
ਐੱਸਕੇਐੱਮ (ਗੈਰ-ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚੇ ਨੂੰ ਭੇਜਿਆ ਸੱਦਾ ਪੱਤਰ; ਡੱਲੇਵਾਲ ਵੀ ਹੋਣਗੇ ਮੀਟਿੰੰਗ ’ਚ ਸ਼ਾਮਲ
ਪਟਿਆਲਾ/ਪਾਤੜਾਂ,(ਪੰਜਾਬੀ ਰਾਈਟਰ)- ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨਾਲ ਪਿਛਲੇ ਹਫਤੇ ਸ਼ੁਰੂ ਕੀਤੀ ਗਈ ਵਾਰਤਾ ਦੀ ਲੜੀ ਤਹਿਤ ਕੇਂਦਰ ਸਰਕਾਰ ਨੇ 22 ਫਰਵਰੀ ਨੂੰ ਦੂਜੇ ਗੇੜ ਦੀ ਮੀਟਿੰਗ ਵੀ ਸੱਦ ਲਈ ਹੈ। ਇਸ ਸਬੰਧੀ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਜੁਆਇੰਟ ਸਕੱਤਰ ਪੂਰਨ ਚੰਦਰ ਕਿਸ਼ਨ ਵੱਲੋਂ ਅੱਜ ਉਕਤ ਦੋਵਾਂ ਜਥੇਬੰਦੀਆਂ ਨੂੰ ਰਸਮੀ ਸੱਦਾ ਪੱਤਰ ਭੇਜ ਦਿੱਤੇ ਗਏ ਹਨ ਜੋ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਦੇ ਨਾਂ ਲਿਖੇ ਗਏ ਹਨ।
ਇਸ ਪੱਤਰ ਦੀ ਕਾਪੀ ਇਨ੍ਹਾਂ ਦੋਵਾਂ ਜਥੇਬੰਦੀਆਂ ਨੇ ਅੱਜ ਸਾਂਝੇ ਤੌਰ ’ਤੇ ਮੀਡੀਆ ਨੂੰ ਜਾਰੀ ਕੀਤੀ। ਮੀਟਿੰਗ ’ਚ ਡੱਲੇਵਾਲ ਵੀ ਸ਼ਾਮਲ ਹੋਣਗੇ। ਇਸ ਮਾਮਲੇ ’ਤੇ ਰਣਨੀਤੀ ਬਣਾਉਣ ਲਈ ਦੋਵੇਂ ਜਥੇਬੰਦੀਆਂ 20 ਜਾਂ 21 ਫਰਵਰੀ ਨੂੰ ਮੀਟਿੰਗ ਵੀ ਕਰਨੀਆਂ ਜਿਸ ਵਿੱਚ 14 ਫਰਵਰੀ ਵਾਲੀ ਮੀਟਿੰਗ ’ਚ ਸ਼ਾਮਲ ਰਹੇ 28 ਮੈਂਬਰੀ ਵਫ਼ਦ ਦੇ ਹੀ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਸ ਬਾਰੇ ਡੱਲੇਵਾਲ ਨੇ ਕਿਹਾ ਪਿਛਲੀ ਮੀਟਿੰਗ ’ਚ ਜਾਣ ਮੌਕੇ ਉਨ੍ਹਾਂ ਨੂੰ ਕਾਫੀ ਮੁਸ਼ਕਲ ਸਹਿਣੀ ਪਈ ਸੀ, ਪਰ ਇਸ ਦੇ ਬਾਵਜੂਦ ਉਹ ਇਸ ਮੀਟਿੰਗ ’ਚ ਵੀ ਜ਼ਰੂਰ ਸਾਮਲ ਹੋਣਗੇ।
ਜ਼ਿਕਰਯੋਗ ਹੈ ਕਿ ਪੁੱਤ ਦੇ ਵਿਆਹ ਕਾਰਨ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਪਿਛਲੀ ਮੀਟਿੰਗ ’ਚ ਸ਼ਾਮਲ ਨਹੀਂ ਸਨ ਹੋਏ। ਅੱਜ ਦੇ ਪੱਤਰ ’ਚ ਵੀ ਭਾਵੇਂ ਖੇਤੀ ਮੰਤਰੀ ਦੇ ਆਉਣ ਦਾ ਉਚੇਚਾ ਜ਼ਿਕਰ ਤਾਂ ਨਹੀਂ ਹੈ ਪਰ ਪਿਛਲੀ ਮੀਟਿੰਗ ’ਚ ਹੋਏ ਵਾਅਦੇ ਤਹਿਤ ਕਿਸਾਨ ਜਥੇਬੰਦੀਆਂ ਨੂੰ ਉਨ੍ਹਾਂ ਦੇ ਆਉਣ ਦੀ ਪੂਰੀ ਆਸ ਹੈ। ਇੱਥੋਂ ਪੰਜਾਬ ਦੇ ਖੇਤੀ ਮੰਤਰੀ ਤੇ ਹੋਰ ਵੀ ਸ਼ਿਰਕਤ ਕਰਨਗੇ।