
ਪਿੰਡ ਮੱਤਾ ਦੇ ਸਕੂਲ ਅਤੇ ਹਸਪਤਾਲ ਦੀ ਹਾਲਤ ਸੁਧਾਰਨ ਦੀ ਮੰਗ
ਜੈਤੋ,(ਪੰਜਾਬੀ ਰਾਈਟਰ)- ਇੱਥੇ ਪਿੰਡ ਮੱਤਾ ਦੇ ਸਕੂਲ ਅਤੇ ਹਸਪਤਾਲ ਦੀ ਹਾਲਤ ਸੁਧਾਰਨ ਦੀ ਮੰਗ ਲਈ ਮਜ਼ਦੂਰ ਆਗੂ ਅੰਗਰੇਜ਼ ਸਿੰਘ (ਗੋਰਾ ਮੱਤਾ) ਅਤੇ ਚਾਰ ਵਿਦਿਆਰਥੀ ਸਕੂਲ ਨੇੜਲੀ ਜਲ ਘਰ ਦੀ ਟੈਂਕੀ ’ਤੇ ਚੜ੍ਹ ਗਏ। ਗੋਰਾ ਮੱਤਾ ਨੇ ਦੋਸ਼ ਲਾਇਆ ਕਿ ਪਿੰਡ ਦੇ ਸਕੂਲ ਤੇ ਹਸਪਤਾਲ ਦੀ ਹਾਲਤ ਬੱਦਤਰ ਹੈ ਅਤੇ ਪਿੰਡ ਵਾਸੀਆਂ ਨੂੰ ਲੋੜੀਂਦੀਆਂ ਸਹੂਲਤਾਂ ਨਹੀਂ ਮਿਲ ਰਹੀਆਂ। ‘ਸਕੂਲ ਅਤੇ ਹਸਪਤਾਲ ਬਚਾਓ ਮੋਰਚਾ’ ਦੀ ਅਗਵਾਈ ਕਰਨ ਵਾਲੇ ਗੋਰਾ ਮੱਤਾ ਨੇ ਕਿਹਾ ਕਿ ਮੋਰਚੇ ਵੱਲੋਂ ਕਾਫੀ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਸਕੂਲ ਦੀ ਪੁਰਾਣੀ ਕਮੇਟੀ ਭੰਗ ਕਰਕੇ ਨਵੀਂ ਕਮੇਟੀ ਦੀ ਚੋਣ ਕਰਵਾਈ ਜਾਵੇ ਅਤੇ ਇਸ ਵਿੱਚ ਹਰ ਵਰਗ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇ, ਸਕੂਲ ਦੀ ਜ਼ਮੀਨ ਦੀ ਬੋਲੀ ਵੀ ਨਵੀਂ ਕਮੇਟੀ ਹੀ ਕਰਵਾਏ, ਪ੍ਰਾਇਮਰੀ ਤੋਂ ਲੈ ਕੇ ਸੀਨੀਅਰ ਸੈਕੰਡਰੀ ਤੱਕ ਦੇ ਸਕੂਲਾਂ ’ਚ ਸਾਫ਼-ਸੁਥਰੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਅਤੇ ਬਾਥਰੂਮਾਂ ਦੀ ਨਿਯਮਿਤ ਸਾਫ਼-ਸਫ਼ਾਈ, ਪਿੰਡ ਦੇ ਹਸਪਤਾਲ ਦੀ ਜ਼ਮੀਨ ਦੀ ਆਮਦਨ ਦਾ ਹਿਸਾਬ ਜਨਤਕ ਕਰਨ, ਹਸਪਤਾਲ ’ਚ ਡਾਕਟਰਾਂ ਤੋਂ ਲੈ ਕੇ ਹੇਠਲੇ ਪੱਧਰ ਤੱਕ ਦੀਆਂ ਖਾਲੀ ਆਸਾਮੀਆਂ ਭਰਨ, ਐਂਬੂਲੈਂਸ ਦਾ ਪ੍ਰਬੰਧ ਕਰਨ ਤੇ ਇਥੇ ਹਰ ਤਰ੍ਹਾਂ ਦੇ ਟੈਸਟ ਹਸਪਤਾਲ ਵਿੱਚ ਹੀ ਹੋਣੇ ਯਕੀਨੀ ਬਣਾਏ ਜਾਣ। ਮੱਤਾ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਲਗਾਤਾਰ ਇਨ੍ਹਾਂ ਮੰਗਾਂ ਨੂੰ ਨਜ਼ਰਅੰਦਾਜ਼ ਕਰਦਾ ਆ ਰਿਹਾ ਹੈ। ਦੇਰ ਸ਼ਾਮ ਘਟਨਾ ਸਥਾਨ ’ਤੇ ਪੁੱਜੇ ਪੁਲੀਸ ਦੀ ਸਪੈਸ਼ਲ ਬਰਾਂਚ ਫ਼ਰੀਦਕੋਟ ਦੇ ਮੁਖੀ ਇੰਸਪੈਕਟਰ ਜਗਬੀਰ ਸਿੰਘ ਅਤੇ ਨਾਇਬ ਤਹਿਸੀਲਦਾਰ ਜੈਤੋ ਹਰਪਾਲ ਸਿੰਘ ਨੇ ਭਰੋਸਾ ਦਿੱਤਾ ਕਿ ਸਕੂਲ ਦੀ ਮੌਜੂਦਾ ਪ੍ਰਬੰਧਕ ਕਮੇਟੀ ਦੀ 30 ਜਨਵਰੀ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਮੀਟਿੰਗ ਕਰਕੇ ਮਸਲੇ ਦਾ ਹੱਲ ਕੱਢਿਆ ਜਾਵੇਗਾ। ਭਰੋਸਾ ਮਿਲਣ ’ਤੇ ਮਜ਼ਦੂਰ ਆਗੂ ਗੋਰਾ ਮੱਤਾ ਅਤੇ ਬੱਚੇ ਟੈਂਕੀ ਤੋਂ ਹੇਠਾਂ ਉੱਤਰ ਆਏ।