ਡੱਲੇਵਾਲ ਦਾ ਮਰਨ ਵਰਤ ਜਾਰੀ

ਡੱਲੇਵਾਲ ਦਾ ਮਰਨ ਵਰਤ ਜਾਰੀ

ਜਿਗਰ ਅਤੇ ਗੁਰਦੇ ਖ਼ਰਾਬ ਹੋਣ ਲੱਗੇ; ਡਾਕਟਰਾਂ ਨੇ ਕੀਤੀ ਜਾਂਚ

ਪਾਤੜਾਂ,(ਪੰਜਾਬੀ ਰਾਈਟਰ)- ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਢਾਬੀ ਗੁੱਜਰਾਂ ਬਾਰਡਰ ’ਤੇ ਅੱਜ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 22ਵੇਂ ਦਿਨ ਵੀ ਜਾਰੀ ਰਿਹਾ। ਉਨ੍ਹਾਂ ਦੀ ਸਿਹਤ ਦੀ ਦੇਖਭਾਲ ਵਿੱਚ ਜੁਟੀ ਡਾ. ਸਵੈਮਾਨ ਸਿੰਘ ਦੀ ਟੀਮ ਤੋਂ ਇਲਾਵਾ ਸਰਕਾਰੀ ਡਾਕਟਰਾਂ ਦੀ ਟੀਮ ਨੇ ਜਾਂਚ ਕੀਤੀ। ਡਾਕਟਰਾਂ ਨੇ ਦੱਸਿਆ ਕਿ ਕਿਸਾਨ ਆਗੂ ਦਾ ਜਿਗਰ ਅਤੇ ਗੁਰਦੇ ਖ਼ਰਾਬ ਹੋਣੇ ਸ਼ੁਰੂ ਹੋ ਚੁੱਕੇ ਹਨ, ਉਨ੍ਹਾਂ ਦੀ ਸਿਹਤ ਚਿੰਤਾਜਨਕ ਹੈ।

ਡਾਕਟਰਾਂ ਨੇ ਪ੍ਰਬੰਧਕਾਂ ਨੂੰ ਕਿਸਾਨ ਆਗੂ ਦੀ ਸਿਹਤ ਦਾ ਪਤਾ ਲੈਣ ਆ ਰਹੀਆਂ ਕੌਮੀ ਹਸਤੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਵਧਦੀ ਆਮਦ ਮੁੱਖ ਰੱਖਦਿਆਂ ਸਾਵਧਾਨੀਆਂ ਵਰਤਣ ਅਤੇ ਕਿਸਾਨ ਆਗੂ ਨੂੰ ਇੱਕ ਵੱਡਾ ਕੈਬਿਨ ਤਿਆਰ ਕਰ ਕੇ ਉਸ ਵਿੱਚ ਭੇਜਣ ਦੀ ਸਲਾਹ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਢਾਬੀ ਬਾਰਡਰ ਵੀ ਦਿੱਲੀ ਦੇ ਬਾਰਡਰਾਂ ਵਾਂਗ ਵਿਸ਼ਾਲ ਰੂਪ ਧਾਰਨ ਕਰਦਾ ਜਾ ਰਿਹਾ ਹੈ। ਇੱਥੇ ਹੁਣ ਬੱਚੇ, ਬਜ਼ੁਰਗ, ਨੌਜਵਾਨ, ਬੀਬੀਆਂ ਪੁੱਜ ਰਹੀਆਂ ਹਨ ਜੋ ਸ੍ਰੀ ਡੱਲੇਵਾਲ ਦੀ ਸਿਹਤਯਾਬੀ ਅਤੇ ਮੋਰਚੇ ਦੀ ਸਫ਼ਲਤਾ ਲਈ ਅਰਦਾਸਾਂ ਕਰ ਰਹੇ ਹਨ। ਇੱਥੇ ਨਿੱਕੇ-ਨਿੱਕੇ ਬੱਚੇ ਆਪਣੇ ਹੱਥਾਂ ਵਿੱਚ ਕਿਸਾਨ ਜਥੇਬੰਦੀ ਦੇ ਝੰਡੇ ਫੜ ਕੇ ਮੋਰਚੇ ਵਿੱਚ ਆਉਂਦੇ ਜਥਿਆਂ ਦਾ ਸਵਾਗਤ ਕਰਦੇ ਹਨ। ਇੱਥੇ ਔਰਤਾਂ ਤੇ ਬੱਚਿਆਂ ਨੇ ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।

