ਬ੍ਰਿਜ ਭੂਸ਼ਣ ਖ਼ਿਲਾਫ਼ ਜਾਂਚ ਅਜੇ ਜਾਰੀ: ਦਿੱਲੀ ਪੁਲੀਸ

ਬ੍ਰਿਜ ਭੂਸ਼ਣ ਖ਼ਿਲਾਫ਼ ਜਾਂਚ ਅਜੇ ਜਾਰੀ: ਦਿੱਲੀ ਪੁਲੀਸ

ਨਵੀਂ ਦਿੱਲੀ - ਦਿੱਲੀ ਪੁਲੀਸ ਨੇ ਕਿਹਾ ਹੈ ਕਿ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਜਿਨਸੀ ਸ਼ੋਸ਼ਣ ਕੇਸ ਦੀ ਜਾਂਚ ਅਜੇ ਜਾਰੀ ਹੈ ਅਤੇ ਜਾਂਚ ਰਿਪੋਰਟ ਅਦਾਲਤ ’ਚ ਪੇਸ਼ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਸਰਕਾਰੀ ਸੂਤਰਾਂ ਨੇ ਕਿਹਾ ਸੀ ਕਿ ਮਹਿਲਾ ਪਹਿਲਵਾਨਾਂ ਵੱਲੋਂ ਬ੍ਰਿਜ ਭੂਸ਼ਣ ਖ਼ਿਲਾਫ਼ ਲਾੲੇ ਗਏ ਦੋਸ਼ਾਂ ਦੇ ਪੁਲੀਸ ਨੂੰ ਢੁੱਕਵੇਂ ਸਬੂਤ ਨਹੀਂ ਮਿਲੇ ਹਨ ਅਤੇ ਉਹ 15 ਦਿਨਾਂ ਦੇ ਅੰਦਰ ਰਿਪੋਰਟ ਜਮ੍ਹਾਂ ਕਰਵਾ ਦੇਵੇਗੀ। ਮੀਡੀਆ ’ਚ ਜਿਵੇਂ ਹੀ ਇਹ ਖ਼ਬਰ ਨਸ਼ਰ ਹੋਈ ਤਾਂ ਦਿੱਲੀ ਪੁਲੀਸ ਨੇ ਟਵਿੱਟਰ ’ਤੇ ਕਿਹਾ,‘ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਇਹ ਖ਼ਬਰ ਗਲਤ ਹੈ ਅਤੇ ਇਸ ਸੰਵੇਦਨਸ਼ੀਲ ਕੇਸ ਦੀ ਜਾਂਚ ਅਜੇ ਜਾਰੀ ਹੈ।’ ਪੁਲੀਸ ਤਰਜਮਾਨ ਨੇ ਵੀ ਇਹੋ ਸੁਨੇਹਾ ਪੱਤਰਕਾਰਾਂ ਨਾਲ ਸਾਂਝਾ ਕੀਤਾ ਪਰ ਕਰੀਬ ਇਕ ਘੰਟੇ ਬਾਅਦ ਦਿੱਲੀ ਪੁਲੀਸ ਨੇ ਇਹ ਟਵੀਟ ਹਟਾ ਦਿੱਤਾ। ਲੋਕ ਸੰਪਰਕ ਅਫ਼ਸਰ ਨੇ ਵੀ ਪੱਤਰਕਾਰਾਂ ਲਈ ਬਣੇ ਸਰਕਾਰੀ ਵਟਸਐਪ ਗਰੁੱਪ ’ਚੋਂ ਇਹ ਸੁਨੇਹਾ ਹਟਾ ਦਿੱਤਾ। ਬਾਅਦ ’ਚ ਪੁਲੀਸ ਤਰਜਮਾਨ ਨੇ ਇਕ ਹੋਰ ਸੁਨੇਹਾ ਹਿੰਦੀ ’ਚ ਸਾਂਝਾ ਕੀਤਾ ਜਿਸ ’ਚ ਕਿਹਾ ਗਿਆ,‘‘ਮਹਿਲਾ ਪਹਿਲਵਾਨਾਂ ਵੱਲੋਂ ਦਾਖ਼ਲ ਕੇਸ ਅਜੇ ਜਾਂਚ ਅਧੀਨ ਹੈ। ਸਬੰਧਤ ਕੇਸਾਂ ਦੀ ਜਾਂਚ ਬਾਰੇ ਅਦਾਲਤ ’ਚ ਸਥਿਤੀ ਰਿਪੋਰਟਾਂ ਦਾਖ਼ਲ ਕੀਤੀਆਂ ਜਾ ਰਹੀਆਂ ਹਨ। ਕੇਸਾਂ ਦੀ ਜਾਂਚ ਚੱਲ ਰਹੀ ਹੋਣ ਕਾਰਨ ਅਦਾਲਤ ’ਚ ਰਿਪੋਰਟ ਪੇਸ਼ ਕਰਨ ਤੋਂ ਪਹਿਲਾਂ ਕੁਝ ਆਖਣਾ ਨੇਮਾਂ ਦੇ ਉਲਟ ਹੋਵੇਗਾ।’’ ਜ਼ਿਕਰਯੋਗ ਹੈ ਕਿ ਬ੍ਰਿਜ ਭੂਸ਼ਣ ਖ਼ਿਲਾਫ਼ ਕਾਰਵਾਈ ਨਾ ਹੋਣ ਅਤੇ ਉਨ੍ਹਾਂ ਨੂੰ ਜਬਰੀ ਜੰਤਰ-ਮੰਤਰ ਤੋਂ ਉਠਾਉਣ ’ਤੇ ਗੁੱਸੇ ’ਚ ਆ ਕੇ ਪਹਿਲਵਾਨਾਂ ਨੇ ਮੰਗਲਵਾਰ ਨੂੰ ਗੰਗਾ ’ਚ ਆਪਣੇ ਮੈਡਲ ਪ੍ਰਵਾਹ ਕਰਨ ਦਾ ਐਲਾਨ ਕੀਤਾ ਸੀ ਪਰ ਕਿਸਾਨ ਆਗੂਆਂ ਵੱਲੋਂ ਪੰਜ ਦਿਨ ਦਾ ਸਮਾਂ ਮੰਗੇ ਜਾਣ ’ਤੇ ਉਹ ਮੈਡਲ ਪ੍ਰਵਾਹ ਨਾ ਕਰਨ ਲਈ ਮੰਨ ਗਏ। ਉਧਰ ਸੰਯੁਕਤ ਕਿਸਾਨ ਮੋਰਚੇ ਨੇ ਪਹਿਲਵਾਨਾਂ ਦੇ ਹੱਕ ’ਚ ਪਹਿਲੀ ਜੂਨ ਨੂੰ ਦੇਸ਼ ਵਿਆਪੀ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।