
ਚੰਡੀਗੜ੍ਹ,(ਪੰਜਾਬੀ ਰਾਈਟਰ)- ਪੰਜਾਬ ’ਚ ਹੁਣ ਕਿਸਾਨਾਂ ਨੂੰ ਯੂਰੀਆ ਦੀ ਘਾਟ ਦਾ ਤੌਖਲਾ ਹੈ ਜਦੋਂਕਿ ਭੰਡਾਰ ਵਿੱਚ ਫ਼ਿਲਹਾਲ ਯੂਰੀਆ ਖਾਦ ਦੀ ਘਾਟ ਨਹੀਂ ਹੈ। ਸੂਬੇ ਵਿੱਚ ਐਤਕੀਂ 35 ਲੱਖ ਹੈਕਟੇਅਰ ਰਕਬੇ ’ਚ ਕਣਕ ਦੀ ਬਿਜਾਂਦ ਹੋਈ ਹੈ। ਕਣਕ ਲਈ ਹੁਣ ਯੂਰੀਆ ਦੀ ਲੋੜ ਹੈ। ਡੀਏਪੀ ਸੰਕਟ ਦੇ ਡਰਾਏ ਕਿਸਾਨ ਹੁਣ ਯੂਰੀਆ ਖਾਦ ਸਬੰਧੀ ਫ਼ਿਕਰਮੰਦ ਹਨ। ਪਤਾ ਲੱਗਿਆ ਹੈ ਕਿ ਪ੍ਰਾਈਵੇਟ ਡੀਲਰਾਂ ’ਤੇ ਨਿਰਭਰ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਾਰ ਪੇਂਡੂ ਸਹਿਕਾਰੀ ਸਭਾਵਾਂ ਨੂੰ ਯੂਰੀਆ ਖਾਦ ਦਾ 60 ਫ਼ੀਸਦੀ ਹਿੱਸਾ ਦਿੱਤਾ ਗਿਆ ਹੈ ਜਦੋਂਕਿ 40 ਫ਼ੀਸਦੀ ਹਿੱਸਾ ਪ੍ਰਾਈਵੇਟ ਡੀਲਰਾਂ ਨੂੰ ਦਿੱਤਾ ਗਿਆ ਹੈ। ਬਠਿੰਡਾ ਦੇ ਪਿੰਡ ਬੱਲ੍ਹੋ ਦੀ ਸਹਿਕਾਰੀ ਸਭਾ ਦੇ ਸਕੱਤਰ ਭੁਪਿੰਦਰ ਸਿੰਘ ਚਾਉਕੇ ਅਨੁਸਾਰ ਯੂਰੀਆ ਖਾਦ ਦੀ ਖਿੱਚ ਬਣੀ ਹੋਈ ਪਰ ਹਾਲ ਦੀ ਘੜੀ ਕੋਈ ਕਮੀ ਨਹੀਂ ਹੈ। ਇਸ ਹਾੜ੍ਹੀ ਦੇ ਮੰਡੀਕਰਨ ਸੀਜ਼ਨ ਲਈ ਪੰਜ ਲੱਖ ਮੀਟਰਿਕ ਟਨ ਯੂਰੀਆ ਦੀ ਲੋੜ ਹੈ। ਵੇਰਵਿਆਂ ਅਨੁਸਾਰ ਹੁਣ ਤੱਕ ਪੰਜਾਬ ਵਿੱਚ 3.60 ਲੱਖ ਮੀਟਰਿਕ ਟਨ ਯੂਰੀਆ ਉਪਲਬਧ ਹੈ। ਇਸ ਵਿੱਚੋਂ 3.25 ਲੱਖ ਮੀਟਰਿਕ ਟਨ ਦਸੰਬਰ ਵਿੱਚ ਹੀ ਅਲਾਟ ਕੀਤਾ ਗਿਆ ਸੀ। ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਵੱਲੋਂ ਮਹੀਨਾਵਾਰ ਅਲਾਟਮੈਂਟ ਕੀਤੀ ਜਾਂਦੀ ਹੈ ਅਤੇ ਇਸ ਸੀਜ਼ਨ ਵਿਚ ਕਿਸਾਨਾਂ ਨੂੰ ਯੂਰੀਆ ਦੀ ਕੋਈ ਘਾਟ ਨਹੀਂ ਆਵੇਗੀ। ਜਨਵਰੀ ਮਹੀਨੇ ਵਿੱਚ ਵੀ ਮੰਗ ਹਾਲੇ ਭੇਜਣੀ ਹੈ। ਮੁਕਤਸਰ ਦੇ ਪਿੰਡ ਕੋਟਲੀ ਦੇਵਨ ਦੇ ਕਿਸਾਨ ਯਾਦਵਿੰਦਰ ਸਿੰਘ ਨੇ ਕਿਹਾ ਕਿ ਯੂਰੀਆ ਦੀ ਘਾਟ ਨਾਲੋਂ ਐਤਕੀਂ ਵੱਡਾ ਮਸਲਾ ਇਹ ਹੈ ਕਿ ਪ੍ਰਾਈਵੇਟ ਡੀਲਰ ਕਿਸਾਨਾਂ ਨੂੰ ਖਾਦ ਨਾਲ ਨੈਨੋ ਯੂਰੀਆ ਜਬਰੀ ਦੇ ਰਹੇ ਹਨ। ਇਸੇ ਤਰ੍ਹਾਂ ਕਈ ਸਹਿਕਾਰੀ ਸਭਾਵਾਂ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਇਫਕੋ ਵੱਲੋਂ ਸਭਾਵਾਂ ਨੂੰ ਨੈਨੋ ਯੂਰੀਆ ਦਿੱਤਾ ਜਾ ਰਿਹਾ ਹੈ ਜਿਸ ਨੂੰ ਕਿਸਾਨ ਲੈਣ ਤੋਂ ਆਨਾਕਾਨੀ ਕਰਦੇ ਹਨ। ਇਸ ਵਾਰ ਝੋਨੇ ਦੀ ਖ਼ਰੀਦ ’ਚ ਬਣੇ ਅੜਿੱਕਿਆਂ ਕਰ ਕੇ ਕਿਸਾਨਾਂ ਦੀ ਹਾੜ੍ਹੀ ਦੀ ਫ਼ਸਲ ਦੀ ਬਿਜਾਂਦ ਲੇਟ ਹੋਈ ਹੈ। ਐਗਰੀ ਇਨਪੁਟ ਡੀਲਰਜ਼ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਗੋਕਲ ਪ੍ਰਕਾਸ਼ ਗੁਪਤਾ ਨੇ ਦੱਸਿਆ ਕਿ ਪ੍ਰਾਈਵੇਟ ਵਪਾਰੀਆਂ ਕੋਲ ਯੂਰੀਆ ਦੀ ਘਾਟ ਹੈ। ਉਨ੍ਹਾਂ ਨੂੰ ਥੋਕ ਸਪਲਾਇਰਾਂ ਵੱਲੋਂ ਯੂਰੀਆ ਨਾਲ ਉਤਪਾਦ ਵੇਚਣ ਲਈ ਮਜਬੂਰ ਕੀਤਾ ਜਾਂਦਾ ਹੈ।