ਗੁਰਦੀਪ ਸਿੰਘ ਚਹਿਲ ਤੇ ਹਰਭਗਵਾਨ ਸਿੰਘ ਭਾਨਾ ਸੱਕਾਂਵਾਲੀ ਨੇ ਦੱਸਿਆ ਕਿ ਜਿਵੇਂ ਕਿਸਾਨ ਆਗੂ ਦੀ ਸਿਹਤ ਵਿਗੜ ਰਹੀ ਹੈ, ਉਸ ਦੇ ਨਾਲ ਹੀ ਸਰਕਾਰ ਦੀ ਚਿੰਤਾ ਵੀ ਵਧ ਰਹੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਸਰਕਾਰ ਦੀ ਕਿਸੇ ਵੀ ਸੁਭਾਵਿਕ ਕਾਰਵਾਈ ਦੇ ਮੱਦੇਨਜ਼ਰ ਸੁਰੱਖਿਆ ਘੇਰਾ ਮਜ਼ਬੂਤ ਕਰਨ ਤੋਂ ਇਲਾਵਾ ਰਾਤ ਸਮੇਂ ਚਾਰ ਪਰਤਾਂ ਵਿੱਚ ਪਹਿਰੇਦਾਰ ਚੌਕਸੀ ਰੱਖਦੇ ਹਨ। ਸਾਰੀ ਰਾਤ ਬਾਰਡਰ ਉੱਤੇ ਗੱਡੀਆਂ ’ਤੇ ਸਪੀਕਰ ਲਾ ਕੇ ਕਿਸਾਨਾਂ ਨੂੰ ਜਾਗਦੇ ਰਹਿਣ ਦੀ ਅਪੀਲ ਕੀਤੀ ਜਾਂਦੀ ਹੈ।


ਢਾਬੀ ਗੁੱਜਰਾਂ ਬਾਰਡਰ ’ਤੇ ਸੰਘਰਸ਼ ਵਿੱਚ ਸ਼ਾਮਲ ਲੋਕਾਂ ਲਈ ਲੰਗਰ ਤਿਆਰ ਕਰਦੀਆਂ ਹੋਈਆਂ ਬੀਬੀਆਂ।
ਇਸੇ ਦੌਰਾਨ ਲੰਗਰ ਤਿਆਰ ਕਰਨ ਵਾਲੀਆਂ ਬੀਬੀਆਂ ਨੇ ਦੱਸਿਆ ਹੈ ਕਿ ਕੁਝ ਦਿਨਾਂ ਤੋਂ ਲਗਾਤਾਰ ਵਧਦੀ ਆਮਦ ਦੇ ਕਾਰਨ ਉਨ੍ਹਾਂ ਨੂੰ ਵੱਡੀ ਪੱਧਰ ’ਤੇ ਲੰਗਰ ਤਿਆਰ ਕਰਨਾ ਪੈ ਰਿਹਾ ਹੈ। ਕਈ ਵਾਰ ਤਾਂ ਰਾਤ ਨੂੰ ਉੱਠ ਕੇ ਵੀ ਲੰਗਰ ਤਿਆਰ ਕਰਨਾ ਪੈਂਦਾ ਹੈ ਕਿਉਂਕਿ ਕਿਸਾਨਾਂ ਦੇ ਕਾਫ਼ਲੇ ਦੂਰ ਦੁਰਾਡ ਤੋਂ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਲੰਗਰ ਲਈ ਸਮਾਜ ਸੇਵੀਆਂ ਵੱਲੋਂ ਲਗਾਤਾਰ ਰਾਸ਼ਨ ਭੇਜਿਆ ਜਾ ਰਿਹਾ ਹੈ, ਇੱਥੇ ਰਾਸ਼ਨ ਦੀ ਕਮੀ ਨਹੀਂ ਹੈ।

ਇਸੇ ਦੌਰਾਨ ਦਿੱਲੀ-ਸੰਗਰੂਰ ਕੌਮੀ ਮਾਰਗ ਤੇ ਗੋਬਿੰਦਪੁਰਾ ਪੈਂਦ ਟੌਲ ਪਲਾਜ਼ਾ ’ਤੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ, ਜਰਨਲ ਸਕੱਤਰ ਰਜਵੰਤ ਸਿੰਘ ਖਾਲਸਾ ਤੇ ਮੀਤ ਪ੍ਰਧਾਨ ਸੁਖਜੀਤ ਸਿੰਘ ਦੀ ਅਗਵਾਈ ਵਿੱਚ ਲੰਗਰ ਲਾਇਆ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਜਦੋਂ ਤੱਕ ਸੰਘਰਸ਼ ਚੱਲੇਗਾ ਉਨ੍ਹਾਂ ਵੱਲੋਂ ਲੰਗਰ ਦੀ ਸੇਵਾ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਇਸ ਮੋਰਚੇ ਵਿੱਚ ਸ਼ਾਮਲ ਹੋਣ ਲਈ ਪੰਜਾਬ ਦੇ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਕਿਸਾਨਾਂ ਦੇ ਜਥੇ ਆ ਰਹੇ ਹਨ, ਇਸ ਨੂੰ ਦੇਖਦਿਆਂ ਇਹ ਲੰਗਰ ਲਗਾਇਆ ਗਿਆ ਹੈ।

ਸੁਪਰੀਮ ਕੋਰਟ ਵੱਲੋਂ ਕਾਇਮ ਕਮੇਟੀ ਦੀ ਮੀਟਿੰਗ ’ਚ ਸ਼ਾਮਲ ਨਾ ਹੋਣ ਫ਼ੈਸਲਾ
ਪਾਤੜਾਂ: ਢਾਬੀ ਬਾਰਡਰ ’ਤੇ ਕਿਸਾਨ ਆਗੂ ਗੁਰਜੀਤ ਸਿੰਘ ਡੱਲੇਵਾਲ ਮਰਨ ਵਰਤ ਦੇ 22ਵੇਂ ਦਿਨ ਡਾਕਟਰਾਂ ਦੀ ਸਲਾਹ ਮੰਨ ਕੇ ਅੱਜ ਬਾਹਰ ਸਟੇਜ ’ਤੇ ਨਹੀਂ ਆਏ। ਇਸੇ ਦੌਰਾਨ ਸੁਪਰੀਮ ਕੋਰਟ ਵੱਲੋਂ ਗਠਿਤ ਕਮੇਟੀ ਵੱਲੋਂ 18 ਦਸੰਬਰ ਨੂੰ ਪੰਚਕੂਲਾ ਵਿੱਚ ਮੀਟਿੰਗ ਸ਼ਾਮਲ ਦਾ ਸੱਦਾ ਪੱਤਰ ਮਿਲਿਆ ਹੈ ਪਰ ਦੋਵਾਂ ਮੋਰਚਿਆਂ ਨੇ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਦਾ ਫ਼ੈਸਲਾ ਕੀਤਾ ਹੈ। ਦੋਵਾਂ ਮੋਰਚਿਆਂ ਦੇ ਕਿਸਾਨ ਆਗੂਆਂ ਨੇ ਦੱਸਿਆ ਕਿ ਮੁੱਖ ਵਿਰੋਧੀ ਧਿਰ ਵੱਲੋਂ ਐੱਮਐੱਸਪੀ ਗਾਰੰਟੀ ਕਾਨੂੰਨ ਤੇ ਸ੍ਰੀ ਡੱਲੇਵਾਲ ਦੀ ਸਿਹਤ ਦੇ ਮੁੱਦੇ ’ਤੇ ਸੰਸਦ ਵਿੱਚ ਪੇਸ਼ ਕੀਤੇ ਗਏ ਕੰਮ ਰੋਕੂ ਮਤੇ ਦਾ ਮੋਰਚੇ ਵੱਲੋਂ ਸਵਾਗਤ ਹੈ। ਉਨ੍ਹਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਐੱਮਐੱਸਪੀ ਗਾਰੰਟੀ ਕਾਨੂੰਨ ਦੇ ਮੁੱਦੇ ’ਤੇ ਆਪਸੀ ਮੱਤਭੇਦ ਭੁਲਾ ਕੇ ਇਕਜੁੱਟ ਹੋ ਕੇ ਸੰਸਦ ਵਿੱਚ ਸਾਰਥਕ ਚਰਚਾ ਤੋਂ ਬਾਅਦ ਗਾਰੰਟੀ ਕਾਨੂੰਨ ਬਣਵਾਉਣ ਕੋਸ਼ਿਸ਼ ਕਰਨ ਤਾਂ ਕਿ ਕਿਸਾਨ ਖ਼ੁਦਕੁਸ਼ੀਆਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਹੈ ਕਿ ਅੱਜ ਕਿਸਾਨਾਂ ਦੀ ਤਰਸਯੋਗ ਹਾਲਤ ਲਈ ਸਾਰੀਆਂ ਸਿਆਸੀ ਪਾਰਟੀਆਂ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਹੈ ਕਿ ਸੁਪਰੀਮ ਕੋਰਟ ਵੱਲੋਂ ਕਾਇਮ ਕੀਤੀ ਕਮੇਟੀ ਤੋਂ ਇੱਕ ਚਿੱਠੀ ਦੋਵਾਂ ਮੋਰਚਿਆਂ ਨੂੰ ਮਿਲੀ ਹੈ। ਇਸ ਵਿੱਚ 18 ਦਸੰਬਰ ਨੂੰ ਪੰਚਕੂਲਾ ਵਿੱਚ ਮੀਟਿੰਗ ’ਚ ਸ਼ਾਮਲ ਹੋਣ ਲਈ ਸੱਦਾ ਪੱਤਰ ਮਿਲਿਆ ਹੈ। ਆਪਸੀ ਵਿਚਾਰ-ਵਟਾਂਦਰੇ ਤੋਂ ਬਾਅਦ ਦੋਵਾਂ ਮੋਰਚਿਆਂ ਨੇ ਕਮੇਟੀ ਨਾਲ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਦਾ ਫ਼ੈਸਲਾ ਕੀਤਾ ਅਤੇ ਕਮੇਟੀ ਨੂੰ ਲਿਖਤੀ ਪੱਤਰ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਡੱਲੇਵਾਲ ਦੇ ਮਰਨ ਵਰਤ ਦੇ ਸਮਰਥਨ ਵਿੱਚ ਰਾਜਸਥਾਨ ਦੇ ਅਨੂਪਗੜ੍ਹ, ਗੰਗਾਨਗਰ, ਹਨੂੰਮਾਨਗੜ੍ਹ ਅਤੇ ਹਰਿਆਣਾ ਦੇ ਕੈਥਲ ਵਿੱਚ ਇੱਕ ਰੋਜ਼ਾ ਭੁੱਖ ਹੜਤਾਲ ਰੱਖੀ ਗਈ।