ਡਿਪੋਰਟ ਹੋਈ ਮੁਸਕਾਨ ਮੁੜ ਜਾਣਾ ਚਾਹੁੰਦੀ ਹੈ ਵਿਦੇਸ਼

ਡਿਪੋਰਟ ਹੋਈ ਮੁਸਕਾਨ ਮੁੜ ਜਾਣਾ ਚਾਹੁੰਦੀ ਹੈ ਵਿਦੇਸ਼

ਜਗਰਾਉਂ ਦੀ ਮੁਸਕਾਨ ਯੂਕੇ ਤੋਂ ਮੈਕਸਿਕੋ ਰਾਹੀਂ ਪਹੁੰਚੀ ਸੀ ਅਮਰੀਕਾ

ਜਗਰਾਉਂ,(ਪੰਜਾਬੀ ਰਾਈਟਰ)- ਸਟੱਡੀ ਵੀਜ਼ੇ ’ਤੇ ਯੂਕੇ ਗਈ ਜਗਰਾਉਂ ਦੀ ਮੁਸਕਾਨ (21) ਲਈ ਭਾਰਤ ਡਿਪੋਰਟ ਹੋਣਾ ਬਹੁਤ ਵੱਡਾ ਝਟਕਾ ਸੀ ਕਿਉਂਕਿ ਉਸ ਨੂੰ ਇਸ ਗੱਲ ਦਾ ਉਦੋਂ ਪਤਾ ਲੱਗਾ ਜਦੋਂ ਉਹ ਹਵਾਈ ਜਹਾਜ਼ ’ਚ ਅੰਮ੍ਰਿਤਸਰ ਆ ਰਹੀ ਸੀ। ਮੁਸਕਾਨ ਨੇ ਕਿਹਾ, ‘‘ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਨੂੰ ਡਿਪੋਰਟ ਕੀਤਾ ਗਿਆ ਹੈ ਕਿਉਂਕਿ ਮੇਰੇ ਕੋਲ ਯੂਕੇ ਦਾ ਦੋ ਸਾਲ ਹੋਰ ਰਹਿਣ ਦਾ ਵੀਜ਼ਾ ਹੈ।’’ ਉਸ ਨੇ ਕਿਹਾ ਉਹ ਪੜ੍ਹਾਈ ਅਤੇ ਆਪਣੇ ਪਰਿਵਾਰ ਦੀ ਮਦਦ ਕਰਨ ਲਈ ਫਿਰ ਵਿਦੇਸ਼ ਜਾਣਾ ਚਾਹੁੰਦੀ ਹੈ ਕਿਉਂਕਿ ਉਹ ਚਾਰ ਭੈਣਾਂ ਵਿੱਚੋਂ ਸਭ ਤੋਂ ਵੱਡੀ ਹੈ। ਪਹਿਲਾਂ ਤਾਂ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਝਿਜਕ ਦਿਖਾਈ ਪਰ ਬਾਅਦ ’ਚ ਮੁਸਕਾਨ ਨੇ ਆਪਣੇ ਅਮਰੀਕਾ ਪਹੁੰਚਣ ਦੀ ਦਾਸਤਾਨ ਖੁੱਲ੍ਹ ਕੇ ਬਿਆਨ ਕੀਤੀ। ਮੁਸਕਾਨ ਨੇ ਕਿਹਾ, ‘‘ਮੈਂ ਬਿਜ਼ਨੈੱਸ ਦੀ ਪੜ੍ਹਾਈ ਲਈ ਜਨਵਰੀ 2024 ’ਚ ਯੂਕੇ ਗਈ ਸੀ। ਛੁੱਟੀਆਂ ਦੌਰਾਨ ਮੈਂ ਇਸ ਸਾਲ 25 ਜਨਵਰੀ ਨੂੰ ਮੈਕਸਿਕੋ ਜਾਣ ਦਾ ਫ਼ੈਸਲਾ ਕੀਤਾ। ਉਥੋਂ ਮੈਂ ਤਿਜੂਆਨਾ ਬਾਰਡਰ ਪਾਰ ਕਰਕੇ ਅਮਰੀਕਾ ’ਚ ਦਾਖਲ ਹੋਈ। ਉਥੇ ਲਗਪਗ 50 ਜਣੇ ਸਨ ਜਿਨ੍ਹਾਂ ਵਿਚ ਕਈ ਹੋਰ ਮੁਲਕਾਂ ਦੀਆਂ ਔਰਤਾਂ ਵੀ ਸ਼ਾਮਲ ਸਨ। ਜਦੋਂ ਬਾਰਡਰ ਪਾਰ ਕੀਤਾ ਤਾਂ ਇਕ ਬੱਸ ਸਾਨੂੰ ਕੈਂਪ ’ਚ ਲੈ ਗਈ, ਜਿੱਥੇ ਅਸੀਂ 10 ਦਿਨ ਰਹੇ। ਅਮਰੀਕਾ ’ਚ ਸੁਰੱਖਿਆ ਜਵਾਨਾਂ ਨੇ ਸਾਡੇ ਮੋਬਾਈਲ ਤੇ ਬੈਗ ਲੈ ਲਏ ਅਤੇ ਅਸੀਂ ਉਹੀ ਕੱਪੜੇ ਪਹਿਨੇ ਜੋ ਉਨ੍ਹਾਂ ਵੱਲੋਂ ਸਾਨੂੰ ਦਿੱਤੇ ਗਏ ਸਨ।’’ ਅਮਰੀਕੀ ਸੁਰੱਖਿਆ ਕਰਮੀਆਂ ਦੇ ਸਲੂਕ ਨੂੰ ਵਧੀਆ ਦੱਸਦਿਆਂ ਮੁਸਕਾਨ ਨੇ ਆਖਿਆ, ‘‘ਉਹ ਬਹੁਤ ਨਿਮਰ ਸਨ। ਜਦੋਂ ਤੱਕ ਅਸੀਂ ਕੈਂਪ ਵਿੱਚ ਸੀ ਤਾਂ ਸਾਨੂੰ ਨਹੀਂ ਇਹ ਨਹੀਂ ਦੱਸਿਆ ਗਿਆ ਕਿ ਸਾਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਸਾਨੂੰ ਆਰਾਮ ਨਾਲ ਰੱਖਿਆ ਗਿਆ। ਉਨ੍ਹਾਂ ਤਿੰਨ ਜਨਵਰੀ ਨੂੰ ਸਾਨੂੰ ਰਿਹਾਅ ਕਰਨ ਲਈ ਕਿਸੇ ਹੋਰ ਬਾਰਡਰ ’ਤੇ ਲਿਜਾਣ ਦੀ ਗੱਲ ਆਖੀ। ਤਿੰਨ ਦਿਨਾਂ ਤੱਕ ਅਸੀਂ ਅਮਰੀਕੀ ਸੈਨਿਕ ਜਹਾਜ਼ ’ਚ ਸੀ। ਇਹ ਕਿਸੇ ਅਜਿਹੀ ਜਗ੍ਹਾ ਰੁਕਿਆ ਜਿਸ ਦਾ ਸਾਨੂੰ ਪਤਾ ਨਹੀਂ ਸੀ। ਹਾਲਾਂਕਿ ਅਸੀਂ ਜ਼ੰਜੀਰਾਂ ’ਚ ਜਕੜੇ ਹੋਏ ਸੀ ਪਰ ਫਿਰ ਵੀ ਸਾਨੂੰ ਆਰਾਮ ਨਾਲ ਖਾਣਾ ਖਾਣ ਦੀ ਆਗਿਆ ਸੀ। ਜਹਾਜ਼ ’ਚ ਪਤਾ ਲੱਗਾ ਕਿ ਅਸੀਂ ਅੰਮ੍ਰਿਤਸਰ ਜਾ ਰਹੇ ਹਾਂ, ਤਾਂ ਸਾਨੂੰ ਬਹੁਤ ਬੁਰਾ ਮਹਿਸੂਸ ਹੋਇਆ ਕਿਉਂਕਿ ਅਸੀਂ ਇਸ ਤਰ੍ਹਾਂ ਭਾਰਤ ਵਾਪਸੀ ਨਹੀਂ ਚਾਹੁੰਦੇ ਸੀ।’’ ਮੁਸਕਾਨ ਮੁਤਾਬਕ ਉਸ ਨੇ 25 ਜਨਵਰੀ ਤੋਂ ਬਾਅਦ ਆਪਣੇ ਪਰਿਵਾਰ ਨਾਲ ਗੱਲ ਨਹੀਂ ਕੀਤੀ ਸੀ ਅਤੇ ਪਰਿਵਾਰ ਨੂੰ ਆਸਟਰੇਲੀਆ ਰਹਿੰਦੇ ਇੱਕ ਰਿਸ਼ਤੇਦਾਰ ਤੋਂ ਉਸ ਦੇ ਡਿਪੋਰਟ ਹੋਣ ਬਾਰੇ ਪਤਾ ਲੱਗਿਆ। ਉਸ ਦੀ ਮਾਂ ਦਾ ਕਹਿਣਾ ਹੈ ਕਿ ਬੇਟੀ ਦੇ ਵਾਪਸ ਆਉਣ ’ਤੇ ਪਰਿਵਾਰ ਸਦਮੇ ਵਿੱਚ ਹੈ ਕਿਉਂਕਿ ਉਨ੍ਹਾਂ ਨੇ 45 ਲੱਖ ਰੁਪਏ ਲਗਾ ਕੇ ਉਸ ਨੂੰ ਵਿਦੇਸ਼ ਭੇਜਿਆ ਸੀ।

ਅੰਮ੍ਰਿਤਸਰ ਹਵਾਈ ਅੱਡੇ ’ਤੇ ਸੁਰੱਖਿਆ ਅਮਲੇ ਦੇ ਰੁੱਖੇ ਵਿਹਾਰ ’ਤੇ ਨਿਰਾਸ਼ਾ ਜਤਾਈ
ਮੁਸਕਾਨ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਅੰਮ੍ਰਿਤਸਰ ਉਤਰਨ ਮਗਰੋਂ ਸੁਰੱਖਿਆ ਅਮਲੇ ਦਾ ਵਿਹਾਰ ਬਹੁਤ ਰੁੱਖਾ ਸੀ ਅਤੇ ਉਹ ਉਨ੍ਹਾਂ ਨੂੰ ਅਪਰਾਧੀਆਂ ਵਾਂਗ ਦੇਖ ਰਹੇ ਸਨ। ਮੁਸਕਾਨ ਮੁਤਾਬਕ, ‘‘ਇਹੋ ਕਾਰਨ ਹੈ ਕਿ ਲੋਕ ਵਿਦੇਸ਼ ਜਾਣਾ ਚਾਹੁੰਦੇ ਹਨ। ਮੈਨੂੰ ਕਿਤੇ ਵੀ ਭੇਜ ਦਿਓ ਪਰ ਮੈਂ ਭਾਰਤ ਵਿੱਚ ਨਹੀਂ ਰਹਿਣਾ ਚਾਹੁੰਦੀ ਹਾਂ। ਮੈਨੂੰ ਯੂਕੇ ’ਚ ਕਦੇ ਵੀ ਅਸੁਰੱਖਿਅਤ ਮਹਿਸੂਸ ਨਹੀਂ ਹੋਇਆ ਅਤੇ ਅਮਰੀਕਾ ਵਿੱਚ ਹਿਰਾਸਤ ਦੌਰਾਨ ਵੀ ਕੋਈ ਪ੍ਰੇਸ਼ਾਨੀ ਨਹੀਂ ਹੋਈ।’’ ਇਸ ਦੌਰਾਨ ਡੀਸੀ ਜਿਤੇਂਦਰ ਜੋਰਵਾਲ ਨੇ ਕਿਹਾ ਕਿ ਪ੍ਰਸ਼ਾਸਨ ਉਸ ਨਾਲ ਸੰਪਰਕ ਕਰ ਰਿਹਾ ਹੈ ਤਾਂ ਜੋ ਉਸ ਲਈ ਢੁੱਕਵੀਂ ਨੌਕਰੀ ਦਾ ਪ੍ਰਬੰਧ ਕੀਤਾ ਜਾ ਸਕੇ।