ਡੱਲੇਵਾਲ ਦਾ ਇਲਾਜ ਸ਼ੁਰੂ, ਮਰਨ ਵਰਤ ਜਾਰੀ

ਡੱਲੇਵਾਲ ਦਾ ਇਲਾਜ ਸ਼ੁਰੂ, ਮਰਨ ਵਰਤ ਜਾਰੀ

ਕਿਸਾਨਾਂ ਸਮੇਤ ਸਾਰੀਆਂ ਧਿਰਾਂ ਨੇ ਲਿਆ ਸੁੱਖ ਦਾ ਸਾਹ; ਹੁਣ ਸਾਰੀਆਂ ਨਜ਼ਰਾਂ 14 ਫਰਵਰੀ ਦੀ ਮੀਟਿੰਗ ’ਤੇ

ਪਟਿਆਲਾ/ਪਾਤੜਾਂ,(ਪੰਜਾਬੀ ਰਾਈਟਰ)- ਕੇਂਦਰ ਸਰਕਾਰ ਵੱਲੋਂ ਸੰਯੁਕਤ ਕਿਸਾਨ ਮੋਰਚਾ (ਗ਼ੈਰ ਸਿਆਸੀ) ਅਤੇ ਕਿਸਾਨ-ਮਜ਼ਦੂਰ ਮੋਰਚਾ ਨੂੰ 14 ਫਰਵਰੀ ਲਈ ਗੱਲਬਾਤ ਦਾ ਸੱਦਾ ਦਿੱਤੇ ਜਾਣ ਮਗਰੋਂ ਜਗਜੀਤ ਸਿੰਘ ਡੱਲੇਵਾਲ ਇਲਾਜ ਕਰਾਉਣ ਲਈ ਰਾਜ਼ੀ ਹੋ ਗਏ। ਉਂਜ ਐੱਮਐੱਸਪੀ ਸਮੇਤ ਹੋਰ 12 ਮੰਗਾਂ ਮੰਨੇ ਜਾਣ ਤੱਕ ਉਨ੍ਹਾਂ ਮਰਨ ਵਰਤ ਜਾਰੀ ਰੱਖਣ ਦਾ ਐਲਾਨ ਕੀਤਾ ਹੈ ਜਿਸ ਨੂੰ ਅੱਜ 55 ਦਿਨ ਹੋ ਗਏ ਹਨ। ਡੱਲੇਵਾਲ ਨੇ ਕੇਂਦਰ ਸਰਕਾਰ ਵੱਲੋਂ ਗੱਲਬਾਤ ਸ਼ੁਰੂ ਕਰਨ ਦੇ ਫ਼ੈਸਲੇ ’ਤੇ ਭਾਵੇਂ ਤਸੱਲੀ ਪ੍ਰਗਟਾਈ ਹੈ ਪਰ ਨਾਲ ਹੀ ਇਹ ਵੀ ਆਖਿਆ ਹੈ ਕਿ ਮਰਨ ਵਰਤ ਤੋੜਨ ਦਾ ਫ਼ੈਸਲਾ ਮੀਟਿੰਗ ਦੇ ਸਿੱਟਿਆਂ ’ਤੇ ਹੀ ਨਿਰਭਰ ਕਰੇਗਾ। ਡੱਲੇਵਾਲ ਵੱਲੋਂ ਇਲਾਜ ਲਈ ਹਾਮੀ ਭਰਨ ਨਾਲ ਸਾਰੀਆਂ ਧਿਰਾਂ ਨੂੰ ਰਾਹਤ ਮਿਲੀ ਹੈ। ਰਾਜਿੰਦਰਾ ਹਸਪਤਾਲ ਪਟਿਆਲਾ ਦੇ ਮੈਡੀਕਲ ਸੁਪਰਡੈਂਟ ਗਰੀਸ਼ ਸਾਹਨੀ ਦੀ ਅਗਵਾਈ ਹੇਠ ਡਾ. ਆਸ਼ੀਸ਼ ਭਗਤ (ਮੈਡੀਸਨ), ਡਾ. ਵਿਕਾਸ ਗੋਇਲ (ਸਰਜਰੀ), ਡਾ. ਲਲਿਤ ਗਰਗ (ਅਨੈਸਥੀਸੀਆ), ਡਾ. ਦਿਲਮੋਹਨ (ਆਰਥੋ), ਡਾ. ਸੌਰਭ ਸ਼ਰਮਾ (ਕਾਰਡੀਓਲੋਜਿਸਟ), ਡਾ. ਹਰੀਸ਼ ਕੁਮਾਰ (ਨਿਊਰੋਸਰਜਨ) ਅਤੇ ਡਾ. ਹਰਭੁਪਿੰਦਰ ਸਿੰਘ (ਯੂਰੋਲੌਜਿਸਟ) ’ਤੇ ਆਧਾਰਿਤ ਮਾਹਿਰ ਡਾਕਟਰਾਂ ਦੇੇ ਉਚ ਪੱਧਰੀ ਮੈਡੀਕਲ ਬੋਰਡ ਵੱਲੋਂ ਸ਼ਨਿਚਰਵਾਰ ਅੱਧੀ ਰਾਤ ਤੋਂ ਬਾਅਦ ਡੱਲੇਵਾਲ ਨੂੰ ਡਰਿਪ ਲਗਾ ਕੇ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਗਿਆ। ਇਲਾਜ ਸ਼ੁਰੂ ਹੋਣ ਬਾਰੇ ਪਤਾ ਲੱਗਣ ’ਤੇ ਕਿਸਾਨਾਂ ਨੇ ਜੈਕਾਰੇ ਲਗਾਏ ਅਤੇ ਨਾਅਰੇਬਾਜ਼ੀ ਕੀਤੀ। ਡੀਆਈਜੀ ਮਨਦੀਪ ਸਿੱਧੂ ਅਤੇ ਐੱਸਐੱਸਪੀ ਡਾ. ਨਾਨਕ ਸਿੰਘ ਸਮੇਤ ਕੁਝ ਹੋਰ ਅਧਿਕਾਰੀਆ ਨੇ ਅੱਜ ਵੀ ਡੱਲੇਵਾਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਇਸ ਮੌਕੇ ਕਾਕਾ ਸਿੰਘ ਕੋਟੜਾ, ਅਭਿਮੰਨਿਊ ਕੋਹਾੜ ਅਤੇ ਹੋਰ ਕਿਸਾਨ ਆਗੂ ਹਾਜ਼ਰ ਸਨ।

