
ਰਾਮਬਨ/ਜੰਮੂ,(ਪੰਜਾਬੀ ਰਾਈਟਰ)- ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿਚ ਅਚਾਨਕ ਹੜ੍ਹਾਂ ਅਤੇ ਢਿੱਗਾਂ ਖਿਸਕਣ ਕਾਰਨ ਵਾਹਨਾਂ ਦੀ ਆਵਾਜਾਈ ਨੂੰ ਮੁਅੱਤਲ ਕਰਨ ਤੋਂ ਪੰਜ ਦਿਨ ਬਾਅਦ ਜੰਮੂ-ਸ੍ਰੀਨਗਰ ਕੌਮੀ ਹਾਈਵੇਅ ’ਤੇ ਇਕ ਪਾਸਿਓਂ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਵਾਹਨਾਂ ਨੂੰ ਜੰਮੂ ਤੋਂ ਸ੍ਰੀਨਗਰ ਵੱਲ ਜਾਣ ਦੀ ਇਜਾਜ਼ਤ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਪੂਰੀ ਬਹਾਲੀ ਲਈ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸ਼ਨਿੱਚਰਵਾਰ ਨੂੰ ਰਾਮਬਨ ਦਾ ਦੌਰਾ ਕਰਨਗੇ।
ਵਾਹਨਾਂ ਦੀ ਆਵਾਜਾਈ ਮੁੜ ਸ਼ੁਰੂ ਹੋਣ ਦੇ ਬਾਵਜੂਦ ਬਹੁਤ ਸਾਰੇ ਸੈਲਾਨੀਆਂ ਨੇ ਘੰਟਿਆਂ ਤੱਕ ਲੰਬੇ ਟ੍ਰੈਫਿਕ ਜਾਮ ਵਿਚ ਫਸੇ ਰਹਿਣ ’ਤੇ ਨਿਰਾਸ਼ਾ ਪ੍ਰਗਟ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਰਾਮਬਨ ਜ਼ਿਲ੍ਹੇ ਵਿਚ ਭੀੜ ਇਕ ਵੱਡਾ ਮੁੱਦਾ ਬਣਿਆ ਹੋਇਆ ਹੈ ਕਿਉਂਕਿ ਅਧਿਕਾਰੀਆਂ ਨੇ ਵਾਹਨਾਂ ਦੀ ਪੜਾਅਵਾਰ ਆਵਾਜਾਈ ਦਾ ਪ੍ਰਬੰਧ ਕੀਤਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹਾਈਵੇਅ ’ਤੇ ਦੋਹਾਂ ਪਾਸਿਓਂ ਆਵਾਜਾਈ ਨੂੰ ਬਹਾਲ ਕਰਨ ਲਈ ਯਤਨ ਕੀਤੇ ਜਾ ਰਹੇ ਹਨ।