
ਫਰੀਦਕੋਟ ਵਿੱਚ ਰਾਤ ਦਾ ਤਾਪਮਾਨ ਇਕ ਡਿਗਰੀ ਸੈਲਸੀਅਸ ’ਤੇ ਪੁੱਜਿਆ
ਚੰਡੀਗੜ੍ਹ,(ਪੰਜਾਬੀ ਰਾਈਟਰ)- ਪੰਜਾਬ ਤੇ ਹਰਿਆਣਾ ਵਿੱਚ ਦਸੰਬਰ ਦੇ ਅੱਧ ਵਿੱਚ ਠੰਢ ਨੇ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਦੋ-ਤਿੰਨ ਦਿਨਾਂ ਤੋਂ ਤੜਕੇ ਪੈ ਰਹੇ ਕੋਹਰੇ ਨੇ ਲੋਕਾਂ ਨੂੰ ਦਿਨ ਭਰ ਕੰਬਣੀ ਛੇੜ ਰੱਖੀ ਹੈ, ਜਿਸ ਕਰਕੇ ਲੋਕਾਂ ਦਾ ਘਰ ਵਿੱਚੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ।
ਇਸ ਦੇ ਨਾਲ ਹੀ ਚੱਲ ਰਹੀਆਂ ਤੇਜ਼ ਹਵਾਵਾਂ ਕਰਕੇ ਵੀ ਲੋਕਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਅੱਜ ਪੰਜਾਬ ਦਾ ਫ਼ਰੀਦਕੋਟ ਅਤੇ ਹਰਿਆਣਾ ਦਾ ਹਿਸਾਰ ਸ਼ਹਿਰ ਸਭ ਤੋਂ ਠੰਢੇ ਰਹੇ ਹਨ, ਜਿੱਥੇ ਰਾਤ ਦਾ ਤਾਪਮਾਨ ਸਭ ਤੋਂ ਘੱਟ ਦਰਜ ਕੀਤਾ ਗਿਆ।
ਫ਼ਰੀਦਕੋਟ ਵਿੱਚ ਰਾਤ ਸਮੇਂ ਤਾਪਮਾਨ ਇਕ ਡਿਗਰੀ ਸੈਲਸੀਅਸ ਅਤੇ ਹਿਸਾਰ ਵਿੱਚ 1.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 5 ਤੋਂ 6 ਡਿਗਰੀ ਸੈਲਸੀਅਸ ਤੱਕ ਘੱਟ ਦਰਜ ਕੀਤਾ ਹੈ। ਮੌਸਮ ਵਿਗਿਆਨੀਆਂ ਨੇ 16 ਤੋਂ 19 ਦਸੰਬਰ ਤੱਕ ਦੋਵਾਂ ਸੂਬਿਆਂ ਵਿੱਚ ਸੀਤ ਲਹਿਰਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਇਸੇ ਦੌਰਾਨ 16 ਤੇ 17 ਦਸੰਬਰ ਨੂੰ ਕੁਝ ਥਾਵਾਂ ’ਤੇ ਸੰਘਣੀ ਧੁੰਦ ਵੀ ਪੈ ਸਕਦੀ ਹੈ।
ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੇ ਕੋਹਰੇ ਨੇ ਜਿੱਥੇ ਆਮ ਜਨ-ਜੀਵਨ ਪ੍ਰਭਾਵਿਤ ਕੀਤਾ ਹੋਇਆ ਹੈ। ਉੱਥੇ ਹੀ ਸਬਜ਼ੀਆਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੇ ਸਾਹ ਵੀ ਸੁੱਕੇ ਪਏ ਹੋਏ ਹਨ। ਕਿਸਾਨਾਂ ਨੂੰ ਕੋਹਰੇ ਕਰਕੇ ਸਬਜ਼ੀਆਂ ਦੀ ਫ਼ਸਲ ਖਰਾਬ ਹੋਣ ਦਾ ਖਦਸ਼ਾ ਹੈ। ਦੂਜੇ ਪਾਸੇ ਇਹ ਕੋਹਰਾ ਕਣਕ ਦੀ ਫਸਲ ਲਈ ਲਾਹੇਵੰਦ ਹੈ, ਜਿਸ ਕਰਕੇ ਕਣਕ ਦੀ ਖੇਤੀ ਕਰਨ ਵਾਲੇ ਕਿਸਾਨ ਸੁੱਖ ਦਾ ਸਾਹ ਲੈ ਰਹੇ ਹਨ। ਉੱਧਰ, ਠੰਢ ਕਰਕੇ ਲੋਕਾਂ ਨੂੰ ਵਾਹਨ ਚਲਾਉਣ ਵਿੱਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰਕੇ ਨਿੱਤ ਦਿਹਾੜੀ ਕਰਨ ਵਾਲੇ ਲੋਕਾਂ ਦਾ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਘੱਟ ਤੋਂ ਘੱਟ ਤਾਪਮਾਨ 4.9 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 3.9, ਲੁਧਿਆਣਾ ਵਿੱਚ 6.8, ਪਟਿਆਲਾ ਵਿੱਚ 3.8, ਪਠਾਨਕੋਟ ਵਿੱਚ 3.5, ਬਠਿੰਡਾ ਵਿੱਚ 4.6, ਗੁਰਦਾਸਪੁਰ ਵਿੱਚ 2, ਬੱਲੋਵਾਲ ਵਿੱਚ 3.9, ਬਰਨਾਲਾ ਵਿੱਚ 4.1, ਫ਼ਤਹਿਗੜ੍ਹ ਸਾਹਿਬ ਵਿੱਚ 4, ਫਾਜ਼ਿਲਕਾ ਵਿੱਚ 2.6, ਫਿਰੋਜ਼ਪੁਰ ਵਿੱਚ 3.3, ਮੋਗਾ ਵਿੱਚ 4.5, ਮੁਹਾਲੀ ਵਿੱਚ 5.9, ਰੋਪੜ ਵਿੱਚ 2.1, ਸੰਗਰੂਰ ਵਿੱਚ 5.3 ਤੇ ਬਲਾਚੌਰ ਵਿੱਚ 6.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਇਹ ਆਮ ਨਾਲੋਂ 1 ਤੋਂ 5 ਡਿਗਰੀ ਸੈਲਸੀਅਸ ਤੱਕ ਘੱਟ ਰਿਹਾ ਹੈ।