
ਥਾਂ ਤਬਦੀਲੀ ਦੌਰਾਨ ਤਬੀਅਤ ’ਚ ਸੁਧਾਰ ਹੋਣ ਲੱਗਿਆ
ਪਟਿਆਲਾ/ਪਾਤੜਾਂ,(ਪੰਜਾਬੀ ਰਾਈਟਰ)- ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਜਗਜੀਤ ਸਿੰਘ ਡੱਲੇਵਾਲ ਵੱਲੋਂ 26 ਨਵੰਬਰ ਤੋਂ ਸ਼ੁਰੂ ਕੀਤਾ ਮਰਨ ਵਰਤ ਅੱਜ 59ਵੇਂ ਦਿਨ ਵੀ ਜਾਰੀ ਰਿਹਾ। ਭਲਕੇ 24 ਜਨਵਰੀ ਨੂੰ ਉਨ੍ਹਾਂ ਦੇ ਮਰਨ ਵਰਤ ਨੂੰ ਦੋ ਮਹੀਨੇ ਹੋ ਜਾਣਗੇ। ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਗੱਲਬਾਤ ਲਈ 14 ਫਰਵਰੀ ਨੂੰ ਮੀਟਿੰਗ ਦੇ ਸੱਦੇ ਤਹਿਤ ਅੱਜ ਪੰਜਵੇਂ ਦਿਨ ਡੱਲੇਵਾਲ ਦਾ ਇਲਾਜ ਜਾਰੀ ਰਿਹਾ। ਕੇਂਦਰ ਸਰਕਾਰ ਨੇ 14 ਫਰਵਰੀ ਦੀ ਮੀਟਿੰਗ ’ਚ ਡੱਲੇਵਾਲ ਦੀ ਹਾਜ਼ਰੀ ਜ਼ਰੁੂਰੀ ਕਰਾਰ ਦਿੱਤੀ ਹੈ ਇਸੇ ਹਵਾਲੇ ਨਾਲ ਕੇਂਦਰ ਸਰਕਾਰ ਨੇ ਡੱਲੇਵਾਲ ਨੂੰ ਪੀਜੀਆਈ ’ਚ ਦਾਖਲ ਕਰਨ ਦੀ ਪੇਸ਼ਕਸ਼ ਭੇਜੀ ਹੈ ਤਾਂ ਜੋ ਉਹ ਛੇਤੀ ਤੰਦਰੁਸਤ ਹੋ ਸਕਣ। ਪਰ ਡੱਲੇਵਾਲ ਨੇ ਇਸ ਪੇਸ਼ਕਸ਼ ਨੂੰ ਠੁਕਰਾਉਂਦਿਆਂ ਪੀਜੀਆਈ ਜਾਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਇਥੇ ਰਹਿ ਕੇ ਹੀ ਆਪਣਾ ਇਲਾਜ ਕਰਵਾਉਣਗੇ। ਡਾਕਟਰਾਂ ਵੱਲੋਂ ਹਵਾ, ਰੌਸ਼ਨੀ ਅਤੇ ਧੁੱਪ ਜ਼ਰੂਰੀ ਹੋਣ ਦੇ ਇਵਜ਼ ਵਜੋਂ ਦਿੱਤੀ ਸਲਾਹ ਤਹਿਤ ਉਨ੍ਹਾਂ ਨੂੰ ਵਿਸ਼ੇਸ਼ ਟਰਾਲੀ ਵਿੱਚ ਤਬਦੀਲ ਕੀਤਾ ਗਿਆ।
ਇਸ ਦੌਰਾਨ ਕਰੀਬ ਦੋ ਮਹੀਨਿਆਂ ਮਗਰੋਂ ਇੱਕਦਮ ਮੌਸਮ ਤਬਦੀਲ ਹੋਣ ਕਰ ਕੇ ਡੱਲੇਵਾਲ ਨੇ ਬਹੁਤਾ ਠੀਕ ਮਹਿਸੂਸ ਨਾ ਕੀਤਾ ਤੇ ਸ਼ੁਰੂਆਤੀ ਦੌਰ ’ਚ ਉਹ ਮਿਲਣ ਤੋਂ ਵੀ ਗੁਰੇਜ਼ ਹੀ ਕਰਦੇ ਰਹੇ। ਕਾਕਾ ਸਿੰਘ ਕੋਹਾੜ ਨੇ ਦੱਸਿਆ ਕਿ ਕੱਲ੍ਹ ਰਾਤ ਦੀ ਘਟਨਾ ਤੋਂ ਬਾਅਦ ਉਨ੍ਹਾਂ ਦੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਹੋਈ ਗੱਲਬਾਤ ਮਗਰੋਂ ਡਾਕਟਰਾਂ ਦੀ ਭੇਜੀ ਗਈ ਟੀਮ ਨੇ ਮੋਰਚਾ ਸੰਭਾਲ ਲਿਆ ਹੈ। ਅਭਿਮੰਨਿਊ ਕੋਹਾੜ ਨੇ ਦੱਸਿਆ ਕਿ ਸੰਘਰਸ਼ੀਲ ਕਿਸਾਨਾਂ-ਮਜ਼ਦੂਰਾਂ ਦੀ ਸਿਹਤਯਾਬੀ ਅਤੇ ਮੋਰਚੇ ਦੀ ਚੜ੍ਹਦੀਕਲਾ ਲਈ ਡੱਲੇਵਾਲ ਦੀ ਇੱਛਾ ਅਨੁਸਾਰ 28 ਜਨਵਰੀ ਨੂੰ ਖਨੌਰੀ ਬਾਰਡਰ ਮੋਰਚੇ ’ਚ ਅਖੰਡ ਪਾਠ ਆਰੰਭ ਕੀਤਾ ਜਾਵੇਗਾ ਅਤੇ 30 ਜਨਵਰੀ ਨੂੰ ਭੋਗ ਪਾਏ ਜਾਣਗੇ। ਡੱਲੇਵਾਲ ਦੀ ਜਾਣਕਾਰੀ ਦੇਣ ਵਾਲੇ ਅਮਰੀਕਾ ਰਹਿੰਦੇ ਸਮਾਜ ਸੇਵੀ ਡਾ. ਸਵੈਮਾਨ ਸਿੰਘ ਦਾ ਫੇਸਬੁੱਕ ਪੇਜ ਭਾਰਤ ’ਚ ਬੰਦ ਕਰ ਦਿੱਤਾ ਗਿਆ ਹੈ। ਫੇਸਬੁੱਕ ਅਦਾਰੇ ਵੱਲੋਂ ਇਹ ਕਾਰਵਾਈ ‘ਇੰਡੀਆ ਸਾਈਬਰ ਕਰਾਈਮ ਸੈਂਟਰ’ ਦੀ ਕਾਨੂੰਨੀ ਬੇਨਤੀ ’ਤੇ ਅਮਲ ’ਚ ਲਿਆਂਦੀ ਗਈ ਹੈ।