
ਪਾਤੜਾਂ ਵਿੱਚ ਐੱਸਕੇਐੱਮ ਦੀ ਤਾਲਮੇਲ ਕਮੇਟੀ ਨਾਲ ਹੋਵੇਗੀ ਕਿਸਾਨ ਧਿਰਾਂ ਦੀ ਮੀਟਿੰਗ
ਪਟਿਆਲਾ/ਪਾਤੜਾਂ (ਪੰਜਾਬੀ ਰਾਈਟਰ)- ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਗੈਰ ਸਿਆਸੀ, ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਦਰਮਿਆਨ ਏਕੇ ਦੇ ਏਜੰਡੇ ’ਤੇ ਤੈਅ ਕੀਤੀ ਗਈ ਅਹਿਮ ਮੀਟਿੰਗ 13 ਜਨਵਰੀ ਨੂੰ ਪਾਤੜਾਂ ਵਿੱਚ ਕੀਤੀ ਜਾ ਰਹੀ ਹੈ। ਮੀਟਿੰਗ ਵਿੱਚ ਉਕਤ ਦੋਹਾਂ ਧਿਰਾਂ ਦੇ ਦਸ ਅਤੇ ਐੱਸਕੇਐੱਮ ਦੀ ਤਾਲਮੇਲ ਕਮੇਟੀ ਦੇ ਛੇ ਮੈਂਬਰ ਸ਼ਿਰਕਤ ਕਰਨਗੇ। ਭਾਵੇਂ ਕਿ ਅੰਤਿਮ ਤੱਥ ਤਾਂ ਲੋਹੜੀ ਵਾਲੀ ਸ਼ਾਮ ਹੀ ਸਪੱਸ਼ਟ ਕਰੇਗੀ, ਪਰ ਏਕੇ ਦੀ ਤੁਰੀ ਗੱਲ ਤੋਂ ਬਾਅਦ ਹੁਣ ਤੱਕ ਦੇ ਹਾਲਾਤ ਅਤੇ ਖਾਸ ਕਰ ਕੇ ਦੋਵੇਂ ਧਿਰਾਂ ਦੇ ਆਗੂਆਂ ਵਿੱਚ ਦੇਖੇ ਜਾ ਰਹੇ ਉਤਸ਼ਾਹ ਨੂੰ ਦੇਖਦਿਆਂ ਇਹ ਮੀਟਿੰਗ ਏਕੇ ਲਈ ਕਾਰਗਰ ਸਾਬਿਤ ਹੋਣ ਵਾਲੀ ਮੰੰਨੀ ਜਾ ਰਹੀ ਹੈ। ਉਧਰ ਐੱਸਕੇਐੱਮ, ਐੱਸਕੇਐੱਮ (ਗੈਰ ਸਿਆਸੀ) ਅਤੇ ਕੇਐੱਮਐੱਮ ਵੱਲੋਂ 13 ਜਨਵਰੀ ਨੂੰ ਦੇਸ਼ ਭਰ ’ਚ ਕੇਂਦਰ ਸਰਕਾਰ ਦੇ ਨਵੀਂ ਖੇਤੀ ਨੀਤੀ ਨੂੰ ਟੇਢੇ ਢੰਗ ਨਾਲ ਲਾਗੂ ਕਰਵਾਉਣ ਲਈ ਸੂਬਿਆਂ ਨੂੰ ਭੇਜੇ ਗਏ ਮੰਡੀ ਮਾਰਕੀਟ ਦੇ ਖਰੜੇ ਦੀਆਂ ਕਾਪੀਆਂ ਸਾੜ ਕੇ ਲੋਹੜੀ ਮਨਾਈ ਜਾਵੇਗੀ।
ਇਸ ਮੀਟਿੰਗ ਦੀ ਜਿੱਥੇ ਕਮੇਟੀ ਮੈਂਬਰ ਜੋਗਿੰਦਰ ਸਿੰਘ ਉਗਰਾਹਾਂ ਨੇ ਪੁਸ਼ਟੀ ਕੀਤੀ ਹੈ, ਉੱਥੇ ਹੀ ਉਕਤ ਦੋਵੇਂ ਧਿਰਾਂ ਵੱਲੋਂ ਸੁਖਜੀਤ ਹਰਦੋਝੰਡੇ ਤੇ ਦਿਲਬਾਗ ਹਰੀਗੜ੍ਹ ਨੇ ਵੀ ਮੀਟਿੰਗ ’ਚ ਸ਼ਿਰਕਤ ਕਰਨ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਧਿਰਾਂ ਵੱਲੋਂ ਦਸ ਆਗੂ ਮੀਟਿੰਗ ਵਿੱਚ ਸ਼ਾਮਲ ਹੋਣਗੇ ਜਦਕਿ ਕਮੇਟੀ ਮੈਂਬਰ ਅਤੇ ਰਮਿੰਦਰ ਪਟਿਆਲਾ ਦਾ ਕਹਿਣਾ ਸੀ ਕਿ ਐੱਸਕੇਐੱਮ ਵੱਲੋਂ ਸਾਰੇ ਛੇ ਕਮੇਟੀ ਮੈਂਬਰ ਮੀਟੰਗ ’ਚ ਸ਼ਿਰਕਤ ਕਰਨਗੇ। ਦੱਸਣਯੋਗ ਹੈ ਕਿ ਭਾਵੇਂ ਕਿ ਦੋਨਾਂ ਪਾਸਿਆਂ ਦੀ ਸੋਚ ਤਹਿਤ ਹੀ ਇਹ ਗੱਲ ਨੇੜੇ ਲੱਗਦੀ ਜਾਪ ਰਹੀ ਹੈ ਪਰ ਇਸ ’ਚ ਐੱਸਕੇਐੱਮ ਵੱਲੋਂ ਕਿਸਾਨ ਧਿਰਾਂ ਵਿਚਾਲੇ ਤਾਲਮੇਲ ਬਣਾ ਦੇ ਯਤਨ ਕਰਨ ਸਬੰਧੀ ਜੋਗਿੰਦਰ ਸਿੰਘ ਉਗਰਾਹਾਂ, ਬਲਬੀਰ ਸਿੰਘ ਰਾਜੇਵਾਲ, ਰਮਿੰਦਰ ਪਟਿਆਲਾ, ਡਾ. ਦਰਸ਼ਨਪਾਲ, ਕ੍ਰਿਸ਼ਨਾ ਪ੍ਰਸ਼ਾਦਿ ਅਤੇ ਜਗਮੋਹਨ ਨੈਨ ’ਤੇ ਆਧਾਰਿਤ ਕਮੇਟੀ ਦੀ ਭੂਮਿਕਾ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਕਮੇਟੀ ਨੇ ਪਹਿਲਾਂ ਪਿਛਲੇ ਸਾਲ ਦੀ ਪਹਿਲੀ ਤਿਮਾਹੀ ਦੌਰਾਨ ਦੋਵੇਂ ਧਿਰਾਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਸੀ ਪਰ ਇੱਕ ਧਿਰ ਹੀ ਪੁੱਜੀ ਸੀ। ਫਿਰ ਕੁਝ ਮਹੀਨੇ ਪਹਿਲਾਂ ਕੇਐੱਮਐੱਮ ਦੇ ਆਗੂ ਸਰਵਣ ਸਿੰਘ ਪੰਧੇਰ ਵੱਲੋਂ ਏਕੇ ਦੇ ਯਤਨਾਂ ਨੂੰ ਅੱਗੇ ਵਧਾਉਣ ਲਈ ਲਿਖੀ ਗਈ ਚਿੱਠੀ ਦੇ ਹਵਾਲੇ ਨਾਲ ਪਟਿਆਲਾ ਵਿੱਚ ਹੀ ਦੂਜੀ ਮੀਟਿੰਗ ਸੱਦੀ ਗਈ, ਜਿਸ ਵਿੱਚ ਸਿਰਫ਼ ਕੇਐੱਮਐੱਮ ਦੇ ਆਗੂ ਸ਼ਾਮਲ ਹੋਏ। ਹੁਣ ਖਾਸ ਕਰ ਕੇ ਜਗਜੀਤ ਸਿੰੰਘ ਡੱਲੇਵਾਲ ਦੇ ਮਰਨ ਵਰਤ ਕਾਰਨ ਗੰਭੀਰ ਬਣੇ ਹਾਲਾਤ ਦੇ ਮੱਦੇਨਜ਼ਰ ਐੱਸਕੇਐੱਮ ਵੱਲੋਂ 9 ਜਨਵਰੀ ਨੂੰ ਆਪਣੀ ਮਹਾ ਕਿਸਾਨ ਪੰੰਚਾਇਤ ਦੌਰਾਨ ਪਾਏ ਗਏ ਏਕੇ ਦੇ ਮਤੇ ਨੂੰ ਲੈ ਕੇ ਇਹੀ ਕਮੇਟੀ ਸ਼ੰਭੂ ਅਤੇ ਢਾਬੀ ਗੁੱਜਰਾਂ ਬਾਰਡਰ ’ਤੇ ਗਈ ਸੀ ਤੇ 15 ਜਨਵਰੀ ਨੂੰ ਪਟਿਆਲਾ ’ਚ ਮੀਟਿੰਗ ਕਰਨ ਦਾ ਸੱਦਾ ਦੇ ਕੇ ਆਈ ਸੀ ਪਰ ਡੱਲੇਵਾਲ ਦੀ ਵਿਗੜ ਰਹੀ ਸਿਹਤ ਦੇ ਹਵਾਲੇ ਨਾਲ ਦੋਨਾਂ ਧਿਰਾਂ ਨੇ ਇਹ ਮੀਟਿੰਗ ਪਹਿਲਾਂ ਅਤੇ ਪਟਿਆਲਾ ਦੀ ਬਜਾਏ ਢਾਬੀ ਗੁੱਜਰਾਂ ਬਾਰਡਰ ’ਤੇ ਕਰਨ ਦੀ ਅਪੀਲ ਕੀਤੀ। ਇਸ ’ਤੇ ਫੁੱਲ ਚੜ੍ਹਾਉਂਦਿਆਂ ਲੰਘੀ ਦੇਰ ਸ਼ਾਮ ਤਾਲਮੇਲ ਕਮੇਟੀ ਨੇ 15 ਦੀ ਥਾਂ ਮੀਟਿੰਗ 13 ਨੂੰ ਕਰਨ ਦਾ ਫੈਸਲਾ ਕੀਤਾ। ਇਸ ਦੇ ਨਾਲ ਹੀ ਮੀਟਿੰਗ ਪਟਿਆਲਾ ਦੀ ਥਾਂ ਢਾਬੀ ਗੁੱਜਰਾਂ ਨੇੜੇ ਹੀ ਸਥਿਤ ਪਾਤੜਾਂ ਸ਼ਹਿਰ ’ਚ ਕਰਨ ਦੀ ਸਹਿਮਤੀ ਬਣਾ ਕੇ ਦੋਵਾਂ ਧਿਰਾਂ ਨੂੰ ਵਾਪਸੀ ਸੁਨੇਹਾ ਭੇਜਿਆ। ਪਹਿਲੀ ਵਾਰ ਐੱਸਕੇਐੱਮ ਗੈਰ-ਸਿਆਸੀ ਦੇ ਆਗੂਆਂ ਨੇ ਵੀ ਕਿਸੇ ਸਾਂਝੀ ਮੀਟਿੰਗ ’ਚ ਆਉਣ ਦੀ ਹਾਮੀ ਭਰੀ ਹੈ। ਇੰਦਰਜੀਤ ਕੋਟਬੁੱਢਾ ਤੇ ਸੁਖਜੀਤ ਹਰਦੋਝੰਡੇ ਅਤੇ ਦੋਵਾਂ ਧਿਰਾਂ ਦੇ ਹੋਰ ਆਗੂਆਂ ਦਾ ਕਹਿਣਾ ਸੀ ਕਿ ਕਿਸਾਨ ਜਥੇਬੰਦੀਆਂ ਦੇ ਇਕਜੁੱਟ ਹੋਣ ਨਾਲ ਕੇਂਦਰ ਸਰਕਾਰ ਨੂੰ ਵੀ ਕੁਝ ਕਹਿਣ ਦਾ ਮੌਕਾ ਨਹੀਂ ਮਿਲਣਾ।
ਪਲ-ਪਲ ਨਿਘਰ ਰਹੀ ਹੈ ਡੱਲੇਵਾਲ ਦੀ ਸਿਹਤ
ਕਿਸਾਨੀ ਮੰਗਾਂ ਦੀ ਪੂਰਤੀ ਲਈ ਢਾਬੀ ਗੁੱਜਰਾਂ ਬਾਰਡਰ ’ਤੇ 48 ਦਿਨਾਂ ਤੋਂ ਜਾਰੀ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਿਉਂ-ਜਿਉਂ ਅੱਗੇ ਵਧ ਰਿਹਾ ਹੈ, ਤਿਉਂ ਤਿਉਂ ਉਨ੍ਹਾਂ ਦੀ ਸਿਹਤ ਡਿੱਗਦੀ ਜਾ ਰਹੀ ਹੈ। ਮੈਡੀਕਲ ਰਿਪੋਰਟਾਂ ਮੁਤਾਬਕ ਉਨ੍ਹਾਂ ਦੇ ਸ਼ਰੀਰ ਵੱਲੋਂ ਸ਼ਰੀਰ ਨੂੰ ਖਾਣ ਦੀ ਸ਼ੁਰੂ ਹੋ ਚੁੱਕੀ ਪ੍ਰਕਿਰਿਆ ਕਰ ਕੇ ਸਿਹਤ ਪੱਖੋਂ ਉਨ੍ਹਾਂ ਦੀ ਹਾਲਤ ਪਲ-ਪਲ ਨਿਘਰਦੀ ਜਾ ਰਹੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਹੁਣ ਉਨ੍ਹਾਂ ਦੀਆਂ ਹੱਡੀਆਂ, ਖਾਸ ਕਰ ਕੇ ਅੱਖਾਂ ਸੁੰਗੜਨੀਆਂ ਸ਼ੁਰੂ ਹੋ ਗਈਆਂ ਹਨ। ਅੱਜ ਹਰਿਆਣਾ ਤੋਂ ਆਏ ਕਿਸਾਨ ਆਗੂਆਂ ਨੇ ਵੀ ਕਿਸਾਨ ਸੰਘਰਸ਼ ਨੂੰ ਹਮਾਇਤ ਦਾ ਭਰੋਸਾ ਦਿੱਤਾ ਹੈ। ਭਲਕੇ ਹਰਿਆਣਾ ਦੇ ਸੋਨੀਪਤ ਤੋਂ ਕਿਸਾਨਾਂ ਦਾ ਇੱਕ ਹੋਰ ਵੱਡਾ ਜਥਾ ਕਿਸਾਨ ਮੋਰਚੇ ਵਿੱਚ ਪਹੁੰਚੇਗਾ। ਮੈਡੀਕਲ ਬੋਰਡ ਦੀ ਟੀਮ ਨੇ ਅੱਜ ਵੀ ਡੱਲੇਵਾਲ ਦੇ ਟੈਸਟ ਕੀਤੇ।
ਡੱਲੇਵਾਲ ਵੱਲੋਂ ਧਾਰਮਿਕ ਆਗੂਆਂ ਨੂੰ ਕੇਂਦਰ ’ਤੇ ਦਬਾਅ ਪਾਉਣ ਦੀ ਅਪੀਲ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਧਾਰਮਿਕ ਆਗੂਆਂ ਨੂੰ ਚਿੱਠੀ ਲਿਖ ਕੇ ਕੇਂਦਰ ’ਤੇ ਦਬਾਅ ਪਾਉਣ ਤੇ ਕਿਸਾਨੀ ਮਸਲੇ ਹੱਲ ਕਰਵਾਉਣ ਦੀ ਅਪੀਲ ਕੀਤੀ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਦੇ ਦਸਤਖ਼ਤਾਂ ਹੇਠ ਇਹ ਚਿੱਠੀ ਅਕਾਲ ਤਖ਼ਤ ਸਣੇ ਸ਼ਾਹੀ ਇਮਾਮ ਅਤੇ ਜੋਸ਼ੀ ਮੱਠ ਦੇ ਮੁਖੀਆਂ ਨੂੰ ਲਿਖੀ ਗਈ ਹੈ। ਚਿੱਠੀ ਵਿੱਚ ਸੰਤਾਂ, ਮਹਾਪੁਰਸ਼ਾਂ ਤੇ ਧਾਰਮਿਕ ਆਗੂਆਂ ਨੂੰ ਕਿਸਾਨੀ ਮੰਗਾਂ ਦੀ ਪੂਰਤੀ ਲਈ ਕੇਂਦਰ ਸਰਕਾਰ ’ਤੇ ਦਬਾਅ ਪਾਉਣ ’ਤੇ ਜ਼ੋਰ ਦਿੱਤਾ ਗਿਆ ਹੈ। ਚਿੱਠੀ ਵਿੱਚ ਉਨ੍ਹਾਂ ਕਿਹਾ ਕਿ ਐੱਮਐੱਸਪੀ ਦੀ ਗਾਰੰਟੀ ਦੇ ਕਾਨੂੰਨ ਸਣੇ ਕਿਸਾਨਾਂ ਦੀਆਂ ਦਰਜਨ ਭਰ ਹੋਰ ਮੰਗਾਂ ਦੀ ਪੂਰਤੀ ਲਈ ਇਕਜੁੱਟ ਹੋ ਕੇ ਕੇਂਦਰ ਸਰਕਾਰ ’ਤੇ ਦਬਾਅ ਬਣਾਇਆ ਜਾਵੇ।