
ਪਟਿਆਲਾ,(ਪੰਜਾਬੀ ਰਾਈਟਰ)- ਚੰਡੀਗੜ੍ਹ ਵਿੱਚ 14 ਫਰਵਰੀ ਨੂੰ ਕੇਂਦਰ ਸਰਕਾਰ ਨਾਲ ਹੋਈ ਮੀਟਿੰਗ ਵਿੱਚ ਸ਼ਾਮਲ ਹੋਣ ਗਏ ਜਗਜੀਤ ਸਿੰਘ ਡੱਲੇਵਾਲ ਦੇ ਕਾਫਲੇ ਵਿੱਚ ਸ਼ਾਮਲ ਦੋ ਕਾਰਾਂ ਦੇ ਆਪਸ ਵਿੱਚ ਟਕਰਾਉਣ ਮਗਰੋਂ ਜ਼ਖ਼ਮੀ ਹੋਏ ਦੋ ਕਿਸਾਨ ਆਗੂਆਂ ਵਿੱਚੋਂ ਇੱਕ ਤਾਮਿਲਨਾਡੂ ਦੇ ਰਹਿਣ ਵਾਲੇ ਕੁਰਬਰੂਸ਼ਾਂਤ ਕੁਮਾਰ ਨੂੰ ਏਅਰ ਐਂਬੂਲੈਂਸ ਰਾਹੀਂ ਬੰਗਲੌਰ ਦੇ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਤਬਦੀਲ ਕੀਤਾ ਗਿਆ ਹੈ। ਉਹ ਉਸੇ ਦਿਨ ਤੋਂ ਹੀ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਜ਼ੇਰੇ ਇਲਾਜ ਸਨ। ਡਾਕਟਰਾਂ ਦਾ ਕਹਿਣਾ ਸੀ ਕਿ ਅਜੇ ਉਨ੍ਹਾਂ ਨੂੰ ਕੁਝ ਦਿਨ ਹੋਰ ਦਾਖਲ ਰਹਿਣਾ ਪਵੇਗਾ। ਇਸ ਮਗਰੋਂ ਉਨ੍ਹਾਂ ਵੱਲੋਂ ਬੰਗਲੌਰ ਰੈਫਰ ਕਰਨ ਦੀ ਬੇਨਤੀ ਕੀਤੀ ਗਈ। ਕਿਸਾਨ ਯੂਨੀਅਨ ਸਿੱਧੂਪੁਰ ਦੇ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਤੇ ਹੋਰ ਕਿਸਾਨ ਆਗੂ ਉਨ੍ਹਾਂ ਨੂੰ ਅੱਜ ਪਟਿਆਲਾ ਤੋਂ ਐਂਬੂਲੈਂਸ ਰਾਹੀਂ ਚੰਡੀਗੜ੍ਹ ਹਵਾਈ ਅੱਡੇ ’ਤੇ ਲੈ ਕੇ ਆਏ ਤੇ ਉੱਥੋਂ ਉਨ੍ਹਾਂ ਨੂੰ ਏਅਰ ਐਂਬੂਲੈਂਸ ਰਾਹੀਂ ਬੰਗਲੌਰ ਲਈ ਰਵਾਨਾ ਕਰ ਦਿੱਤਾ ਗਿਆ।