ਪਰਵਾਸੀ ਪੰਜਾਬੀ ਜੋੜੇ ’ਤੇ ਹਮਲੇ ਦੇ ਮਾਮਲੇ ਵਿੱਚ ਕੇਸ ਦਰਜ

ਪਰਵਾਸੀ ਪੰਜਾਬੀ ਜੋੜੇ ’ਤੇ ਹਮਲੇ ਦੇ ਮਾਮਲੇ ਵਿੱਚ ਕੇਸ ਦਰਜ

ਅੰਮ੍ਰਿਤਸਰ,-ਹਿਮਾਚਲ ਦੇ ਖਜਿਆਰ ਵਿੱਚ ਇੱਕ ਪਰਵਾਸੀ ਪੰਜਾਬੀ ਪਰਿਵਾਰ ’ਤੇ ਹਮਲੇ ਦੇ ਮਾਮਲੇ ਵਿੱਚ ਪੁਲੀਸ ਨੇ ਇੱਥੇ ਅੰਮ੍ਰਿਤਸਰ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਰਣਜੀਤ ਐਵੇਨਿਊ ਵਿੱਚ ਇਸ ਸਬੰਧੀ ਆਈਪੀਸੀ ਦੀ ਧਾਰਾ 323, 341, 354, 506, 148 ਅਤੇ 149 ਹੇਠ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਇਹ ਕਾਰਵਾਈ ਜ਼ਖ਼ਮੀ ਹੋਏ ਕੰਵਲਜੀਤ ਸਿੰਘ ਦੇ ਭਰਾ ਜੋਬਨਜੀਤ ਸਿੰਘ ਦੀ ਸ਼ਿਕਾਇਤ ਦੇ ਆਧਾਰ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਕਹਿਣ ’ਤੇ ਕੀਤੀ ਹੈ। ਸ੍ਰੀ ਧਾਲੀਵਾਲ ਨੇ ਇੱਥੇ ਰਣਜੀਤ ਐਵੇਨਿਊ ਵਿਚਲੇ ਇੱਕ ਹਸਪਤਾਲ ਵਿੱਚ ਦਾਖ਼ਲ ਇਸ ਪਰਵਾਸੀ ਪੰਜਾਬੀ ਜੋੜੇ ਦਾ ਹਾਲ ਪੁੱਛਿਆ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਇੱਕ ਪੱਤਰ ਵੀ ਭੇਜਿਆ ਜਿਸ ਵਿੱਚ ਉਨ੍ਹਾਂ ਹਮਲਾਵਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਪੱਤਰ ਦੀ ਕਾਪੀ ਪੰਜਾਬ ਦੇ ਮੁੱਖ ਮੰਤਰੀ, ਮੁੱਖ ਸਕੱਤਰ ਅਤੇ ਡੀਜੀਪੀ ਨੂੰ ਵੀ ਭੇਜੀ ਗਈ ਹੈ। ਇਸ ਦੌਰਾਨ ਕੈਬਨਿਟ ਮੰਤਰੀ ਸ੍ਰੀ ਧਾਲੀਵਾਲ ਨੇ ਪੀੜਤ ਪਰਿਵਾਰ ਨੂੰ ਸਰਕਾਰ ਵੱਲੋਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੀ ਅਰਥ-ਵਿਵਸਥਾ ਵੀ ਕਾਫ਼ੀ ਹੱਦ ਤੱਕ ਸੈਰ-ਸਪਾਟੇ ’ਤੇ ਨਿਰਭਰ ਹੈ। ਅਜਿਹੀਆਂ ਘਟਨਾਵਾਂ ਸੈਲਾਨੀਆਂ ਦੇ ਮਨਾਂ ਵਿੱਚ ਡਰ ਅਤੇ ਸ਼ੱਕ ਪੈਦਾ ਕਰਨਗੀਆਂ।