
ਤਰਨ ਤਾਰਨ,(ਪੰਜਾਬੀ ਰਾਈਟਰ)- ਸਥਾਨਕ ਨਗਰ ਕੌਂਸਲ ਦੀ 2 ਮਾਰਚ ਨੂੰ ਹੋਣ ਵਾਲੀ ਆਮ ਚੋਣ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣ ਦੇ ਚੌਥੇ ਅਤੇ ਅਖੀਰਲੇ ਦਿਨ ਅੱਜ 110 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪਰਚੇ ਦਾਖਲ ਕੀਤੇ ਗਏ। ਇਸ ਨਾਲ 25 ਵਾਰਡਾਂ ਵਾਲੀ ਨਗਰ ਕੌਂਸਲ ਲਈ ਨਾਮਜ਼ਦਗੀਆਂ ਦਾਖਲ ਕਰਨ ਵਾਲਿਆਂ ਦੀ ਗਿਣਤੀ 171 ਹੋ ਗਈ ਹੈ। ਆਮ ਆਦਮੀ ਪਾਰਟੀ ਦੇ 25 ਉਮੀਦਵਾਰਾਂ ਦੇ ਪਰਚੇ ਕੈਬਿਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਤਰਨ ਤਾਰਨ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੀ ਅਗਵਾਈ ਵਿੱਚ ਪਾਰਟੀ ਆਗੂਆਂ ਵੱਲੋਂ ਸਮੂਹਿਕ ਤੌਰ ’ਤੇ ਦਾਖਲ ਕੀਤੇ ਗਏ|
ਪਾਰਟੀ ਦੇ ਉਮੀਦਵਾਰਾਂ ਵਿੱਚ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੀ ਪਤਨੀ ਨਵਜੋਤ ਕੌਰ ਹੁੰਦਲ ਦਾ ਨਾਮ ਵੀ ਸ਼ਾਮਲ ਹੈ ਜਿਹੜੀ ਔਰਤਾਂ ਲਈ ਰਾਖਵੇ ਵਾਰਡ ਨੰਬਰ ਤਿੰਨ ਤੋਂ ਉਮੀਦਵਾਰ ਹੈ| ਅੱਜ ਕਾਂਗਰਸ ਪਾਰਟੀ, ਭਾਜਪਾ, ਬਸਪਾ ਅਤੇ ਹੋਰਨਾਂ ਧਿਰਾਂ ਦੇ ਵਧੇਰੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਦੇ ਪਰਚੇ ਦਾਖਲ ਕਰਵਾਏ| ਸ਼੍ਰੋਮਣੀ ਅਕਾਲੀ ਦਲ ਵਲੋਂ ਇਸ ਚੋਣ ਵਿੱਚ ਸਰਗਰਮੀ ਦਿਖਾਈ ਨਹੀਂ ਦਿੱਤੀ| ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਚੋਣ ਅਧਿਕਾਰੀ ਰਾਹੁਲ ਨੇ ਦੱਸਿਆ ਕਿ ਭਲਕੇ 21 ਫਰਵਰੀ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ।
ਤਲਵਾੜਾ: ਸਥਾਨਕ ਨਗਰ ਕੌਂਸਲ ਦੀ ਦੋ ਮਾਰਚ ਨੂੰ ਹੋਣ ਜਾ ਰਹੀ ਚੋਣ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਅਖ਼ੀਰਲੇ ਦਿਨ ਆਮ ਆਦਮੀ ਪਾਰਟੀ, ਕਾਂਗਰਸ ਤੇ ਭਾਜਪਾ ਉਮੀਦਵਾਰਾਂ ਨੇ ਆਪਣੇ ਪੱਤਰ ਭਰੇ। ਸਹਾਇਕ ਰਿਟਰਨਿੰਗ ਅਫ਼ਸਰ ਤੇ ਬੀਡੀਪੀਓ (ਹਾਜੀਪੁਰ) ਬਿਕਰਮ ਸਿੰਘ ਨੇ ਦਸਿਆ ਕਿ ਤਲਵਾੜਾ ਨਗਰ ਕੌਂਸਲ ਦੇ 13 ਵਾਰਡਾਂ ਲਈ ਅਖ਼ੀਰਲੇ ਦਿਨ ਤੱਕ ਕੁੱਲ 50 ਉੁਮੀਦਵਾਰਾਂ ਨੇ ਪੱਤਰ ਦਾਖ਼ਲ ਕੀਤੇ ਹਨ, ਇਨ੍ਹਾਂ ਵਿੱਚ ਦੋ ਆਜ਼ਾਦ ਉਮੀਦਵਾਰ ਹਨ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਆਖਰੀ ਦਿਨ ‘ਆਪ’, ਕਾਂਗਰਸ ਅਤੇ ਭਾਜਪਾ ਦੇ ਕੁੱਲ 48 ਉਮੀਦਵਾਰਾਂ ਨੇ ਪੱਤਰ ਦਾਖ਼ਲ ਕੀਤੇ ਹਨ। 21 ਤਰੀਕ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ 22 ਤਰੀਕ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ। ਏਆਰਓ ਸਿੰਘ ਨੇ ਦਸਿਆ ਕਿ ਸਾਰੇ ਉਮੀਦਵਾਰਾਂ ਨੂੰ ਪੜਤਾਲ ਵਾਲੇ ਦਿਨ ਸਵੇਰੇ 11 ਵਜੇ ਬੁਲਾਇਆ ਗਿਆ ਹੈ। ਨਗਰ ਕੌਂਸਲ ਚੋਣਾਂ ਨੂੰ ਲੈ ਕੇ ਮਾਹੌਲ਼ ਭੱਖ਼ ਚੁੱਕਿਆ ਹੈ। ਇਸ ਮੌਕੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਅਰੁਣ ਕੁਮਾਰ ਉਰਫ਼ ਮਿੱਕੀ ਡੋਗਰਾ, ਸ਼ਹਿਰੀ ਪ੍ਰਧਾਨ ਬੋਧਰਾਜ ਸਮੇਤ ਵੱਡੀ ਗਿਣਤੀ ਕਾਂਗਰਸੀ ਵਰਕਰ ਹਾਜ਼ਰ ਸਨ। ਭਾਜਪਾ ਉਮੀਦਵਾਰਾਂ ਦੀ ਹੌਂਸਲਾ ਅਫ਼ਜ਼ਾਈ ਲਈ ਹਲ਼ਕਾ ਇੰਚਾਰਜ ਰਘੂਨਾਥ ਰਾਣਾ, ਮੁਕੇਰੀਆਂ ਤੋਂ ਵਿਧਾਇਕ ਜੰਗੀ ਲਾਲ ਮਹਾਜਨ, ਜ਼ਿਲ੍ਹਾ ਪ੍ਰਧਾਨ ਭਾਜਪਾ ਅਜੇ ਕੌਸ਼ਲ ਸੇਠੂ, ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਤੇ ਸੀਨੀਅਰ ਭਾਜਪਾ ਆਗੂ ਸੁਸ਼ੀਲ ਕੁਮਾਰ ਪਿੰਕੀ ਆਦਿ ਹਾਜ਼ਰ ਸਨ।