸੈਨਾ : ਮੁਰਮੂ

ਭਵਿੱਖ ’ਚ ਤਿਆਰ ਰਹਿਣ ਲਈ ਕਦਮ ਚੁੱਕ ਰਹੀ ਹਵਾਈ ਸੈਨਾ : ਮੁਰਮੂ

ਹੈਦਰਾਬਾਦ - ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਇੱਥੇ ਹਵਾਈ ਸੈਨਾ ਅਕਾਦਮੀ ’ਚ ਸਾਂਝੀ ਗਰੈਜੂਏਸ਼ਨ ਪਰੇਡ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਹਵਾਈ ਸੈਨਾ ਇੱਕ ਉੱਚ ਤਕਨੀਕ ਆਧਾਰਿਤ ਜੰਗ ਲੜਨ ਦੀਆਂ ਚੁਣੌਤੀਆਂ ਸਮੇਤ ਮੁਕੰਮਲ ਸੁਰੱਖਿਆ ਹਾਲਾਤ ਨੂੰ ਧਿਆਨ ’ਚ ਰੱਖਦਿਆਂ ਭਵਿੱਖ ’ਚ ਹਮੇਸ਼ਾ ਤਿਆਰ ਰਹਿਣ ਲਈ ਕਦਮ ਚੁੱਕ ਰਹੀ ਹੈ।
ਉਨ੍ਹਾਂ ਕਿਹਾ ਕਿ ਥਲ, ਜਲ ਤੇ ਹਵਾਈ ਸੈਨਾ ਖੇਤਰ ’ਚ ਰੱਖਿਆ ਸਬੰਧੀ ਤਿਆਰੀਆਂ ਲਈ ਤਕਨੀਕ ਨੂੰ ਤੇਜ਼ੀ ਨਾਲ ਅਪਣਾਉਣ ਦੀ ਸਮਰੱਥਾ ਦੀ ਲੋੜ ਹੋਵੇਗੀ। ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦੇ ਰੱਖਿਆ ਬਲ ਜ਼ਮੀਨੀ ਸਰਹੱਦਾਂ, ਵੱਡੇ ਸਮੁੰਦਰੀ ਤੱਟ ਅਤੇ ਵੱਡੇ ਹਵਾਈ ਖੇਤਰ ਦੀ ਮਿਲ ਕੇ ਰਾਖੀ ਕਰਦੇ ਹਨ। ਉਨ੍ਹਾਂ ਕਿਹਾ ਕਿ ਹਥਿਆਰਬੰਦ ਬਲਾਂ ਦੇ ਹਰੇਕ ਅਧਿਕਾਰੀ ਨੂੰ ਰੱਖਿਆ ਤਿਆਰੀਆਂ ਦੇ ਇੱਕ ਏਕੀਕ੍ਰਿਤ ਨਜ਼ਰੀਏ ਨੂੰ ਧਿਆਨ ’ਚ ਰੱਖਣਾ ਹੋਵੇਗਾ। ਉਨ੍ਹਾਂ ਕਿਹਾ ਕਿ ਰਾਫੇਲ ਲੜਾਕੂ ਜਹਾਜ਼ ਤੇ ਚਿਨੁਕ ਹੈਵੀ ਲਿਫਟ ਹੈਲੀਕਾਪਟਰ ਨੂੰ ਸ਼ਾਮਲ ਕਰਕੇ ਭਾਰਤੀ ਹਵਾਈ ਸੈਨਾ ਦਾ ਆਧੁਨਿਕੀਕਰਨ ਉਸ ਦੀ ਸਮਰੱਥਾ ਨੂੰ ਮਜ਼ਬੂਤ ਕਰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਦੇਸ਼ ਦੀ ਹਵਾਈ ਸੈਨਾ ਭਵਿੱਖ ਲਈ ਤਿਆਰ ਰਹਿਣ ਲਈ ਕਦਮ ਚੁੱਕ ਰਹੀ ਹੈ।
ਉਨ੍ਹਾਂ ਸੰਕਟ ਦੌਰਾਨ ਭਾਰਤੀ ਹਵਾਈ ਸੈਨਾ ਵੱਲੋਂ ਦਿੱਤੀ ਗਈ ਮਨੁੱਖੀ ਮਦਦ ਅਤੇ ਆਫਤ ਦੌਰਾਨ ਰਾਹਤ ਲਈ ਚੁੱਕੇ ਗਏ ਕਦਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਬੁਲ ’ਚ ਫਸੇ 600 ਤੋਂ ਵੱਧ ਭਾਰਤੀਆਂ ਤੇ ਹੋਰ ਨਾਗਰਿਕਾਂ ਨੂੰ ਕੱਢਣ ਲਈ ਚਲਾਈ ਮੁਹਿੰਮ ਹਵਾਈ ਸੈਨਾ ਦੀ ਉੱਚ ਸਮਰੱਥਾ ਦਾ ਸਬੂਤ ਹੈ।
ਉਨ੍ਹਾਂ ਕਿਹਾ ਕਿ 1948, 1965 ਤੇ 1971 ’ਚ ਦੁਸ਼ਮਣ ਗੁਆਂਢੀ ਨਾਲ ਜੰਗਾਂ ’ਚ ਦੇਸ਼ ਦੀ ਰਾਖੀ ਕਰਦਿਆਂ ਭਾਰਤੀ ਹਵਾਈ ਸੈਨਾ ਦੇ ਬਹਾਦਰ ਜਵਾਨਾਂ ਵੱਲੋਂ ਨਿਭਾਈ ਗਈ ਭੂਮਿਕਾ ਸੁਨਹਿਰੀ ਅੱਖਰਾਂ ’ਚ ਲਿਖੀ ਗਈ ਹੈ ਅਤੇ ਸੈਨਾ ਨੇ ਕਾਰਗਿਲ ਸੰਘਰਸ਼ ਤੇ ਬਾਅਦ ਵਿੱਚ ਬਾਲਾਕੋਟ ’ਚ ਅਤਿਵਾਦੀ ਟਿਕਾਣੇ ਤਬਾਹ ਕਰਨ ’ਚ ਉਸੇ ਪ੍ਰਤੀਬੱਧਤਾ ਦੇ ਹੌਸਲੇ ਦਾ ਮੁਜ਼ਾਹਰਾ ਕੀਤਾ। ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਹੁਣ ਸਾਰੀਆਂ ਭੂਮਿਕਾਵਾਂ ਤੇ ਸ਼ਾਖਾਵਾਂ ’ਚ ਮਹਿਲਾ ਅਧਿਕਾਰੀਆਂ ਨੂੰ ਸ਼ਾਮਲ ਕਰ ਰਹੀ ਹੈ ਅਤੇ ਮਹਿਲਾ ਲੜਾਕੂ ਪਾਇਲਟਾਂ ਦੀ ਗਿਣਤੀ ’ਚ ਜ਼ਿਕਰਯੋਗ ਵਾਧਾ ਹੋਣਾ ਤੈਅ ਹੈ। ਸਮਾਗਮ ’ਚ ਤਿਲੰਗਾਨਾ ਦੀ ਰਾਜਪਾਲ ਤਾਮਿਲੀਸਾਈ ਸੁੰਦਰਰਾਜਨ ਤੇ ਕੇਂਦਰੀ ਸੱਭਿਆਚਾਰ ਮੰਤਰੀ ਜੀ ਕਿਸ਼ਨ ਰੈੱਡੀ ਵੀ ਹਾਜ਼ਰ ਸਨ।