
26 ਨੂੰ ਭਾਜਪਾ ਆਗੂਆਂ ਦੇ ਘਰਾਂ ਅੱਗੇ ਮੁਜ਼ਾਹਰਿਆਂ ਦਾ ਐਲਾਨ; 29 ਨੂੰ ਸ਼ੰਭੂ ਬਾਰਡਰ ਵੱਲ ਕੀਤਾ ਜਾਵੇਗਾ ਕੂਚ: ਪੰਧੇਰ
ਜੰਡਿਆਲਾ ਗੁਰੂ,(ਪੰਜਾਬੀ ਰਾਈਟਰ)- ਇੱਥੋਂ ਦੀ ਅਨਾਜ ਮੰਡੀ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮਹਾਪੰਚਾਇਤ ਕੀਤੀ ਗਈ। ਇਸ ਦੌਰਾਨ ਕਿਸਾਨ ਆਗੂਆਂ ਨੇ 26 ਜਨਵਰੀ ਨੂੰ ਪੰਜਾਬ ਭਰ ’ਚ ਐਕਸ਼ਨਾਂ ਦਾ ਐਲਾਨ ਕੀਤਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 29 ਜਨਵਰੀ ਨੂੰ ਹਜ਼ਾਰਾਂ ਟਰੈਕਟਰ-ਟਰਾਲੀਆਂ ਸ਼ੰਭੂ ਬਾਰਡਰ ਲਈ ਰਵਾਨਾ ਹੋਣਗੇ। ਇਸ ਤੋਂ ਪਹਿਲਾਂ 26 ਜਨਵਰੀ ਨੂੰ ਅੰਮ੍ਰਿਤਸਰ ਵਿੱਚ ਵੱਖ-ਵੱਖ ਮਾਲਜ਼ ਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਕਿਸਾਨਾਂ ਵੱਲੋਂ ਡੇਢ ਘੰਟੇ ਤੱਕ ਮੁਜ਼ਾਹਰੇ ਕੀਤੇ ਜਾਣਗੇ। ਇਸੇ ਦਿਨ ਟੌਲ ਪਲਾਜ਼ੇ ਵੀ ਬੰਦ ਕੀਤੇ ਜਾਣਗੇ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਅੱਜ ਜੰਡਿਆਲਾ ਗੁਰੂ ਵਿੱਚ ਇਹ ਮਹਾਪੰਚਾਇਤ ਦਿੱਲੀ ਅੰਦੋਲਨ-2 ਨੂੰ ਤੇਜ਼ ਕਰਨ ਲਈ 26 ਜਨਵਰੀ ਦੇ ਐਕਸ਼ਨ ਅਤੇ 29 ਜਨਵਰੀ ਨੂੰ ਟਰੈਕਟਰ ਟਰਾਲੀਆਂ ਦੇ ਕਾਫ਼ਲਿਆਂ ਦੇ ਰੂਪ ਸ਼ੰਭੂ ਮੋਰਚੇ ਵੱਲ ਕੂਚ ਕਰਨ ਦੀਆਂ ਤਿਆਰੀਆਂ ਤਹਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਕਿਸਾਨਾਂ ਵੱਲੋਂ ਤਿੰਨ ਦਿਨਾਂ ਵਿੱਚ ਤਿੰਨ ਮਹਾਪੰਚਾਇਤਾਂ ਕੀਤੀਆਂ ਜਾਣਗੀਆਂ। ਪੰਧੇਰ ਨੇ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਮਨਵਾਉਣ ਵਾਸਤੇ 24 ਜਨਵਰੀ ਨੂੰ ਕੱਥੂ ਨੰਗਲ ਤੇ ਅਬਦਾਲ ਪਿੰਡ ਵਿੱਚ ਅਤੇ 25 ਜਨਵਰੀ ਨੂੰ ਗੁਰਦੁਆਰਾ ਸਾਧੂ ਸਿੱਖ ਸਾਹਿਬ ਅਤੇ ਚਮਿਆਰੀ ਵਿੱਚ ਮਹਾਪੰਚਾਇਤਾਂ ਕਰਨਗੇ। ਉਸ ਤੋਂ ਬਾਅਦ ਹਜ਼ਾਰਾਂ ਟਰੈਕਟਰ ਟਰਾਲੀਆਂ ਸ਼ੰਭੂ ਬਾਰਡਰ ਲਈ ਰਵਾਨਾ ਹੋਣਗੇ। ਉਨ੍ਹਾਂ ਕਿਹਾ 26 ਜਨਵਰੀ ਨੂੰ ਅੰਮ੍ਰਿਤਸਰ ਵਿੱਚ ਵੱਖ-ਵੱਖ ਮਾਲਾਂ ਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਮੁਜ਼ਾਹਰੇ ਕੀਤੇ ਜਾਣਗੇ। ਮਹਾਪੰਚਾਇਤ ਦੌਰਾਨ ਸੰਬੋਧਨ ਕਰਦਿਆਂ ਪੰਧਰੇ ਨੇ ਕਿਹਾ ਕਿ ਕਿਸਾਨਾਂ ਤੋਂ 23 ਰੁਪਏ ਕਿਲੋ ਦੇ ਹਿਸਾਬ ਨਾਲ ਕਣਕ ਲੈਣ ਤੋਂ ਬਾਅਦ ਵੱਡੇ ਕਾਰਪੋਰੇਟਿਵ ਬ੍ਰਾਂਡ 45 ਕਿਲੋ ਦੇ ਹਿਸਾਬ ਨਾਲ ਆਟਾ ਵੇਚ ਰਹੇ ਹਨ ਅਤੇ ਜਦਕਿ ਛੋਟੇ ਚੱਕੀ ਪੀਸਣ ਵਾਲੇ ਦੁਕਾਨਦਾਰਾਂ ਦੇ ਕੋਲ ਕਣਕ ਹੀ ਨਹੀਂ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਾਰਪੋਰੇਟਵਾਦ ਕਿੰਨਾ ਭਾਰੂ ਹੋ ਚੁੱਕਾ ਹੈ। ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹਿੰਦੂਆਂ ਤੇ ਸਿੱਖਾਂ ਨੂੰ ਪਾੜਨ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਲਈ ਕਿਸਾਨ ਇਨ੍ਹਾਂ ਚਾਲਾਂ ਤੋਂ ਸੁਚੇਤ ਹੋਣ। ਕਿਸਾਨ ਆਗੂ ਨੇ ਕਿਹਾ 29 ਤਰੀਕ ਨੂੰ ਸਾਰੀਆਂ ਕਿਸਾਨ ਜਥੇਬੰਦੀਆਂ ਬਿਆਸ ਵਿੱਚ ਇਕੱਠੀਆਂ ਹੋਣਗੀਆਂ ਤੇ 30 ਜਨਵਰੀ ਨੂੰ ਦਿੱਲੀ ਵੱਲ ਕੂਚ ਕੀਤਾ ਜਾਵੇਗਾ।