
ਪੁਲੀਸ ਬੈਰੀਕੇਡ ਲਾ ਕੇ ਰੋਕੇ ਕਿਸਾਨ; ਸਵਾਲਾਂ ਦੇ ਜਵਾਬ ਨਾ ਦੇਣ ’ਤੇ ਕਿਸਾਨਾਂ ਵੱਲੋਂ ਸਰਕਾਰ ਤੇ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ
ਪਾਤੜਾਂ,(ਪੰਜਾਬੀ ਰਾਈਟਰ)- ਭੂਤਗੜ੍ਹ ਪਿੰਡ ’ਚ ਸਕੂਲ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਕੇ ਮੁੜ ਰਹੇ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੂੰ ਅੱਜ ਕਿਸਾਨ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜਦੋਂ ਕਿਸਾਨ ਆਗੂਆਂ ਨੇ ਵਿਧਾਇਕ ਨੂੰ ਸਵਾਲ ਕੀਤੇ ਤਾਂ ਹਫੜਾ ਦਫੜੀ ਮੱਚ ਗਈ। ਇਸ ਦੌਰਾਨ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਣ ’ਤੇ ਕਿਸਾਨਾਂ ਨੇ ਸਰਕਾਰ ਤੇ ਵਿਧਾਇਕ ਬਾਜ਼ੀਗਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਜ਼ਿਕਰਯੋਗ ਹੈ ਕਿ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਪਹਿਲਾਂ ਤੋਂ ਹੀ ਇਸ ਐਕਸ਼ਨ ਦਾ ਐਲਾਨ ਕੀਤਾ ਹੋਇਆ ਸੀ। ਇਸ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਬਲਾਕ ਪਾਤੜਾਂ ਵੱਲੋਂ ਹਲਕਾ ਵਿਧਾਇਕ ਨੂੰ ਸਵਾਲ-ਜਵਾਬ ਕਰਨ ਦੇ ਲਈ ਪਿੰਡ ਭੂਤਗੜ੍ਹ ’ਚ ਬਲਾਕ ਆਗੂ ਮਨਦੀਪ ਸਿੰਘ ਭੂਤਗੜ੍ਹ ਦੀ ਅਗਵਾਈ ਵਿੱਚ ਵੱਡਾ ਇਕੱਠ ਕੀਤਾ ਗਿਆ। ਅੱਜ ਸਵੇਰ ਤੋਂ ਹੀ ਵੱਡੀ ਗਿਣਤੀ ’ਚ ਕਿਸਾਨ ਤੇ ਔਰਤਾਂ ਪਿੰਡ ਭੂਤਗੜ੍ਹ ’ਚ ਇਕੱਤਰ ਹੋਣੇ ਸ਼ੁਰੂ ਹੋ ਗਏ। ਪੁਲੀਸ ਨੇ ਸਖ਼ਤ ਬੈਰੀਕੇਡਿੰਗ ਕਰਕੇ ਕਿਸਾਨਾਂ ਨੂੰ ਸਕੂਲ ਦੇ ਬਾਹਰ ਹੀ ਰੋਕੀ ਰੱਖਿਆ। ਕਿਸਾਨ ਅਤੇ ਔਰਤਾਂ ਵੱਲੋਂ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੂੰ ਸ਼ਾਂਤਮਈ ਢੰਗ ਸਵਾਲ-ਜਵਾਬ ਕਰਨ ਲਈ ਇਕੱਤਰ ਹੋਏ ਸਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਮੋਦੀ ਸਰਕਾਰ ਦੀ ਕਥਿਤ ਸ਼ਹਿ ’ਤੇ ਸ਼ੰਭੂ ਤੇ ਖਨੌਰੀ ਬਾਰਡਰਾਂ ਤੋਂ ਕਿਸਾਨ ਮੋਰਚੇ ਚੁਕਵਾਏ ਗਏ, ਜਿਥੋਂ ਕਿਸਾਨਾਂ ਦਾ ਕਰੋੜਾਂ ਰੁਪਏ ਦਾ ਸਮਾਨ ਤੋੜ ਵੀ ਦਿੱਤਾ ਗਿਆ ਤੇ ਟਰੈਕਟਰ-ਟਰਾਲੀਆਂ ਸਣੇ ਹੋਰ ਸਮਾਨ ਚੋਰੀ ਹੋ ਗਿਆ। ਪਿੰਡ ਭੂਤਗੜ੍ਹ ’ਚ ਇਕੱਠੇ ਹੋਏ ਕਿਸਾਨਾਂ ਨੇ ਕਿਹਾ ਕਿ ਉਹ ਵਿਧਾਇਕ ਨੂੰ ਇਹੀ ਪੁੱਛਣਾ ਚਾਹੁੰਦੇ ਹਨ ਕਿ ਕਿਸਾਨਾਂ ਦੀ ਹਮਾਇਤੀ ਕਹਾਉਣ ਵਾਲੀ ਸਰਕਾਰ ਵੱਲੋਂ ਮੋਰਚੇ ਨੂੰ ਕਿਉਂ ਖਦੇੜਿਆ ਗਿਆ? ਆਗੂਆਂ ਨੇ ਕਿਹਾ ਕਿ ਲੋਕਾਂ ਦੇ ਚੁਣੇ ਹੋਏ ਨੇਤਾ ਨੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ ਥਾਂ ਪ੍ਰਸ਼ਾਸਨ ਦੇ ਜ਼ੋਰ ਨਾਲ ਆਪਣਾ ਪ੍ਰੋਗਰਾਮ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੋਕਾਂ ਦੇ ਸੁਆਲਾਂ ਦੇ ਜਵਾਬ ਦੇਣ ਤੋਂ ਭੱਜ ਕੇ ਭਾਜਪਾ ਦੀ ਝੋਲੀ ਪੈ ਚੁੱਕੀ ‘ਆਮ ਆਦਮੀ ਪਾਰਟੀ’ ਨੇ ਲੋਕ ਵਿਰੋਧੀ ਤੇ ਕਿਸਾਨ ਮਜ਼ਦੂਰ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ।
