ਐੱਸਡੀਐੱਮ ਦਫਤਰ ਨਵੀਂ ਇਮਾਰਤ ’ਚ ਤਬਦੀਲ; ਲੋਕ ਖੁਆਰ

ਐੱਸਡੀਐੱਮ ਦਫਤਰ ਨਵੀਂ ਇਮਾਰਤ ’ਚ ਤਬਦੀਲ; ਲੋਕ ਖੁਆਰ

ਡੇਰਾਬੱਸੀ,(ਪੰਜਾਬੀ ਰਾਈਟਰ)- ਹਾਈ ਕੋਰਟ ਦੇ ਹੁਕਮਾਂ ’ਤੇ ਐਸ.ਡੀ.ਐਮ. ਦਫਤਰ ਨੂੰ ਖਾਲੀ ਕਰ ਦਿੱਤਾ ਗਿਆ ਹੈ। ਇਸ ਮਗਰੋਂ ਹੁਣ ਐਸ.ਡੀ.ਐਮ. ਦਫਤਰ ਪੁਰਾਣੀ ਟੈਂਕੀ ਕੋਲ ਅੰਬੇਦਕਰ ਭਵਨ ਵਿੱਚ ਤਬਦੀਲ ਹੋ ਗਿਆ ਹੈ। ਅੱਜ ਪਹਿਲੇ ਦਿਨ ਐਸ.ਡੀ.ਐਮ. ਅਮਿਤ ਗੁਪਤਾ ਆਰਜ਼ੀ ਪ੍ਰਬੰਧਾਂ ਨਾਲ ਅੰਬੇਦਕਰ ਭਵਨ ਵਿਖੇ ਬੈਠੇ। ਇਥੇ ਹੀ ਵੱਖ ਵੱਖ ਸੇਵਾਵਾਂ ਲਈ ਕੈਬਿਨ ਬਣਾਉਣ ਦਾ ਕੰਮ ਚਾਲੂ ਕੀਤਾ ਗਿਆ। ਅੰਬੇਦਕਰ ਭਵਨ ਵਿਖੇ ਮਾਲ ਵਿਭਾਗ ਦਾ ਰਿਕਾਰਡ ਰੱਖਣ ਲਈ ਕੋਈ ਵੀ ਢੁੱਕਵਾਂ ਪ੍ਰਬੰਧ ਨਾ ਹੋਣ ਕਾਰਨ ਇਹ ਰਿਕਾਰਡ ਖੁੱਲ੍ਹੇ ਵਿੱਚ ਰੁਲ ਰਿਹਾ ਹੈ। ਦੂਜੇ ਪਾਸੇ ਅੱਜ ਸਾਰਾ ਦਿਨ ਤਹਿਸੀਲ ਕੰਪਲੈਕਸ ਵਿੱਚ ਲੋਕ ਐਸ.ਡੀ.ਐਮ. ਦਫਤਰ ਦੀ ਭਾਲ ਵਿੱਚ ਖੱਜਲ੍ਹ ਹੁੰਦੇ ਰਹੇ। ਲੋਕਾਂ ਨੂੰ ਨਵੇਂ ਐਸ.ਡੀ.ਐਮ. ਦਫਤਰ ਬਾਰੇ ਜਾਣਕਾਰੀ ਦੇਣ ਲਈ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ ਸੀ ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ।

ਜਾਣਕਾਰੀ ਅਨੁਸਾਰ ਡੇਰਾਬੱਸੀ ਦੀ ਅਦਾਲਤਾਂ ਤਹਿਸੀਲ ਕੰਪਲੈਕਸ ਵਿੱਚ ਹੀ ਚਲ ਰਹੀਆਂ ਹਨ। ਪ੍ਰਸ਼ਾਸਨ ਵੱਲੋਂ ਲੰਘੇ ਦਿਨੀਂ ਅਦਾਲਤਾਂ ਦੀ ਇਮਾਰਤ ਦਾ ਨਵੀਨੀਕਰਨ ਕਰਵਾਉਣ ਦੀ ਥਾਂ ਸਿਰਫ਼ ਆਪਣੇ ਦਫਤਰਾਂ ਦੀ ਹੀ ਮੁਰੰਮਤ ਕਰਵਾਈ ਗਈ। ਜਦਕਿ ਅਦਾਲਤਾਂ ਦੀ ਇਮਾਰਤ ਦੀ ਖਸਤਾ ਹਾਲਤ ਸੁਧਾਰਨ ਵਾਲੇ ਪਾਸੇ ਕੋਈ ਧਿਆਨ ਨਹੀਂ ਦਿਤਾ ਗਿਆ। ਇਸ ਦਾ ਹਾਈ ਕੋਰਟ ਵੱਲੋਂ ਨੋਟਿਸ ਲਿਆ ਗਿਆ। ਇਸ ਫੈਸਲੇ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਅਦਾਲਤੀ ਕੰਪਲੈਕਸ ਦੀ ਲੰਮੇ ਸਮੇਂ ਤੋਂ ਲੰਮਕਦੀ ਆ ਰਹੀ ਰਜਿਸਟਰੀ ਵੀ ਕਰਵਾ ਦਿੱਤੀ ਗਈ ਪਰ ਇਸ ਦੇ ਬਾਵਜੂਦ ਅਦਾਲਤ ਆਪਣੇ ਫੈਸਲੇ ’ਤੇ ਕਾਇਮ ਰਹੀ, ਪ੍ਰਸ਼ਾਸਨ ਵੱਲੋਂ ਦਫਤਰ ਖਾਲੀ ਕਰ ਕੇ ਤਬਦੀਲ ਕਰ ਦਿੱਤਾ ਗਿਆ।