ਬਠਿੰਡਾ ’ਚ ‘ਆਪ’ ਦੀ ਮਹਿਲਾ ਆਗੂ ਸਣੇ ਤਿੰਨ ਜਣਿਆਂ ਖਿਲਾਫ਼ ਕੇਸ ਦਰਜ

ਬਠਿੰਡਾ ’ਚ ‘ਆਪ’ ਦੀ ਮਹਿਲਾ ਆਗੂ ਸਣੇ ਤਿੰਨ ਜਣਿਆਂ ਖਿਲਾਫ਼ ਕੇਸ ਦਰਜ

ਸ਼ਿਕਾਇਤਕਰਤਾ ਨੌਜਵਾਨ ਨੇ ਕੁਝ ਦਿਨ ਪਹਿਲਾਂ ਖ਼ੁਦਕੁਸ਼ੀ ਦੀ ਕੀਤੀ ਸੀ ਕੋਸ਼ਿਸ਼

ਬਠਿੰਡਾ,(ਪੰਜਾਬੀ ਰਾਈਟਰ)- ਬਠਿੰਡਾ ਦੇ ਸਿਵਲ ਲਾਈਨ ਥਾਣੇ ਵਿਚ ਆਮ ਆਦਮੀ ਪਾਰਟੀ ਦੀ ਸਰਗਰਮ ਮਹਿਲਾ ਆਗੂ ਤੇ ਪਿੰਡ ਕਾਲਝਰਾਣੀ ਦੀ ਸਰਪੰਚ ਸਤਵੀਰ ਕੌਰ ਅਤੇ ਉਸ ਦੇ ਪੁੱਤਰ ਸਣੇ ਤਿੰਨ ਜਣਿਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਉਕਤ ਮਹਿਲਾ ਸਰਪੰਚ ਦੇ ਪਿੰਡ ਦੇ ਹੀ ਇੱਕ ਨੌਜਵਾਨ ਦੀ ਸਿਕਾਇਤ ’ਤੇ ਹੋਈ ਹੈ, ਜਿਸ ਨੇ ਕੁਝ ਦਿਨ ਪਹਿਲਾਂ ਖ਼ੁਦਕੁਸ਼ੀ ਦੀ ਕੋਸਿਸ਼ ਕੀਤੀ ਸੀ।

ਥਾਣਾ ਸਿਵਲ ਲਾਈਨ ਦੇ ਮੁਖੀ ਇੰਸਪੈਕਟਰ ਹਰਜੋਤ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੀੜਤ ਗੁਰਦੀਪ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਕਾਲਝਰਾਣੀ ਦੀ ਸ਼ਿਕਾਇਤ ਉਤੇ ਸਰਪੰਚ ਸਤਵੀਰ ਕੌਰ, ਉਸ ਦੇ ਪੁੱਤਰ ਉਂਕਾਰ ਸਿੰਘ ਅਤੇ ਉਸ ਦੇ ਦੋਸਤ ਤਰਨਵੀਰ ਸਿੰਘ ਸਾਰੇ ਵਾਸੀ ਕਾਲਝਰਾਣੀ ਵਿਰੁੱਧ ਬੀਐੱਨਐੱਸ ਦੀ ਧਾਰਾ 108 ਅਤੇ 56 ਤਹਿਤ ਮੁਕੱਦਮਾ ਨੰਬਰ 83 ਦਰਜ ਕੀਤਾ ਗਿਆ ਹੈ। ਸੂਚਨਾ ਮੁਤਾਬਕ ਮੁਦਈ ਦੀ ਸਰਪੰਚ ਦੇ ਪੁੱਤਰ ਅਤੇ ਉਸ ਦੇ ਦੋਸਤ ਨੇ ਕੁੱਝ ਦਿਨ ਪਹਿਲਾਂ ਕੁੱਟਮਾਰ ਕੀਤੀ ਸੀ ਅਤੇ ਸਰਪੰਚ ਉਪਰ ਉਕਤ ਨੌਜਵਾਨ ’ਤੇ ਧਮਕੀਆਂ ਦੇਣ ਦੇ ਦੋਸ਼ ਲੱਗੇ ਹਨ। ਹਾਲਾਂਕਿ ਪੁਲੀਸ ਅਧਿਕਾਰੀ ਇਸ ਮਾਮਲੇ ਵਿਚ ਜ਼ਿਆਦਾ ਖੁੱਲ੍ਹ ਕੇ ਨਹੀਂ ਬੋਲ ਰਹੇ ਹਨ, ਪਰ ਪਤਾ ਲੱਗਿਆ ਹੈ ਕਿ ਮੁੰਡਿਆਂ ਦੀ ਆਪਸ ਵਿਚ ਲੜਾਈ ਹੋਈ ਸੀ। ਜਿਸ ਤੋਂ ਬਾਅਦ ਗੁਰਦੀਪ ਸਿੰਘ ਨੇ ਬਠਿੰਡਾ ਦੇ ਭੱਟੀ ਰੋਡ ਸਥਿਤ ਆਪਣੇ ਭਰਾ ਦੇ ਸੈਲੂਨ ਦੀ ਛੱਤ ਤੋਂ ਹੇਠਾਂ ਛਾਲ ਮਾਰ ਦਿੱਤੀ ਸੀ। ਹਾਲਾਂਕਿ ਉਹ ਹਾਈਵੋਲਟੇਜ ਤਾਰਾਂ ਦੀ ਚਪੇਟ ਵਿਚ ਆਉਣ ਕਾਰਨ ਝੁਲਸ ਗਿਆ, ਜਿਸ ਦੇ ਚੱਲਦੇ ਹੁਣ ਉਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਪੁਲੀਸ ਵੱਲੋਂ ਨਾਮਜ਼ਦ ਕੀਤੀ ਗਈ ਸਤਵੀਰ ਕੌਰ ਆਮ ਆਦਮੀ ਪਾਰਟੀ ਦੇ ਮੁੱਢਲੇ ਮੈਂਬਰਾਂ ਵਿਚੋਂ ਸ਼ਾਮਲ ਹੈ ਤੇ ਉਹ ਜ਼ਿਲ੍ਹਾ ਮਹਿਲਾ ਵਿੰਗ ਦੀ ਪ੍ਰਧਾਨ ਵੀ ਰਹਿ ਚੁੱਕੀ ਹੈ।