ਜੀ-7: ਜ਼ੈਲੇਂਸਕੀ ਵੱਲੋਂ ਵਿਸ਼ਵ ਭਰ ਦੇ ਆਗੂਆਂ ਨਾਲ ਮੁਲਾਕਾਤ

ਜੀ-7: ਜ਼ੈਲੇਂਸਕੀ ਵੱਲੋਂ ਵਿਸ਼ਵ ਭਰ ਦੇ ਆਗੂਆਂ ਨਾਲ ਮੁਲਾਕਾਤ

ਹੀਰੋਸ਼ੀਮਾ: ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਕਿਹਾ ਕਿ ਰੂਸੀ ਫ਼ੌਜ ਦਾ ਬਖਮੁਤ ’ਤੇ ਕੋਈ ਕਬਜ਼ਾ ਨਹੀਂ ਹੋਇਆ ਹੈ। ਉਨ੍ਹਾਂ ਦੇ ਇਸ ਬਿਆਨ ਨਾਲ ਮਾਸਕੋ ਦੇ ਦਾਅਵਿਆਂ ’ਤੇ ਸ਼ੱਕ ਪੈਦਾ ਹੋ ਗਿਆ ਹੈ ਜਿਸ ’ਚ ਰੂਸ ਨੇ ਕਿਹਾ ਸੀ ਕਿ ਉਨ੍ਹਾਂ ਯੂਕਰੇਨੀ ਇਲਾਕੇ ਬਖਮੁਤ ’ਤੇ ਕਬਜ਼ਾ ਕਰ ਲਿਆ ਹੈ। ਜੀ-7 ਮੁਲਕਾਂ ਦੇ ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਉਚੇਚੇ ਤੌਰ ’ਤੇ ਪੁੱਜੇ ਜ਼ੈਲੇਂਸਕੀ ਤੋਂ ਜਦੋਂ ਇਕ ਪੱਤਰਕਾਰ ਨੇ ਬਖਮੁਤ ਦੀ ਸਥਿਤੀ ਬਾਰੇ ਸਵਾਲ ਪੁੱਛਿਆ ਤਾਂ ਜ਼ੈਲੇਂਸਕੀ ਨੇ ਕਿਹਾ,‘‘ਬਖਮੁਤ ’ਤੇ ਅਜੇ ਤੱਕ ਰੂਸੀ ਫੈਡਰੇਸ਼ਨ ਦਾ ਕਬਜ਼ਾ ਨਹੀਂ ਹੋਇਆ ਹੈ।’’ ਯੂਕਰੇਨੀ ਅਤੇ ਰੂਸੀ ਅਧਿਕਾਰੀਆਂ ਵੱਲੋਂ ਬਖਮੁਤ ’ਤੇ ਕਬਜ਼ੇ ਬਾਰੇ ਦਿੱਤੇ ਜਾ ਰਹੇ ਵੱਖੋ ਵੱਖਰੇ ਬਿਆਨਾਂ ਕਾਰਨ ਦੁਬਿਧਾ ਦਾ ਮਾਹੌਲ ਬਣਿਆ ਹੋਇਆ ਹੈ। ਇਸ ਤੋਂ ਪਹਿਲਾਂ ਜ਼ੈਲੇਂਸਕੀ ਵੱਲੋਂ ਬਖਮੁਤ ਦੀ ਸਥਿਤੀ ਬਾਰੇ ਇਕ ਸਵਾਲ ਦਾ ਜਵਾਬ ਅੰਗਰੇਜ਼ੀ ’ਚ ਦਿੱਤੇ ਜਾਣ ਕਾਰਨ ਭੰਬਲਭੂਸਾ ਪੈਦਾ ਹੋ ਗਿਆ ਸੀ ਅਤੇ ਕਈਆਂ ਨੇ ਇਸ ਦਾ ਤਰਜਮਾ ਇਹ ਕੀਤਾ ਕਿ ਰੂਸੀ ਫ਼ੌਜ ਨੇ ਸ਼ਹਿਰ ’ਤੇ ਕਬਜ਼ਾ ਕਰ ਲਿਆ ਹੈ। ਆਪਣੇ ਪਹਿਲਾਂ ਦੇ ਬਿਆਨ ’ਚ ਜ਼ੈਲੇਂਸਕੀ ਨੇ ਕਿਹਾ ਸੀ,‘‘ਬਖਮੁਤ ਅੱਜ ਸਿਰਫ਼ ਸਾਡੇ ਦਿਲਾਂ ’ਚ ਵਸਦਾ ਹੈ। ਉਥੇ ਹੁਣ ਕੁਝ ਵੀ ਨਹੀਂ ਬਚਿਆ ਹੈ।’’ ਉਂਜ ਉਨ੍ਹਾਂ ਇਹ ਵੀ ਕਿਹਾ ਸੀ ਕਿ ਬਖਮੁਤ ’ਚ ਬਹੁਤ ਸਾਰੇ ਰੂਸੀ ਮਾਰੇ ਗਏ ਹਨ। -