ਪਹਿਲਵਾਨਾਂ ਵੱਲੋਂ ਨਵੀਂ ਸੰਸਦ ਦੇ ਬਾਹਰ ਮਹਿਲਾ ਸਨਮਾਨ ਮਹਾਪੰਚਾਇਤ ਭਲਕੇ

ਪਹਿਲਵਾਨਾਂ ਵੱਲੋਂ ਨਵੀਂ ਸੰਸਦ ਦੇ ਬਾਹਰ ਮਹਿਲਾ ਸਨਮਾਨ ਮਹਾਪੰਚਾਇਤ ਭਲਕੇ

ਨਵੀਂ ਦਿੱਲੀ, 27 ਮਈ - ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਨ ਖ਼ਿਲਾਫ਼ ਇਥੋਂ ਦੇ ਜੰਤਰ-ਮੰਤਰ ’ਤੇ ਧਰਨਾ ਦੇ ਰਹੇ ਪਹਿਲਵਾਨਾਂ ਵੱਲੋਂ 28 ਮਈ ਨੂੰ ਸਵੇਰੇ ਸਾਢੇ 11 ਵਜੇ ਨਵੇਂ ਸੰਸਦ ਭਵਨ ਵੱਲ ਮਾਰਚ ਕੀਤਾ ਜਾਵੇਗਾ ਜਿਥੇ ਮਹਿਲਾ ਸਨਮਾਨ ਮਹਾਪੰਚਾਇਤ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਦਿਨ ਨਵੀਂ ਸੰਸਦ ਦੀ ਇਮਾਰਤ ਦਾ ਉਦਘਾਟਨ ਕਰਨਾ ਹੈ ਅਤੇ ਪੁਲੀਸ ਨੇ ਮਹਾਪੰਚਾਇਤ ਲਈ ਮਨਜ਼ੂਰੀ ਨਹੀਂ ਦਿੱਤੀ ਹੈ। ਪੁਲੀਸ ਵੱਲੋਂ 28 ਮਈ ਨੂੰ ਦਿੱਲੀ ਦੀਆਂ ਹੱਦਾਂ ਸੀਲ ਕੀਤੀਆਂ ਜਾ ਸਕਦੀਆਂ ਹਨ। ਉਲੰਪੀਅਨ ਪਹਿਲਵਾਨ ਸਾਕਸ਼ੀ ਮਲਿਕ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਹਾਪੰਚਾਇਤ ਵਿੱਚ ਖਾਪਾਂ ਸਮੇਤ ਕਿਸਾਨ-ਮਜ਼ਦੂਰ ਜਥੇਬੰਦੀਆਂ, ਮਹਿਲਾ ਸੰਗਠਨ ਤੇ ਨੌਜਵਾਨ ਜਥੇਬੰਦੀਆਂ ਵੀ ਸ਼ਾਮਲ ਹੋਣਗੀਆਂ। ਉਨ੍ਹਾਂ ਕਿਹਾ ਕਿ ਮਹਾਪੰਚਾਇਤ ਸ਼ਾਂਤਮਈ ਢੰਗ ਨਾਲ ਕੀਤੀ ਜਾਵੇਗੀ ਅਤੇ ਜੇਕਰ ਕੋਈ ਜਬਰ-ਜ਼ੁਲਮ ਹੋਇਆ ਤਾਂ ਉਸ ਦਾ ਸਾਹਮਣਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਖਾਪ ਪੰਚਾਇਤਾਂ ਤੇ ਕਿਸਾਨ-ਮਜ਼ਦੂਰ ਜਥੇਬੰਦੀਆਂ 28 ਮਈ ਨੂੰ 11 ਵਜੇ ਸਿੰਘੂ ਬਾਰਡਰ ’ਤੇ ਇਕੱਠੀਆਂ ਹੋਣਗੀਆਂ ਜਦਕਿ ਯੂਪੀ ਦੀਆਂ ਖਾਪ ਪੰਚਾਇਤਾਂ ਗਾਜ਼ੀਪੁਰ ਬਾਰਡਰ ’ਤੇ ਜੁੜਨਗੀਆਂ। ਇਸ ਦੌਰਾਨ ਸਮਾਜਿਕ ਤੇ ਮਨੁੱਖੀ ਅਧਿਕਾਰਾਂ ਬਾਰੇ ਕਾਰਕੁਨ ਸ਼ਬਨਮ ਹਾਸ਼ਮੀ ਨੇ ਧਰਨੇ ਵਿੱਚ ਸ਼ਿਰਕਤ ਕਰਦਿਆਂ ਪਹਿਲਵਾਨਾਂ ਦੀ ਹਮਾਇਤ ਕੀਤੀ। ਉਨ੍ਹਾਂ ਕਿਹਾ ਕਿ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਖ਼ਿਲਾਫ਼ ਸਰਕਾਰ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।
ਪਹਿਲਵਾਨਾਂ ਦਾ ਅੰਦੋਲਨ ਪੰਜਾਬ ਤੋਂ ਖਾਲਿਸਤਾਨ ਨਾਲ ਜੁੜਿਆ: ਬ੍ਰਿਜ ਭੂਸ਼ਨ
ਭਾਜਪਾ ਸੰਸਦ ਮੈਂਬਰ ਅਤੇ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਣ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਖ਼ਿਲਾਫ਼ ਪਹਿਲਵਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਵੇਰਵੇ ਸਾਂਝੇ ਕੀਤੇ ਬਿਨਾਂ ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਅੰਦੋਲਨ ਦਿੱਲੀ ਤੋਂ ਪੰਜਾਬ ਅਤੇ ਖਾਲਿਸਤਾਨ ਵੱਲ ਜਾ ਰਿਹਾ ਹੈ। ਉਸ ਨੇ ਕਿਹਾ ਕਿ ਬਜਰੰਗ ਪੂਨੀਆ ਕਿਸੇ ਹੋਰ ਦੀ ਬੋਲੀ ਬੋਲ ਰਿਹਾ ਹੈ। ਬ੍ਰਿਜ ਭੂਸ਼ਨ ਬਲਰਾਮਪੁਰ ’ਚ ਸੰਤਾਂ ਦੀ ਰੈਲੀ ਦੀ ਤਿਆਰੀ ਲਈ ਪੁੱਜਿਆ ਹੈ ਜੋ 5 ਜੂਨ ਨੂੰ ਅਯੁੱਧਿਆ ’ਚ ਹੋਣੀ ਹੈ। ਬ੍ਰਿਜ ਭੂਸ਼ਨ ਨੇ ਦਾਅਵਾ ਕੀਤਾ ਕਿ ਰੈਲੀ ’ਚ 11 ਲੱਖ ਸੰਤ ਹਿੱਸਾ ਲੈਣਗੇ। ਉਸ ਨੇ ਵੀਰਵਾਰ ਨੂੰ ਦੋਸ਼ ਲਾਇਆ ਸੀ ਕਿ ਪੋਕਸੋ ਐਕਟ ਦੀ ਵੱਡੇ ਪੱਧਰ ’ਤੇ ਦੁਰਵਰਤੋਂ ਕੀਤੀ ਜਾ ਰਹੀ ਹੈ ਅਤੇ ਸੰਤਾਂ ਦੀ ਅਗਵਾਈ ਹੇਠ ਉਹ ਇਸ ਐਕਟ ਨੂੰ ਬਦਲਣ ਲਈ ਸਰਕਾਰ ’ਤੇ ਦਬਾਅ ਪਾਉਣਗੇ। ਜ਼ਿਕਰਯੋਗ ਹੈ ਕਿ ਬ੍ਰਿਜ ਭੂਸ਼ਨ ’ਤੇ ਸੱਤ ਮਹਿਲਾ ਪਹਿਲਵਾਨਾਂ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ ਅਤੇ ਉਸ ਖ਼ਿਲਾਫ਼ ਇਕ ਕੇਸ ਪੋਕਸੋ ਐਕਟ ਤਹਿਤ ਵੀ ਦਰਜ ਕੀਤਾ ਗਿਆ ਹੈ।