ਐੱਸਕੇਐੱਮ ਵੱਲੋਂ ਹੁਣ ਡਾਕ ਰਾਹੀਂ ਸੰਸਦ ਮੈਂਬਰਾਂ ਨੂੰ ਭੇਜੇ ਜਾਣਗੇ ਮੰਗ ਪੱਤਰ
ਪਟਿਆਲਾ; ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਨੇ 20 ਜਨਵਰੀ ਨੂੰ ਦੇਸ਼ ਭਰ ਦੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਦੇ ਘਰਾਂ ਜਾਂ ਦਫ਼ਤਰਾਂ ਬਾਹਰ ਪ੍ਰਦਰਸ਼ਨ ਕਰਕੇ ਮੰਗ ਪੱਤਰ ਸੌਂਪਣ ਦੇ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਹੈ। ਇਸ ਦੀ ਬਜਾਏ ਸੰਸਦ ਮੈਂਬਰਾਂ ਨੂੰ ਹੁਣ ਵਟਸਐਪ, ਈਮੇਲ ਜਾਂ ਡਾਕ ਰਾਹੀਂ ਮੰਗ ਪੱਤਰ ਭੇਜੇ ਜਾਣਗੇ। ਉਨ੍ਹਾਂ ਦਾ ਮੰਗ ਪੱਤਰ ਵੀ ਹੁਣ ਦੋ ਸੂਤਰੀ ਹੋਵੇਗਾ। ਇਸ ’ਚ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣ ਵਾਲੀ ਮੰਗ ਸ਼ਾਮਲ ਨਹੀਂ ਕੀਤੀ ਗਈ ਹੈ। ਉਂਜ ਐੱਸਕੇਐੱਮ ਨੇ ਡੱਲੇਵਾਲ ਦਾ ਇਲਾਜ ਸ਼ੁਰੂ ਹੋਣ ’ਤੇ ਤਸੱਲੀ ਪ੍ਰਗਟ ਕਰਦਿਆਂ ਇਹ ਤਰਕ ਦਿੱਤਾ ਹੈ ਕਿ ਕੇਂਦਰ ਨਾਲ ਮੀਟਿੰਗ ਦੇ ਮਿਲੇ ਸੱਦੇ ਮਗਰੋਂ ਡੱਲੇਵਾਲ ਦਾ ਇਲਾਜ ਸ਼ੁਰੂ ਹੋ ਗਿਆ ਹੈ। ਸੰਪਰਕ ਕਰਨ ’ਤੇ ਐੱਸਕੇਐੱਮ ਦੇ ਸੀਨੀਅਰ ਆਗੂ ਜੋਗਿੰਦਰ ਸਿੰਘ ਉਗਰਾਹਾਂ, ਰਮਿੰਦਰ ਸਿੰਘ ਪਟਿਆਲਾ ਅਤੇ ਡਾ. ਦਰਸਨਪਾਲ ਨੇ 20 ਜਨਵਰੀ ਦੇ ਪ੍ਰੋਗਰਾਮ ’ਚ ਤਬਦੀਲੀ ਦੀ ਪੁਸ਼ਟੀ ਕੀਤੀ ਹੈ।