ਸਰਕਾਰ ਨੇ 17 ਹਜ਼ਾਰ ਸਕੂਲਾਂ ’ਚ ਵਾਈ-ਫਾਈ ਦੀ ਸਹੂਲਤ ਦਿੱਤੀ: ਬਾਜ਼ੀਗਰ
ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਉਦਘਾਟਨੀ ਸਮਾਗਮਾਂ ’ਚ ਕਿਹਾ ਕਿ ਪੰਜਾਬ ਸਰਕਾਰ ਨੇ 17 ਹਜ਼ਾਰ ਸਕੂਲਾਂ ’ਚ ਵਾਈ-ਫਾਈ ਦੀ ਸਹੂਲਤ ਦਿੱਤੀ ਹੈ, ਤਾਂ ਜੋ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕਾਂ ਨਾਲ ਸਿੱਖਿਅਤ ਕੀਤਾ ਜਾ ਸਕੇ। ਉਨ੍ਹਾਂ ਨੇ ਸਰਕਾਰੀ ਪ੍ਰਾਇਮਰੀ ਤੇ ਹਾਈ ਸਕੂਲ ਭੂਤਗੜ੍ਹ, ਸਰਕਾਰੀ ਮਿਡਲ ਤੇ ਪ੍ਰਾਇਮਰੀ ਸਕੂਲ ਹਰਿਆਊ ਕਲਾਂ, ਸਰਕਾਰੀ ਪ੍ਰਾਇਮਰੀ ਸਕੂਲ ਹਰਿਆਊ ਖੁਰਦ ਤੇ ਸਰਕਾਰੀ ਮਿਡਲ ਸਕੂਲ ਦਿਓਗੜ੍ਹ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ।
ਭਾਈ ਰੂਪਾ ’ਚ ਕਿਸਾਨ ਆਗੂਆਂ ਨੇ ਬਲਕਾਰ ਸਿੱਧੂ ਨੂੰ ਪੁੱਛੇ ਸਵਾਲ
ਭਾਈ ਰੂਪਾ : ਵਿਧਾਇਕ ਬਲਕਾਰ ਸਿੰਘ ਸਿੱਧੂ ਅੱਜ ਪਿੰਡ ਸਲਾਬਤਪੁਰਾ, ਰਾਜਗੜ੍ਹ ਤੇ ਭਾਈ ਰੂਪਾ ਦੇ ਸਰਕਾਰੀ ਸਕੂਲਾਂ ’ਚ 75 ਲੱਖ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਪੁੱਜੇ ਜਿਸ ਦੌਰਾਨ ਭਾਈ ਰੂਪਾ ਨੂੰ ਉਨ੍ਹਾਂ ਨੂੰ ਕਿਸਾਨਾਂ ਵਿਰੋਧ ਦੇ ਸਾਹਮਣਾ ਕਰਨਾ ਪਿਆ। ਪੰਜਾਬ ਸਰਕਾਰ ਵੱਲੋਂ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਤੇ ਕਿਸਾਨੀ ਮੋਰਚੇ ਉਖੇੜਨ ਦੀ ਕਾਰਵਾਈ ਦੇ ਵਿਰੋਧ ’ਚ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਨੇ ਅੱਜ ਭਾਈ ਰੂਪਾ ’ਚ ਵਿਧਾਇਕ ਬਲਕਾਰ ਸਿੱਧੂ ਦੇ ਪ੍ਰੋਗਰਾਮ ਮੌਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਨੂੰ ਸਵਾਲ ਪੁੱਛੇ। ਵਿਧਾਇਕ ਦੇ ਭਾਈ ਰੂਪਾ ਦੇ ਵੱਖ-ਵੱਖ ਸਕੂਲਾਂ ‘ਚ ਪ੍ਰੋਗਰਾਮ ਸਨ, ਜਿਨ੍ਹਾਂ ਦਾ ਪਤਾ ਲੱਗਦਿਆਂ ਹੀ ਬਲਾਕ ਆਗੂ ਰਾਜਿੰਦਰਪਾਲ ਸਿੰਘ ਰਾਜਾ ਦੀ ਅਗਵਾਈ ਹੇਠ ਕਿਸਾਨ ਸਕੂਲ ਨੇੜੇ ਇਕੱਤਰ ਹੋ ਗਏ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨ ਆਗੂਆਂ ਨੂੰ ਮੀਟਿੰਗ ਲਈ ਬੁਲਾ ਕੇ ਬਾਅਦ ’ਚ ਧੋਖਾ ਕਰਦਿਆਂ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਬਾਰਡਰਾਂ ਤੋਂ ਕਿਸਾਨਾਂ ਨੂੰ ਜ਼ਬਰਦਸਤੀ ਉਠਾ ਦਿੱਤਾ। ਇਸੇ ਮੌਕੇ ਭਾਈ ਰੂਪਾ ਵਿੱਚ ਇਕ ਨਿੱਜੀ ਚੈਨਲ ਦੇ ਪੱਤਰਕਾਰ ਤੇ ਵਿਧਾਇਕ ਦੇ ਸਮਰਥਕਾਂ ਵਿਚਾਲੇ ਤਲਖ਼ਕਲਾਮੀ ਵੀ ਹੋਈ।