
ਗੜ੍ਹਸ਼ੰਕਰ,(ਪੰਜਾਬੀ ਰਾਈਟਰ)- ਖੇਤਰ ਦੇ ਨੀਮ ਪਹਾੜੀ ਬੀਤ ਇਲਾਕੇ ਵਿੱਚ ਸਥਿਤ ਗੁਰੂ ਰਵਿਦਾਸ ਯਾਦਗਾਰ, ਖੁਰਾਲਗੜ੍ਹ ਵੱਲ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਮਿਨੀ ਬੱਸ ਪਹਾੜੀ ਨਾਲ ਟਕਰਾਉਣ ਕਾਰਨ ਇੱਕ ਮਹਿਲਾ ਦੀ ਮੌਤ ਹੋ ਗਈ ਤੇ ਸੱਤ ਹੋਰ ਸ਼ਰਧਾਲੂ ਜ਼ਖਮੀ ਹੋ ਗਏ। ਇਹ ਘਟਨਾ ਅੱਜ ਬਾਅਦ ਦੁਪਹਿਰ ਲਗਪਗ 2 ਵਜੇ ਬੱਸ ਦੀਆਂ ਬਰੇਕਾਂ ਫੇਲ੍ਹ ਹੋਣ ਕਾਰਨ ਵਾਪਰੀ। ਬੱਸ ਵਿੱਚ ਲਗਪਗ 24 ਸ਼ਰਧਾਲੂ ਸਵਾਰ ਸਨ ਜੋ ਕਿ ਸਮਰਾਲਾ ਤੇ ਮਾਛੀਵਾੜਾ ਨਾਲ ਸਬੰਧਿਤ ਦੱਸੇ ਜਾ ਰਹੇ ਹਨ।
ਪ੍ਰਾਪਤ ਜਾਣਕਾਰੀ ਮੁਤਾਬਕ ਇੱਕ ਪ੍ਰਾਈਵੇਟ ਅਕੈਡਮੀ ਦੀ ਬੱਸ ਨੰਬਰ ਪੀਬੀ 05 ਏਐੱਚ 7496 ਜਿਸ ਨੂੰ ਅਮਨਦੀਪ ਸਿੰਘ ਨਾਂ ਦਾ ਡਰਾਈਵਰ ਚਲਾ ਰਿਹਾ ਸੀ, ਲੁਧਿਆਣਾ ਦੇ ਕਸਬਾ ਸਮਰਾਲਾ ਤੋਂ ਸ਼ਰਧਾਲੂਆਂ ਨੂੰ ਲੈ ਕੇ ਖੁਰਾਲਗੜ੍ਹ ਜਾ ਰਹੀ ਸੀ। ਉਕਤ ਧਾਰਮਿਕ ਸਥਾਨ ਤੋਂ ਕਰੀਬ ਸੌ ਮੀਟਰ ਪਿੱਛੇ ਬੱਸ ਦੀਆਂ ਬਰੇਕਾਂ ਫੇਲ੍ਹ ਹੋ ਗਈਆਂ ਤੇ ਬੇਕਾਬੂ ਬੱਸ ਪਹਾੜੀ ਨਾਲ ਟਕਰਾ ਗਈ। ਹਾਦਸੇ ’ਚ ਸੱਤ ਸ਼ਰਧਾਲੂ (ਜਿਨ੍ਹਾਂ ਵਿੱਚ ਜ਼ਿਆਦਾਤਰ ਬੱਚੇ ਅਤੇ ਔਰਤਾਂ ਸ਼ਾਮਲ ਹਨ) ਜ਼ਖਮੀ ਹੋ ਗਏ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਾਬਾ ਕੇਵਲ ਸਿੰਘ ਵੱਲੋਂ ਤੁਰੰਤ ਗੁਰੂਘਰ ਦੀ ਐਂਬੂਲੈਂਸ ਰਾਹੀਂ ਜ਼ਖਮੀਆਂ ਨੂੰ ਸਿਆਣ ਹਸਪਤਾਲ ਬਾਥੜੀ ਹਿਮਾਚਲ ਪ੍ਰਦੇਸ਼ ਅਤੇ ਸਿਵਲ ਹਸਪਤਾਲ ਗੜ੍ਹਸ਼ੰਕਰ ਪਹੁੰਚਾਇਆ ਗਿਆ। ਜ਼ਖਮੀਆਂ ਵਿੱਚੋਂ ਇੱਕ ਔਰਤ ਕਿਰਨ ਬਾਲਾ (60) ਪਤਨੀ ਪ੍ਰੀਤਮ ਸਿੰਘ ਦੀ ਮੌਤ ਹੋ ਗਈ। ਬਾਕੀ ਜ਼ਖ਼ਮੀਆਂ ਵਿੱਚੋਂ ਤਿੰਨ ਨੂੰ ਮੁੱਢਲੇ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਜਦਕਿ ਗੰਭੀਰ ਜ਼ਖ਼ਮੀਆਂ ਵਿੱਚ ਹਰਲੀਨ ਕੌਰ (12), ਸਰੋਜ ਬਾਲਾ (58), ਹਿਮਾਂਸ਼ੀ (6) ਤੇ ਮਨਵੀਰ (10) ਦਾ ਸਿਵਲ ਹਸਪਤਾਲ ਗੜ੍ਹਸ਼ੰਕਰ ’ਚ ਇਲਾਜ ਚੱਲ ਰਿਹਾ ਹੈ।