ਕਿਸਾਨਾਂ ਦੇ 121 ਮੈਂਬਰੀ ਜਥੇ ਵੱਲੋਂ ਮਰਨ ਵਰਤ ਖ਼ਤਮ

ਢਾਬੀ ਗੁੱਜਰਾਂ ਬਾਰਡਰ ’ਤੇ ਮਰਨ ਵਰਤ ਉਪਰ ਬੈਠੇ 121 ਕਿਸਾਨਾਂ ਨੇ ਅੱਜ ਆਪਣਾ ਵਰਤ ਖੋਲ੍ਹ ਦਿੱਤਾ ਹੈ। ਕਿਸਾਨ ਸੁਖਜੀਤ ਸਿੰਘ ਹਰਦੋਝੰਡੇ ਦੀ ਅਗਵਾਈ ਹੇਠ ਮਰਨ ਵਰਤ ’ਤੇ ਬੈਠੇ ਕਿਸਾਨਾਂ ਨੂੰ ਪਟਿਆਲਾ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਅਤੇ ਐੱਸਐੱਸਪੀ ਡਾ. ਨਾਨਕ ਸਿੰਘ ਸਮੇਤ ਕਿਸਾਨ ਆਗੂਆਂ ਲਖਵਿੰਦਰ ਔਲਖ, ਕਾਕਾ ਸਿੰਘ ਕੋਹਾੜ, ਬਲਦੇਵ ਸਿੰਘ ਜੀਰਾ ਤੇ ਹੋਰਾਂ ਨੇ ਜੂਸ ਪਿਲਾਇਆ। ਕਿਸਾਨ ਯੂਨੀਅਨ ਸਿੱਧੂਪੁਰ (ਡੱਲੇਵਾਲ) ਦੀ ਜ਼ਿਲ੍ਹਾ ਇਕਾਈ ਸੰਗਰੂਰ ਦੇ ਜਨਰਲ ਸਕੱਤਰ ਰਣ ਸਿੰਘ ਚੱਠੇ ਨੇ ਦੱਸਿਆ ਕਿ ਰਤਨ ਸਿੰਘ ਮੱਲਕੇ ਨੂੰ ਉਸ ਦੀਆਂ ਧੀਆਂ ਨੇ ਜੂਸ ਪਿਲਾ ਕੇ ਮਰਨ ਵਰਤ ਖੁਲ੍ਹਵਾਇਆ।

ਕੇਂਦਰ ਕਿਸਾਨਾਂ ਨਾਲ 14 ਫਰਵਰੀ ਤੋਂ ਪਹਿਲਾਂ ਗੱਲਬਾਤ ਕਰੇ: ਖੁੱਡੀਆਂ
ਚੰਡੀਗੜ੍ਹ; ਕੇਂਦਰ ਸਰਕਾਰ ਵੱਲੋਂ ਬੀਤੇ ਦਿਨ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਨਾਲ 14 ਫਰਵਰੀ ਨੂੰ ਚੰਡੀਗੜ੍ਹ ’ਚ ਗੱਲਬਾਤ ਲਈ ਸੱਦਾ ਦਿੱਤੇ ਜਾਣ ’ਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸ਼ੰਕੇ ਖੜ੍ਹੇ ਕੀਤੇ ਹਨ। ਸ੍ਰੀ ਖੁੱਡੀਆਂ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਦੇ ਇਰਾਦੇ ਠੀਕ ਹਨ ਤਾਂ ਉਸ ਨੂੰ ਕਿਸਾਨਾਂ ਨਾਲ 14 ਫਰਵਰੀ ਦੀ ਥਾਂ ਪਹਿਲਾਂ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਕਿਸਾਨਾਂ ਦੇ ਮਸਲਿਆਂ ਦਾ ਨਿਬੇੜਾ ਕਰਨਾ ਚਾਹੀਦਾ ਹੈ। ਸ੍ਰੀ ਖੁੱਡੀਆਂ ਨੇ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਕੀਤਾ। ਸ੍ਰੀ ਖੁੱਡੀਆਂ ਨੇ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 54-55 ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਹਨ। ਇਸ ਦੇ ਬਾਵਜੂਦ ਕੇਂਦਰ ਸਰਕਾਰ ਕਿਸਾਨੀ ਮਸਲਿਆਂ ਨੂੰ ਹਲਕੇ ’ਚ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਈ ਵਾਰ ਕੇਂਦਰ ਸਰਕਾਰ ਦੇ ਮੰਤਰੀਆਂ ਕੋਲ ਕਿਸਾਨਾਂ ਦੀ ਆਵਾਜ਼ ਚੁੱਕੀ ਹੈ, ਜਦਕਿ ਉਹ ਨਿੱਜੀ ਤੌਰ ’ਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵ ਰਾਜ ਸਿੰਘ ਚੌਹਾਨ ਨਾਲ ਕਿਸਾਨੀ ਮਸਲਿਆਂ ’ਤੇ ਗੱਲਬਾਤ ਕਰਕੇ ਉਨ੍ਹਾਂ ਦੇ ਨਿੱਜੀ ਤੌਰ ’ਤੇ ਦਖਲ ਦੀ ਮੰਗ ਵੀ ਕਰ ਚੁੱਕੇ ਹਨ। ਇਸ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ, ਪਰ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ।