
ਘਟਨਾ ਤੋਂ ਪਰਿਵਾਰ ਅਣਜਾਣ
ਧਰਮਕੋਟ,(ਪੰਜਾਬੀ ਰਾਈਟਰ)- ਗਣਤੰਤਰ ਦਿਵਸ ਮੌਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਚੌਗਿਰਦੇ ਨੇੜੇ ਬਣੀ ਹੈਰੀਟੇਜ ਸਟਰੀਟ ਵਿੱਚ ਡਾ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ ਨੌਜਵਾਨ ਆਕਾਸ਼ ਦੇ ਧਰਮਕੋਟ ਨਾਲ ਪਿਛੋਕੜ ਦੇ ਖੁਲਾਸੇ ਤੋਂ ਬਾਅਦ ਸਥਾਨਕ ਪੁਲੀਸ ਪ੍ਰਸ਼ਾਸਨ ਉਸ ਦਾ ਪੁਲੀਸ ਰਿਕਾਰਡ ਘੋਖਣ ਲੱਗ ਪਿਆ ਹੈ। ਸਥਾਨਕ ਥਾਣੇ ਦੇ ਮੁਖੀ ਜਤਿੰਦਰ ਸਿੰਘ ਨੇ ਅੱਜ ਮੁਲਜ਼ਮ ਆਕਾਸ਼ ਦੇ ਘਰ ਜਾ ਕੇ ਪਰਿਵਾਰ ਤੋਂ ਪੁੱਛ-ਪੜਤਾਲ ਕੀਤੀ। ਪੁਲੀਸ ਦੇ ਖੁਫ਼ੀਆ ਵਿੰਗ ਨੇ ਵੀ ਸਾਰੇ ਵੇਰਵੇ ਪ੍ਰਾਪਤ ਕਰਕੇ ਸਰਕਾਰ ਨੂੰ ਭੇਜ ਦਿੱਤੇ ਹਨ। ਜਾਣਕਾਰੀ ਮੁਤਾਬਕ ਇਹ ਨੌਜਵਾਨ ਇੱਥੋਂ ਦੀ ਚੁੱਘਾ ਬਸਤੀ ਦਾ ਰਹਿਣ ਵਾਲਾ ਹੈ ਅਤੇ ਇਹ ਚਾਰ ਭੈਣ-ਭਰਾ ਹਨ। ਉਕਤ ਨੌਜਵਾਨ ਆਕਾਸ਼ ਦੇ ਨਾਨਕੇ ਬੁੱਘੀਪੁਰਾ ਮੋਗਾ ਵਿੱਚ ਹਨ। ਇਸ ਲਈ ਉਹ ਜ਼ਿਆਦਾਤਰ ਆਪਣੀ ਨਾਨੀ ਪਾਸ ਹੀ ਰਹਿੰਦਾ ਰਿਹਾ ਹੈ। ਇਹ ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਰੋਜ਼ੀ-ਰੋਟੀ ਲਈ ਦੁਬਈ ਚਲਾ ਗਿਆ ਸੀ। ਕੁਝ ਸਮਾਂ ਪਹਿਲਾਂ ਹੀ ਦੁਬਈ ਤੋਂ ਪਰਤ ਕੇ ਅੰਮ੍ਰਿਤਸਰ ਵਿੱਚ ਕਿਰਾਏ ਦੇ ਮਕਾਨ ’ਚ ਰਹਿ ਰਿਹਾ ਸੀ। ਉਹ ਦੁਬਈ ਜਾਣ ਤੋਂ ਪਹਿਲਾਂ ਕਲੀਨ ਸ਼ੇਵ ਸੀ। ਉਹ ਚਾਰ ਮਹੀਨੇ ਪਹਿਲਾਂ ਹੀ ਸਿੱਖੀ ਬਾਣੇ ਵਿਚ ਪਰਤਿਆ ਸੀ। ਉਸ ਦੇ ਪਿਤਾ ਮਜ਼ਦੂਰੀ ਕਰਦੇ ਹਨ ਅਤੇ ਮਾਤਾ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ। ਭੈਣ ਦਾ ਵਿਆਹ ਤੋਂ ਬਾਅਦ ਤਲਾਕ ਹੋ ਗਿਆ ਸੀ ਅਤੇ ਅੱਜ ਕੱਲ੍ਹ ਉਹ ਦੁਬਈ ਰਹਿ ਰਹੀ ਹੈ। ਪਰਿਵਾਰ ਗਰੀਬ ਅਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਹੈ। ਪਰਿਵਾਰ ਨੂੰ ਬੀਤੇ ਦੀ ਘਟਨਾ ਦਾ ਸੋਸ਼ਲ ਮੀਡੀਆ ਤੇ ਖ਼ਬਰਾਂ ਤੋਂ ਬਾਅਦ ਲੱਗਾ ਹੈ। ਉਸਦੀ ਮਾਤਾ ਮੁਤਾਬਕ ਚਾਰ ਸਾਲ ਪਹਿਲਾਂ ਦੁਬਈ ਜਾਣ ਤੋਂ ਬਾਅਦ ਆਕਾਸ਼ ਉਨ੍ਹਾਂ ਨੂੰ ਕਦੇ ਵੀ ਨਹੀਂ ਮਿਲਿਆ। ਉਸ ਦੇ ਅਜਿਹਾ ਕਰਨ ਦੇ ਮਕਸਦ ਤੋਂ ਵੀ ਪਰਿਵਾਰ ਪੂਰੀ ਤਰ੍ਹਾਂ ਅਣਜਾਣ ਹੈ।