ਲਾਰੈਂਸ ਬਿਸ਼ਨੋਈ 50 ਲੱਖ ਦੀ ਫਿਰੌਤੀ ਮਾਮਲੇ ’ਚੋਂ ਬਰੀ

ਲਾਰੈਂਸ ਬਿਸ਼ਨੋਈ 50 ਲੱਖ ਦੀ ਫਿਰੌਤੀ ਮਾਮਲੇ ’ਚੋਂ ਬਰੀ

ਫਰੀਦਕੋਟ,(ਪੰਜਾਬੀ ਰਾਈਟਰ)- ਇਥੋਂ ਦੇ ਜੁਡੀਸ਼ਲ ਮੈਜਿਸਟਰੇਟ ਨੇ ਦੇਸ਼ ਭਰ ’ਚ ਲਗਪਗ 87 ਫੌਜਦਾਰੀ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਲਾਰੈਂਸ ਬਿਸ਼ਨੋਈ ਨੂੰ ਕੋਟਕਪੂਰਾ ਦੇ ਵਪਾਰੀ ਤੋਂ ਕਥਿਤ 50 ਲੱਖ ਰੁਪਏ ਫਿਰੌਤੀ ਮੰਗਣ ਦੇ ਮਾਮਲੇ ’ਚੋਂ ਬਰੀ ਕਰ ਦਿੱਤਾ। ਲਾਰੈਂਸ ਬਿਸ਼ਨੋਈ ਇਸ ਵੇਲੇ ਅਹਿਮਦਾਬਾਦ ਦੀ ਸਾਬਰਮਤੀ ਜੇਲ੍ਹ ’ਚ ਨਜ਼ਰਬੰਦ ਹੈ ਤੇ ਕੇਂਦਰ ਸਰਕਾਰ ਨੇ ਅਗਸਤ 2025 ਤੱਕ ਉਸ ਦੀ ਮੂਵਮੈਂਟ ’ਤੇ ਪਾਬੰਦੀ ਲਾਈ ਹੋਈ ਹੈ, ਮਤਲਬ ਕਿ ਉਸ ਨੂੰ ਪਾਬੰਦੀ ਦੌਰਾਨ ਦੇਸ਼ ’ਚ ਕਿਸੇ ਅਦਾਲਤ, ਜੇਲ੍ਹ ਜਾਂ ਹੋਰ ਥਾਣੇ ’ਚ ਨਹੀਂ ਲਿਜਾਇਆ ਜਾ ਸਕਦਾ।

ਕੇਸ ਦੀ ਸੁਣਵਾਈ ਦੌਰਾਨ ਲਾਰੈਂਸ ਬਿਸ਼ਨੋਈ ਅੱਜ ਵੀਡੀਓ ਕਾਨਫਰੰਸ ਰਾਹੀਂ ਅਦਾਲਤ ’ਚ ਪੇਸ਼ ਹੋਇਆ। ਉਸ ਖ਼ਿਲਾਫ਼ ਫਿਰੌਤੀ ਮੰਗਣ ਦੇ ਇਲਜ਼ਾਮਾਂ ਤਹਿਤ ਪਰਚਾ ਦਰਜ ਕਰਵਾਉਣ ਵਾਲਾ ਕਾਰੋਬਾਰੀ ਅਦਾਲਤ ’ਚ ਆਪਣਾ ਬਿਆਨ ਮੁੱਕਰ ਗਿਆ ਤੇ ਉਸ ਨੇ ਕਿਹਾ ਕਿ ਉਸ ਨੇ ਬਿਸ਼ਨੋਈ ਖ਼ਿਲਾਫ਼ ਸ਼ਿਕਾਇਤ ਨਹੀਂ ਕੀਤੀ। ਬਿਸ਼ਨੋਈ ਇਸ ਤੋਂ ਪਹਿਲਾਂ ਚਾਰ ਹੋਰ ਮੁਕੱਦਮਿਆਂ ’ਚੋਂ ਬਰੀ ਹੋ ਚੁੱਕਾ ਹੈ। ਇਸ ਮੁਕੱਦਮੇ ’ਚ ਉਹ ਸਿਰਫ਼ ਇੱਕ ਵਾਰ ਪੁਲੀਸ ਸੁਰੱਖਿਆ ਹੇਠ ਫਰੀਦਕੋਟ ਅਦਾਲਤ ਵਿੱਚ ਪੇਸ਼ ਹੋਇਆ ਸੀ। ਲਾਰੈਂਸ ਬਿਸ਼ਨੋਈ ਦੇ ਵਕੀਲ ਅਮਿਤ ਕੁਮਾਰ ਮਿੱਤਲ ਨੇ ਅਦਾਲਤ ਨੂੰ ਦੱਸਿਆ ਕਿ ਬਿਸ਼ਨੋਈ ਨੇ ਸ਼ਿਕਾਇਤੀ ਤੋਂ ਕਦੇ ਫਿਰੌਤੀ ਨਹੀਂ ਮੰਗੀ ਤੇ ਪੁਲੀਸ ਨੇ ਉਸ ਨੂੰ ਝੂਠੇ ਕੇਸ ’ਚ ਫਸਾਇਆ ਹੈ। ਹਾਲਾਂਕਿ ਪੁਲੀਸ ਨੇ ਅਦਾਲਤ ਵਿੱਚ ਕਿਹਾ ਕਿ ਲਾਰੈਂਸ ਬਿਸ਼ਨੋਈ ਨੇ ਵੱਟਸਐੱਪ ਰਾਹੀਂ ਫੋਨ ਕਰਕੇ ਸ਼ਿਕਾਇਤੀ ਤੋਂ 50 ਲੱਖ ਰੁਪਏ ਫਿਰੌਤੀ ਮੰਗੀ ਸੀ ਤੇ ਪੜਤਾਲ ਦੌਰਾਨ ਇਹ ਇਲਜ਼ਾਮ ਸਹੀ ਪਾਏ ਗਏ ਸਨ। ਜਾਂਚ ਤੋਂ ਬਾਅਦ ਹੀ ਪੁਲੀਸ ਨੇ ਉਸ ਖ਼ਿਲਾਫ਼ ਪਰਚਾ ਦਰਜ ਕਰਕੇ ਅਦਾਲਤ ’ਚ ਚਲਾਨ ਪੇਸ਼ ਕੀਤਾ ਸੀ।