
ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਦਰਾਂ ਸਬੰਧੀ ਸਲੈਬਾਂ ਤਿੰਨ ਤੋਂ ਘਟਾ ਕੇ ਦੋ ਕੀਤੀਆਂ; ਪਹਿਲੀ ਅਪਰੈਲ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ
ਪਟਿਆਲਾ,(ਪੰਜਾਬੀ ਰਾਈਟਰ)- ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਚੇਅਰਪਰਸਨ ਵਿਸ਼ਵਜੀਤ ਖੰਨਾ ਆਈਏਐੱਸ (ਸੇਵਾਮੁਕਤ) ਅਤੇ ਮੈਂਬਰ ਪਰਮਜੀਤ ਸਿੰਘ ਜ਼ਿਲ੍ਹਾ ਅਤੇ ਸੈਸ਼ਨ ਜੱਜ (ਸੇਵਾਮੁਕਤ) ਵੱਲੋਂ ਵਿੱਤੀ ਸਾਲ 2025-26 ਲਈ ਨਵੀਆਂ ਬਿਜਲੀ ਦਰਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ’ਚ ਕਮਿਸ਼ਨ ਵੱਲੋਂ ਆਪਣੇ ਖਪਤਕਾਰਾਂ ਨੂੰ ਰਾਹਤ ਦੇਣ ਦਾ ਦਾਅਵਾ ਕੀਤਾ ਗਿਆ ਹੈ। ਇਹ ਨਵੀਆਂ ਦਰਾਂ ਪਹਿਲੀ ਅਪਰੈਲ ਤੋਂ ਲਾਗੂ ਹੋਣਗੀਆਂ। ਉਂਜ ਇਸ ਦੌਰਾਨ ਮੁੱਖ ਤੌਰ ’ਤੇ ਸਾਰੇ ਵਰਗਾਂ ਲਈ ਦਰਾਂ ਦੀਆਂ ਸਲੈਬਾਂ ਤਿੰਨ ਤੋਂ ਘਟਾ ਦੇ ਦੋ ਕਰ ਦਿੱਤੀਆਂ ਗਈਆਂ ਹਨ। ਕਮਿਸ਼ਨ ਦਾ ਕਹਿਣਾ ਹੈ ਕਿ ਅਜਿਹਾ ਬਿੱਲ ਬਣਾਉਣ ’ਚ ਆਉਂਦੀ ਦਿੱਕਤ ਕਰਕੇ ਕੀਤਾ ਗਿਆ ਹੈ। ਪਹਿਲਾਂ ਘਰੇਲੂ ਖਪਤਕਾਰਾਂ ਲਈ 0 ਤੋਂ 100, 101 ਤੋਂ 300 ਤੱਕ ਅਤੇ 300 ਤੋਂ ਉਪਰ ’ਤੇ ਆਧਾਰਿਤ ਤਿੰਨ ਸਲੈਬਾਂ ਸਨ। ਪਰ ਹੁਣ 0 ਤੋਂ 300 ਅਤੇ 300 ਤੋਂ ਉਪਰ ਦੋ ਹੀ ਸਲੈਬਾਂ ਹੋਣਗੀਆਂ। ਇਸੇ ਤਰ੍ਹਾਂ ਇੱਕ ਹੋਰ ਵਰਗ ’ਚ ਵੀ ਹੁਣ 0 ਤੋਂ 500 ਅਤੇ 500 ਤੋਂ ਉਪਰ ਦੋ ਹੀ ਸਲੈਬਾਂ ਹੋਣਗੀਆਂ।
