ਪੰਜਾਬ ਵਾਸੀਆਂ ਨੂੰ 80 ਹੋਰ ਮੁਹੱਲਾ ਕਲੀਨਿਕ ਸਮਰਪਿਤ

ਪੰਜਾਬ ਵਾਸੀਆਂ ਨੂੰ 80 ਹੋਰ ਮੁਹੱਲਾ ਕਲੀਨਿਕ ਸਮਰਪਿਤ

ਲੁਧਿਆਣਾ, 6 ਮਈ - ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੇ ਦਿੱਲੀ ਦੇ ਹਮਰੁਤਬਾ ਅਰਵਿੰਦ ਕੇਜਰੀਵਾਲ ਨੇ ਅੱਜ 80 ਨਵੇਂ ਆਮ ਆਦਮੀ ਕਲੀਨਿਕ ਸੂਬਾ ਵਾਸੀਆਂ ਨੂੰ ਸਮਰਪਿਤ ਕੀਤੇ ਹਨ। ਇਸ ਤਰ੍ਹਾਂ ਪੰਜਾਬ ਵਿੱਚ ਮੁਹੱਲਾ ਕਲੀਨਿਕਾਂ ਦੀ ਕੁੱਲ ਗਿਣਤੀ 580 ਹੋ ਗਈ ਹੈ। ਸ੍ਰੀ ਮਾਨ ਨੇ ਕਿਹਾ ਕਿ ਅਤਿ-ਆਧੁਨਿਕ ਬੁਨਿਆਦੀ ਢਾਂਚੇ ਨਾਲ ਲੈਸ ਇਹ ਕਲੀਨਿਕ ਲੋਕਾਂ ਨੂੰ ਵਿਸ਼ਵ ਪੱਧਰੀ ਇਲਾਜ ਅਤੇ ਜਾਂਚ ਸਹੂਲਤਾਂ ਮੁਫ਼ਤ ਦੇ ਰਹੇ ਹਨ। ਸੂਬੇ ਵਿੱਚ ਹੁਣ ਤੱਕ 25.63 ਮਰੀਜ਼ ਆਮ ਆਦਮੀ ਕਲੀਨਿਕਾਂ ਦਾ ਲਾਭ ਲੈ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਲੀਨਿਕਾਂ ’ਤੇ ਕੁੱਲ 41 ਕਿਸਮ ਦੇ ਡਾਇਗਨੌਸਟਿਕ ਟੈਸਟ ਮੁਫ਼ਤ ਕੀਤੇ ਜਾ ਰਹੇ ਹਨ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਵਿਅੰਗ ਕੱਸਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਅਖੌਤੀ ਤਜਰਬੇਕਾਰ ਸਿਆਸਤਦਾਨਾਂ ਤੋਂ ਅੱਕ ਚੁੱਕੇ ਹਨ। ਇਨ੍ਹਾਂ ਆਗੂਆਂ ਨੇ ਆਪਣੇ ਆਲੀਸ਼ਾਨ ਆਰਾਮਗਾਹਾਂ ਦੀਆਂ ਉੱਚੀਆਂ ਕੰਧਾਂ ਓਹਲੇ ਖੁਦ ਨੂੰ ਕੈਦ ਕਰ ਲਿਆ ਹੈ। ਇਸ ਲਈ ਲੋਕ ਵੀ ਇਨ੍ਹਾਂ ਤੋਂ ਕਿਨਾਰਾ ਕਰਨ ਲੱਗੇ ਹਨ। ਮਿਆਰੀ ਸਿੱਖਿਆ ਨੂੰ ਗ਼ਰੀਬਾਂ ਨੂੰ ਦਰਪੇਸ਼ ਸਾਰੀਆਂ ਬਿਮਾਰੀਆਂ ਦਾ ਇਲਾਜ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਸੂਬੇ ਵਿੱਚ ਸਿੱਖਿਆ ਖੇਤਰ ਦੇ ਸੁਧਾਰ ’ਤੇ ਵਿਸ਼ੇਸ਼ ਧਿਆਨ ਦੇ ਰਹੀ ਹੈ। ਸ੍ਰੀ ਮਾਨ ਨੇ ਕਿਹਾ ਕਿ ‘ਆਪ’ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਪੰਜਾਬ ਹੁਣ ਵਾਧੂ ਬਿਜਲੀ ਵਾਲਾ ਸੂਬਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮਿਆਂ ਵਿੱਚ ਸੂਬੇ ’ਚ ਹਨੇਰੇ ਦਾ ਖਤਰਾ ਮੰਡਰਾਉਂਦਾ ਰਹਿੰਦਾ ਸੀ, ਜਦੋਂਕਿ ਹੁਣ ਬਿਜਲੀ ਪੈਦਾ ਕਰਨ ਲਈ ਪੰਜਾਬ ਕੋਲ 37 ਦਿਨ ਦਾ ਕੋਲੇ ਦਾ ਭੰਡਾਰ ਹੈ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਦੀ ਕਾਫ਼ੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਜੋ 500 ਕਲੀਨਿਕ ਪੰਜ ਸਾਲਾਂ ਵਿੱਚ ਖੋਲ੍ਹੇ ਸਨ, ਉਹ ਪੰਜਾਬ ਇੱਕ ਸਾਲ ਵਿੱਚ ਖੋਲ੍ਹੇ ਗਏ ਹਨ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਖੁਦ ਵੱਖ ਵੱਖ ਸੂਬਿਆਂ ਵਿੱਚ ਜਾ ਕੇ ਪੰਜਾਬ ਲਈ 40 ਹਜ਼ਾਰ ਕਰੋੜ ਰੁਪਏ ਦੀ ਨਿਵੇਸ਼ ਲੈ ਕੇ ਆਏ ਹਨ। ਇਸ ਨਾਲ ਢਾਈ ਲੱਖ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਉਨ੍ਹਾਂ ਕਿਹਾ ਕਿ ਟਾਟਾ ਸਟੀਲ ਦਾ ਦੂਜਾ ਸਭ ਤੋਂ ਵੱਡਾ ਪਲਾਂਟ ਪੰਜਾਬ ਵਿੱਚ ਬਣਨ ਜਾ ਰਿਹਾ ਹੈ।