ਗੁਰਦੁਆਰਾ ਸਿੱਖ ਸੈਂਟਰ ਵਰਜ਼ੀਨੀਆਂ ’ਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ ਜੂਨ ’84 ਦੇ ਘੱਲੂਘਾਰੇ ਨੂੰ ਸਮਰਪਿਤ ਧਾਰਮਿਕ ਸਮਾਗਮ ਸਜਾਏ

ਗੁਰਦੁਆਰਾ ਸਿੱਖ ਸੈਂਟਰ ਵਰਜ਼ੀਨੀਆਂ ’ਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ ਜੂਨ ’84 ਦੇ ਘੱਲੂਘਾਰੇ ਨੂੰ ਸਮਰਪਿਤ ਧਾਰਮਿਕ ਸਮਾਗਮ ਸਜਾਏ

ਵਰਜ਼ੀਨੀਆਂ (ਪੰਜਾਬੀ ਰਾਈਟਰ)  ਸਿੱਖ ਸੈਂਟਰ ਵਰਜ਼ੀਨੀਆਂ ਦੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ ਜੂਨ ’84 ਦੇ ਘੱਲੂਘਾਰੇ ਨੂੰ ਸਮਰਪਿਤ ਧਾਰਮਿਕ ਦੀਵਾਨ ਸਜਾਏ ਗਏ ਅਤੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਖੂਨਦਾਨ ਕਰਨ ਲਈ 50 ਖੂਨਦਾਨੀ ਨੇ ਆਪਣਾ ਨਾਮ ਦਰਜ ਕਰਵਾਇਆ ਸੀ ਪਰ ਉਹਨਾਂ ਇਲਾਵਾ ਮੌਕੇ ’ਤੇ ਹੋਰ ਵੀ 25-30 ਦਾਨੀ ਸੱਜਣ ਵੀ ਖੂਨ ਦੇਣ ਲਈ ਪਹੁੰਚੇ। ਡਾਕਟਰੀ ਟੀਮ ਕੋਲ ਸਿਰਫ਼ 37 ਯੂਨਿਟ ਖੂਨ ਲੈਣ ਦਾ ਹੀ ਪ੍ਰਬੰਧ ਸੀ। ਖਾਸ ਗੱਲ ਇਹ ਸੀ ਕਿ ਹੋਰ ਸੰਗਤ ਦੇ ਨਾਲ ਅਮਰੀਕੀ ਜੰਮਪਲ ਸਿੱਖ ਨੌਜਵਾਨ ਬੱਚਿਆਂ ਜਿਨ੍ਹਾਂ ਵਿਚ ਮਨਵੀਰ ਸਿੰਘ ਤੇ ਨਵਦੀਪ ਸਿੰਘ ਦੇ ਨਾਮ ਵਿਸ਼ੇਸ਼ ਹਨ ਵਲੋਂ ਵੀ ਖੂਨਦਾਨ ਕੀਤਾ ਗਿਆ।
ਇਸ ਮੌਕੇ ਸੀਨੀਅਰ ਸਿਟੀਜ਼ਨ ਹੋਣ ਦੇ ਬਾਵਜੂਦ ਗੁਰੂਘਰ ਦੇ ਪ੍ਰਧਾਨ ਸ੍ਰ. ਬਲਵਿੰਦਰ ਸਿੰਘ ਢਿੱਲੋਂ ਦੀ ਸੁਪਤਨੀ ਸਰਦਾਰਨੀ ਪਰਮਜੀਤ ਸਿੰਘ ਕੌਰ ਢਿੱਲੋਂ ਨੇ ਵੀ ਖੂਨਦਾਨ ਕੀਤਾ। ਗੁਰੂਘਰ ਦੇ ਪ੍ਰਬੰਧਕ ਸੱਜਣਾ ਨੇ ਵੀ ਯੋਗਦਾਨ ਪਾਇਆ। ਕੈਂਪ ਵਿਚ ਖੂਨਦਾਨ ਕਰਨ ਲਈ ਸੰਗਤਾਂ ਵਿਚ ਉਤਸ਼ਾਹ ਦੇਖਿਆਂ ਹੀ ਬਣਦਾ ਸੀ।
ਇਸ ਮੌਕੇ ਸਜਾਏ ਗਏ ਧਾਰਮਿਕ ਦੀਵਾਨ ਦੌਰਾਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਸ੍ਰ. ਹਰਭਜਨ ਸਿੰਘ ਚਾਹਲ ਨੇ ਇਤਿਹਾਸ ਉੱਤੇ ਚਾਨਣਾ ਪਾਇਆ। ਸਤਪਾਲ ਸਿੰਘ ਬਰਾੜ ਨੇ ਜੂਨ 1984 ਦੇ ਘੱਲੂਘਾਰੇ ਬਾਰੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ। ਅੰਤ ਵਿਚ ਗੁਰੂਘਰ ਦੇ ਸਕੱਤਰ ਸ੍ਰ. ਦਵਿੰਦਰ ਸਿੰਘ ਵਲੋਂ ਜਿੱਥੇ ਜੂਨ 1984 ਦੇ  ਘੱਲੂਘਾਰੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਉੱਥੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਸਬੰਧੀ ਹੋ ਰਹੀ ਹਿਲਜੁਲ ਬਾਰੇ ਗੱਲ ਕਰਦਿਆਂ ਉਹਨਾਂ ਵੋਟਾਂ ਬਣਾਉਣ ਲਈ ਸੁਚੇਤ ਰਹਿਣ ਦਾ ਹੋਕਾ ਵੀ ਦਿੱਤਾ। ਇਸ ਦੌਰਾਨ ਗੁਰੂ ਕੇ ਲੰਗਰ ਦੀ ਸੇਵਾ ਸ੍ਰ. ਸੁਖਦੇਵ ਸਿੰਘ ਵਿਰਕ ਅਤੇ ਬੀਬੀ ਮਨਜੀਤ ਕੌਰ ਦੇ ਪਰਿਵਾਰ ਵਲੋਂ ਬਹੁਤ ਹੀ ਨਿਮਰਤਾ ਅਤੇ ਸ਼ਰਧਾ ਨਾਲ ਕੀਤੀ ਗਈ।