ਕਮਿਸ਼ਨ ਮੁਤਾਬਿਕ ਪੀਐੱਸਪੀਸੀਐੱਲ ਨੇ ਆਪਣੀ ਸਾਲਾਨਾ ਮਾਲੀਆ ਪਟੀਸ਼ਨ ’ਚ ਵਿੱਤੀ ਸਾਲ 2025-26 ਤੱਕ ਮਾਲੀਆ ਘਾਟਾ 5090.89 ਕਰੋੜ ਦਸਦਿਆਂ ਕਮਿਸ਼ਨ ਨੂੰ ਟੈਰਿਫ ਵਧਾਉਣ ਦੀ ਬੇਨਤੀ ਕੀਤੀ ਸੀ। ਪਰ ਕਮਿਸ਼ਨ ਦਾ ਤਰਕ ਹੈ ਕਿ ਉਸ ਨੇ ਬਿਨਾਂ ਬਿਜਲੀ ਦਰਾਂ ਵਧਾਇਆਂ ਹੀ 311.50 ਕਰੋੜ ਰੁਪਏ ਦਾ ਮਾਲੀਆ ਸਰਪਲੱਸ ਤੈਅ ਕੀਤਾ ਹੈ। ਦੱਸਿਆ ਗਿਆ ਹੈ ਕਿ ਮੌਜੂਦਾ ਟੈਰਿਫ ਤੋਂ ਮਾਲੀਆ 47985.81 ਕਰੋੜ ਹੈ, ਜੋ 311.50 ਕਰੋੜ ਦੇ ਸਰਪਲੱਸ ਨੂੰ ਐਡਜਸਟ ਕਰਨ ਮਗਰੋਂ ਵਿੱਤੀ ਸਾਲ 2025-26 ਦੇ ਟੈਰਿਫ ਤੋਂ ਰਿਕਵਰ ਕੀਤੀ ਜਾਣ ਵਾਲੀ ਲੋੜੀਂਦੀ ਨੈੱਟ ਏਆਰਆਰ 47674.31 ਕਰੋੜ ਰੁਪਏ ਹੈ। ਇਸ ਨੂੰ ਰਿਕਵਰ ਕਰਨ ਲਈ ਨਵੇਂ ਟੈਰਿਫ ਨੂੰ ਮੁੜ ਡਿਜ਼ਾਈਨ ਕੀਤਾ ਗਿਆ ਹੈ।
ਕਮਿਸ਼ਨ ਵੱਲੋਂ ਐਲਾਨੀ ਨਵੀਂ ਸਲੈਬ ਤਹਿਤ ਦੋ ਕਿਲੋਵਾਟ ਬਿਜਲੀ ਲੋਡ ਵਾਲੇ ਮੀਟਰਾਂ ਵਾਲੇ ਖਪਤਕਾਰਾਂ ਨੂੰ 300 ਯੂਨਿਟਾਂ ਤੱਕ 5.30 ਰੁਪਏ ਪ੍ਰਤੀ ਯੂਨਿਟ ਅਤੇ 300 ਤੋਂ ਉੱਪਰ ਪ੍ਰਤੀ ਯੂਨਿਟ 7.75 ਰੁਪਏ ਦੀ ਅਦਾਇਗੀ ਕਰਨੀ ਹੋਵੇਗੀ। ਫਿਕਸ ਚਾਰਜਿਜ਼ 160 ਰੁਪਏ ਮਹੀਨਾ ਹੋਵੇਗਾ। ਇਸੇ ਤਰ੍ਹਾਂ ਘਰੇਲੂ ਵਰਗ ਦੇ 2 ਤੋਂ 7 ਕਿਲੋਵਾਟ ਤੱਕ ਵਾਲੇ ਬਿਜਲੀ ਲੋਡ ਅਧੀਨ ਆਉਂਦੇ ਖਪਤਕਾਰਾਂ ਨੂੰ ਹੁਣ 300 ਯੂਨਿਟਾਂ ਤੱਕ ਪ੍ਰਤੀ ਯੂਨਿਟ 5.72 ਰੁਪਏ ਅਤੇ 300 ਤੋਂ ਉਪਰ 7.75 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਅਦਾਇਗੀ ਕਰਨੀ ਹੋਵੇਗੀ। ਫਿਕਸ ਚਾਰਜਿਜ਼ 90 ਰੁਪਏ ਮਹੀਨਾ ਹੋਣਗੇ। ਇਸੇ ਤਰ੍ਹਾਂ 7 ਤੋਂ 20 ਕਿਲੋਵਾਟ ਤੱਕ ਦੇ ਬਿਜਲੀ ਲੋਡ ਤਹਿਤ 0 ਤੋਂ 300 ਯੂਨਿਟ ਤੱਕ 6.44 ਰੁਪਏ ਪ੍ਰਤੀ ਯੂਨਿਟ ਅਤੇ 300 ਤੋਂ ਉਪਰ ਪ੍ਰਤੀ ਯੂਨਿਟ 7.75 ਰੁਪਏ ਅਦਾ ਕਰਨੇ ਹੋਣਗੇ। ਪਹਿਲਾਂ ਨਾਲੋਂ ਫਿਕਸ ਚਾਰਜਿਜ਼ 32 ਰੁਪਏ ਘੱਟ ਦੇਣੇ ਹੋਣਗੇ। ਗ਼ੈਰ ਘਰੇਲੂ ਖੇਤਰਾਂ ਜਿਵੇਂ ਦੁਕਾਨ ਅਤੇ ਸਕੂਲ ਆਦਿ ਦੇ 500 ਕਿਲੋਵਾਟ ਬਿਜਲੀ ਲੋਡ ਲਈ ਹੁਣ 500 ਯੂਨਿਟਾਂ ਤੱਕ 6.89 ਰੁਪਏ ਅਤੇ 500 ਤੋਂ ਉਪਰ ਯੂਨਿਟਾਂ ਲਈ 7.75 ਰੁਪਏ ਪ੍ਰਤੀ ਯੂਨਿਟ ਅਦਾਇਗੀ ਕਰਨੀ ਪਵੇਗੀ।
ਸਨਅਤੀ ਖੇਤਰ ’ਚ ਸਿਰਫ ਰਾਤ ਸਮੇਂ ਬਿਜਲੀ ਦੀ ਖਪਤ ਕਰਨ ’ਤੇ ਦਰ ਵਧਾਈ
ਉਦਯੋਗਿਕ ਖੇਤਰ ’ਚ ਸਿਰਫ ਰਾਤ ਨੂੰ ਬਿਜਲੀ ਦੀ ਖਪਤ ਕਰਨ ’ਤੇ ਹੀ ਦਰਾਂ ’ਚ ਵਾਧਾ ਕੀਤਾ ਗਿਆ ਹੈ। ਇਸ ਦੌਰਾਨ ਵੱਡੇ ਉਦਯੋਗਾਂ ਲਈ 100-1000 ਕਿਲੋਵਾਟ ਲੋਡ ਵਾਲਿਆਂ ਲਈ ਫਿਕਸ ਚਾਰਚਿਜ਼ ਪ੍ਰਤੀ ਕਿਲੋਵਾਟ 220 ਤੋਂ ਘਟਾ ਕੇ 210 ਰੁਪਏ ਪ੍ਰਤੀ ਕਿਲੋਵਾਟ ਕਰ ਦਿੱਤੇ ਗਏ ਹਨ ਜਦਕਿ 1000 ਕਿਲੋਵਾਟ ਤੋਂ ਵੱਧ ਲੋਡ ਵਾਲਿਆਂ ਲਈ ਫਿਕਸ ਚਾਰਜਿਜ਼ 280 ਰੁਪਏ ਪ੍ਰਤੀ ਕਿਲੋਵਾਟ ਹੋਣਗੇ। ਇਸ ਦੌਰਾਨ ਪਹਿਲਾਂ ਜਿੱਥੇ 5.31 ਰੁਪਏ ਪ੍ਰਤੀ ਯੂਨਿਟ ਸੀ, ਉਥੇ ਹੀ ਹੁਣ ਇਹ ਵਧਾ ਕੇ 5.50 ਰੁਪਏ ਯੂਨਿਟ ਕੀਤੀ ਗਈ ਹੈ। ਸਾਲਿਡ ਵੇਸਟ ਪਲਾਂਟਾਂ ਦੀਆਂ ਬਿਜਲੀ ਦਰਾਂ ਵੀ 5.30 ਰੁਪਏ ਤੋਂ ਵਧਾ ਕੇ 5.51 ਰੁਪਏ ਪ੍ਰਤੀ ਯੂਨਿਟ ਕੀਤੀਆਂ ਗਈਆਂ ਹਨ।