ਚੀਨ ਨਾਲ ‘ਖ਼ਰਾਬ’ ਸਬੰਧਾਂ ਦਾ ਕਾਰਨ ਸਮਝੌਤਿਆਂ ਦੀ ਉਲੰਘਣਾ: ਜੈਸ਼ੰਕਰ

ਚੀਨ ਨਾਲ ‘ਖ਼ਰਾਬ’ ਸਬੰਧਾਂ ਦਾ ਕਾਰਨ ਸਮਝੌਤਿਆਂ ਦੀ ਉਲੰਘਣਾ: ਜੈਸ਼ੰਕਰ

ਸੈਂਟੋ ਡੋਮਿੰਗੋ, 30 ਅਪਰੈਲ - ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ ਕਿਸੇ ਨੂੰ ਵਿਸ਼ੇਸ਼ ਮਹੱਤਵ ਦਿੱਤੇ ਬਿਨਾਂ ਇਹ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਸਾਰੇ ਮੁਲਕਾਂ ਨਾਲ ਇਸ ਦੇ ਰਿਸ਼ਤੇ ਅੱਗੇ ਵਧਣ। ਜੈਸ਼ੰਕਰ ਨੇ ਵਿਸ਼ੇਸ਼ ਤੌਰ ’ਤੇ ਚੀਨ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਮੌਜੂਦਾ ਖ਼ਰਾਬ ਸਬੰਧਾਂ ਕਾਰਨ’ ਪੇਈਚਿੰਗ ਹਾਲੇ ਕਿਸੇ ਹੋਰ ਵਰਗ ਵਿਚ ਹੈ, ਜੋ ਕਿ ਪੇਈਚਿੰਗ ਵੱਲੋਂ ਕੀਤੀ ਸਰਹੱਦੀ ਸਮਝੌਤਿਆਂ ਦੀ ਉਲੰਘਣਾ ਦਾ ਨਤੀਜਾ ਹੈ। ਪਹਿਲੀ ਵਾਰ ਡੋਮੀਨਿਕਨ ਗਣਰਾਜ ਦੇ ਦੌਰੇ ਉਤੇ ਆਏ ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ ਆਵਾਜਾਈ ਸੰਪਰਕ ਤੇ ਤਾਲਮੇਲ ਦੇ ਪੱਖ ਤੋਂ ਖੇਤਰ ਵਿਚ ਕਾਫ਼ੀ ਵਿਸਤਾਰ ਦੇਖਿਆ ਹੈ। ਪਾਕਿਸਤਾਨ ਨਾਲ ਹਾਲਾਂਕਿ ਸਬੰਧਾਂ ਵਿਚ ਸੁਧਾਰ ਨਹੀਂ ਹੋ ਸਕਿਆ ਜਿਸ ਦਾ ਕਾਰਨ ਸਰਹੱਦ ਪਾਰੋਂ ਅਤਿਵਾਦ ਦਾ ਪਸਾਰ ਹੈ। ਜੈਸ਼ੰਕਰ ਇੱਥੇ ਕੂਟਨੀਤਕ ਕੋਰ ਨਾਲ ਸਬੰਧਤ ਵਿਅਕਤੀਆਂ ਨੂੰ ਸੰਬੋਧਨ ਕਰ ਰਹੇ ਸਨ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਵੱਲੋਂ ਅਮਰੀਕਾ, ਯੂਰੋਪ, ਰੂਸ ਤੇ ਜਪਾਨ ਸਣੇ ਹੋਰਾਂ ਦੇਸ਼ਾਂ ਨਾਲ ਸਬੰਧਾਂ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਜੈਸ਼ੰਕਰ ਨੇ ਇਸ ਮੌਕੇ ਆਲਮੀ ਪੱਧਰ ਉਤੇ ਵੱਧ ਰਹੀ ਭਾਰਤ ਦੀ ਪਹੁੰਚ ਦਾ ਵੀ ਜ਼ਿਕਰ ਕੀਤਾ। ਐਲਏਸੀ ਤੇ ਚੀਨ ਵੱਲੋਂ ਕੀਤੀ ਫ਼ੌਜ ਦੀ ਤਾਇਨਾਤੀ ਦਾ ਭਾਰਤ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਫ਼ੌਜ ਨੂੰ ਹਟਾਉਣ ਬਾਰੇ ਦੋਵਾਂ ਮੁਲਕਾਂ ਵਿਚਾਲੇ ਕਈ ਪੱਧਰਾਂ ਉਤੇ ਗੱਲਬਾਤ ਹੋ ਚੁੱਕੀ ਹੈ। ਆਪਣੇ ਭਾਸ਼ਣ ਵਿਚ ਵਿਦੇਸ਼ ਮੰਤਰੀ ਨੇ ਲਾਤੀਨੀ ਅਮਰੀਕਾ ਪ੍ਰਤੀ ਭਾਰਤ ਦੀ ਪਹੁੰਚ ਬਾਰੇ ਵੀ ਦੱਸਿਆ। ਜੈਸ਼ੰਕਰ ਨੇ ਕਿਹਾ ਕਿ ਭਾਰਤ ‘ਆਸੀਆਨ ਤੇ ਕੁਆਡ’ ਜਿਹੇ ਗੱਠਜੋੜਾਂ ਨਾਲ ਆਪਣੀ ਪਹੁੰਚ ਦਾ ਵਿਸਤਾਰ ਕਰ ਰਿਹਾ ਹੈ, ਇਹ ਹੁਣ ਸਿਰਫ਼ ਆਂਢ-ਗੁਆਂਢ ਤੱਕ ਸੀਮਤ ਨਹੀਂ ਹੈ। ਉਨ੍ਹਾਂ ਜੀ20 ਸਣੇ ਹੋਰ ਸਮੂਹਾਂ ਵੱਲੋਂ ਕੀਤੇ ਜਾ ਰਹੇ ਉੱਦਮਾਂ ਦਾ ਵੀ ਜ਼ਿਕਰ ਕੀਤਾ।