
ਬਿਨਾਂ ਵਜ੍ਹਾ ਕੁੱਟਮਾਰ ਖ਼ਿਲਾਫ਼ ਲੋਕਾਂ ਨੇ ਚੌਕੀ ਦੇ ਬਾਹਰ ਲਾਇਆ ਸੀ ਧਰਨਾ
ਹੁਸ਼ਿਆਰਪੁਰ,(ਪੰਜਾਬੀ ਰਾਈਟਰ)- ਪੁਲੀਸ ਚੌਕੀ ਪੁਰਹੀਰਾਂ ਦੇ ਮੁਲਾਜ਼ਮਾਂ ਨੇ ਵੀਰਵਾਰ ਦੇਰ ਰਾਤ ਕਥਿਤ ਤੌਰ ’ਤੇ ਸ਼ਰਾਬੀ ਹਾਲਤ ’ਚ ਇਲਾਕੇ ਦੇ ਦੋ ਨੌਜਵਾਨਾਂ ਨੂੰ ਕੁੱਟ-ਕੁੱਟ ਕੇ ਜ਼ਖ਼ਮੀ ਕਰ ਦਿੱਤਾ। ਪੀੜਤਾਂ ਦੇ ਰਿਸ਼ਤੇਦਾਰ ਜਦੋਂ ਪਿੱਛੇ ਗਏ ਤਾਂ ਉਨ੍ਹਾਂ ਨੂੰ ਵੀ ਕੁੱਟਿਆ ਗਿਆ। ਮਾਮਲੇ ਸਬੰਧੀ ਪੁਲੀਸ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਪੀੜਤਾਂ ਵੱਲੋਂ ਕੀਤੀ ਸ਼ਿਕਾਇਤ ਅਨੁਸਾਰ ਪੁਰਹੀਰਾਂ ਚੌਕੀ ਦੇ ਮੁਲਾਜ਼ਮ ਬਿਨਾਂ ਨੰਬਰੀ ਮੋਟਰਸਾਈਕਲ ਥਾਣੇ ਲੈ ਆਏ। ਮੋਟਰਸਾਈਕਲ ਮਾਲਕ ਤੇ ਉਸ ਦਾ ਸਾਥੀ ਜਦੋਂ ਦਸਤਾਵੇਜ਼ ਲੈ ਕੇ ਥਾਣੇ ਗਏ ਤਾਂ ਪੁਲੀਸ ਨੇ ਦੋਵਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਨ੍ਹਾਂ ਵਿੱਚੋਂ ਇਕ ਪੀੜਤ ਦਾ ਰਿਸ਼ਤੇਦਾਰ ਜਦੋਂ ਉਸ ਨੂੰ ਬਚਾਉਣ ਚੌਕੀ ਪੁੱਜਿਆ ਤਾਂ ਉਸ ਦੇ ਵੀ ਡੰਡੇ ਮਾਰੇ ਗਏ। ਉਨ੍ਹਾਂ ਦਾ ਰੌਲਾ ਸੁਣ ਕੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਤੇ ਉਨ੍ਹਾਂ ਨੇ ਚੌਕੀ ਦੇ ਬਾਹਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲੀਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਨੂੰ ਸੰਭਾਲਣ ਦਾ ਯਤਨ ਕੀਤਾ। ਕਥਿਤ ਸ਼ਰਾਬੀ ਮੁਲਾਜ਼ਮਾਂ ਨੇ ਪੀੜਤਾਂ ਤੋਂ ਮੁਆਫ਼ੀ ਮੰਗੀ ਪਰ ਪੀੜਤਾਂ ਨੇ ਲਿਖਤੀ ਸ਼ਿਕਾਇਤ ਮਾਡਲ ਟਾਊਨ ਥਾਣੇ ਵਿੱਚ ਦੇ ਦਿੱਤੀ ਹੈ। ਸ਼ੁੱਕਰਵਾਰ ਨੂੰ ਐੱਸਐੱਸਪੀ ਸੰਦੀਪ ਕੁਮਾਰ ਮਲਿਕ ਨੇ ਚੌਕੀ ਇੰਚਾਰਜ ਏਐੱਸਆਈ ਸੰਜੀਵ ਕੁਮਾਰ, ਹੈੱਡ ਕਾਂਸਟੇਬਲ ਸੁਰਿੰਦਰ ਸਿੰਘ ਅਤੇ ਸੀਨੀਅਰ ਕਾਂਸਟੇਬਲ ਹਰਮਨਪ੍ਰੀਤ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ।
ਮਾਮਲੇ ਦੀ ਪੜਤਾਲ ਕਰ ਰਹੇ ਡੀਐੱਸਪੀ ਦੇਵ ਦੱਤ ਨੇ ਦੱਸਿਆ ਕਿ ਪੜਤਾਲ ਤੋਂ ਬਾਅਦ ਮੁਲਾਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।