ਬ੍ਰਿਜ ਭੂਸ਼ਨ ਮਾਮਲਾ: ਸਾਕਸ਼ੀ ਅਤੇ ਬਬੀਤਾ ਵਿਚਾਲੇ ਛਿੜੀ ਸ਼ਬਦੀ ਜੰਗ

ਬ੍ਰਿਜ ਭੂਸ਼ਨ ਮਾਮਲਾ: ਸਾਕਸ਼ੀ ਅਤੇ ਬਬੀਤਾ ਵਿਚਾਲੇ ਛਿੜੀ ਸ਼ਬਦੀ ਜੰਗ

ਨਵੀਂ ਦਿੱਲੀ - ਬ੍ਰਿਜ ਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਪਹਿਲਵਾਨਾਂ ਦੇ ਵਿਰੋਧ ਦੇ ਮੁੱਦੇ ’ਤੇ ਅੱਜ ਓਲੰਪਿਕ ਤਗ਼ਮਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਤੇ ਰਾਸ਼ਟਰ ਮੰਡਲ ਖੇਡਾਂ ’ਚ ਸੋਨ ਤਗ਼ਮਾ ਜੇਤੂ ਬਬੀਤਾ ਫੋਗਾਟ ਵਿਚਾਲੇ ਸ਼ਬਦੀ ਜੰਗ ਛਿੜ ਪਈ ਹੈ। ਸਾਕਸ਼ੀ ਨੇ ਜਿੱਥੇ ਸਾਬਕਾ ਪਹਿਲਵਾਨ ਤੇ ਭਾਜਪਾ ਆਗੂ ਬਬੀਤਾ ਫੋਗਾਟ ’ਤੇ ਸਰਕਾਰ ਦਾ ਸਾਥ ਦੇਣ ਦਾ ਦੋਸ਼ ਲਾਇਆ ਉੱਥੇ ਹੀ ਬਬੀਤਾ ਨੇ ਸਾਕਸ਼ੀ ਨੂੰ ‘ਕਾਂਗਰਸ ਦੀ ਕਠਪੁਤਲੀ’ ਦੱਸਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨ ਸਾਕਸ਼ੀ ਤੇ ਉਸ ਤੇ ਪਤੀ ਸੱਤਿਆਵ੍ਰਤ ਕਾਦਿਆਨ ਨੇ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਪਹਿਲਵਾਨਾਂ ਦਾ ਪ੍ਰਦਰਸ਼ਨ ਸਿਆਸਤ ਜਾਂ ਕਾਂਗਰਸ ਤੋਂ ਪ੍ਰੇਰਿਤ ਨਹੀਂ ਹੈ ਅਤੇ ਬਬੀਤਾ ਤੇ ਭਾਜਪਾ ਦੇ ਇਕ ਹੋਰ ਆਗੂ ਤੀਰਥ ਰਾਣਾ ਨੇ ਸ਼ੁਰੂਆਤ ’ਚ ਪਹਿਲਵਾਨਾਂ ਦੇ ਜੰਤਰ-ਮੰਤਰ ’ਤੇ ਪ੍ਰਦਰਸ਼ਨ ਲਈ ਪੁਲੀਸ ਤੋਂ ਪ੍ਰਵਾਨਗੀ ਲੈਣ ’ਚ ਮਦਦ ਕੀਤੀ ਸੀ।
ਸਾਕਸ਼ੀ ਮਲਿਕ ਨੇ ਅੱਜ ਭਾਰਤੀ ਜਨਤਾ ਪਾਰਟੀ ਦੀ ਆਗੂ ਤੇ ਰਾਸ਼ਟਰ ਮੰਡਲ ਖੇਡਾਂ ’ਚ ਸੋਨ ਤਗ਼ਮਾ ਜੇਤੂ ਪਹਿਲਵਾਨ ਬਬੀਤਾ ਫੋਗਾਟ ’ਤੇ ਦੋਸ਼ ਲਾਇਆ ਕਿ ਉਹ ਪਹਿਲਵਾਨਾਂ ਦੀ ਵਰਤੋਂ ਆਪਣੇ ਨਿੱਜੀ ਸਵਾਰਥ ਲਈ ਕਰ ਰਹੀ ਹੈ ਅਤੇ ਉਨ੍ਹਾਂ ਦੇ ਸੰਘਰਸ਼ ਨੂੰ ਕਮਜ਼ੋਰ ਕਰ ਰਹੀ ਹੈ। ਸਾਕਸ਼ੀ ਮਲਿਕ ਨੇ ਆਪਣੀ ਸ਼ਨਿਚਰਵਾਰ ਦੀ ਵੀਡੀਓ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਬਬੀਤਾ ਤੇ ਰਾਣਾ ’ਤੇ ਤਨਜ਼ ਕਸਿਆ ਸੀ ਕਿ ਕਿਵੇਂ ਉਨ੍ਹਾਂ ਆਪਣੇ ਸਵਾਰਥ ਲਈ ਪਹਿਲਵਾਨਾਂ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਪਰ ਸਮਝ ਦੀ ਘਾਟ ਹੋਣ ਕਾਰਨ ਉਨ੍ਹਾਂ ਨੂੰ ਇਹ ਟਿੱਪਣੀ ਪੱਲੇ ਨਾ ਪਈ। ਸਾਕਸ਼ੀ ਨੇ ਅੱਜ ਟਵੀਟ ਕੀਤਾ, ‘ਵੀਡੀਓ (ਬੀਤੇ ਦਿਨ) ਵਿੱਚ ਅਸੀਂ ਤੀਰਥ ਰਾਣਾ ਤੇ ਬਬੀਤਾ ਫੋਗਾਟ ਬਾਰੇ ਟਿੱਪਣੀ ਕੀਤੀ ਸੀ ਕਿ ਕਿਵੇਂ ਉਹ ਆਪਣੇ ਸਵਾਰਥ ਲਈ ਪਹਿਲਵਾਨਾਂ ਦੀ ਵਰਤੋਂ ਕਰਨਾ ਚਾਹੁੰਦੇ ਸੀ ਤੇ ਕਿਵੇਂ ਜਦੋਂ ਪਹਿਲਵਾਨਾਂ ’ਤੇ ਮੁਸੀਬਤ ਪਈ ਤਾਂ ਉਹ ਜਾ ਕੇ ਸਰਕਾਰ ਦੀ ਗੋਦੀ ਵਿੱਚ ਬੈਠ ਗਏ।’ ਉਨ੍ਹਾਂ ਕਿਹਾ, ‘ਅਸੀਂ ਮੁਸੀਬਤ ’ਚ ਜ਼ਰੂਰ ਹਾਂ ਪਰ ਸਮਝ ਇੰਨੀ ਕਮਜ਼ੋਰ ਵੀ ਨਹੀਂ ਹੋਣੀ ਚਾਹੀਦੀ ਕਿ ਤਾਕਤਵਰ ਨੂੰ ਵੱਢੀ ਚੂੰਡੀ ’ਤੇ ਤੁਸੀਂ ਹੱਸ ਵੀ ਨਾ ਸਕੋ।’